ਤਲਵਾਡ਼ਾ,30 ਜੂਨ (ਦੀਪਕ ਠਾਕੁਰ)-ਹਾਡ਼ ਮਹੀਨੇ ‘ਚ ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਪਾਵਰਕਾਮ ਵਿਭਾਗ ਵੱਲੋਂ ਲਗਾਏ ਜਾ ਰਹੇ ਬਿਜਲੀ ਕੱਟਾਂ ਕਾਰਨ ਕੰਢੀ ਦੇ ਲੋਕ ਪ੍ਰੇਸ਼ਾਨ ਹਨ। ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਨੀਮ ਪਹਾਡ਼ੀ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਕਿਲੱਤ ਪੈਦਾ ਹੋ ਗਈ ਹੈ। ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਅਣਐਲਾਨ ਬਿਜਲੀ ਕੱਟਾਂ ਅਤੇ ਪੀਣ ਵਾਲੇ ਪਾਣੀ ਦੀ ਘਾਟ ਦੇ ਮੁੱਦੇ ‘ਤੇ ਸਿਆਸਤ ਵੀ ਭਖ਼ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਤਲਵਾਡ਼ਾ ਅਧੀਨ ਆਉਂਦੇ ਚਮੂਹੀ, ਬੇਡ਼ਿੰਗ, ਪਲੀਹਰ, ਬਾਡ਼ੀ, ਬਲਾਂਬ, ਧਾਰ, ਰਜਵਾਲ, ਭੰਬੋਤਾਡ਼, ਬਰਿੰਗਲੀ, ਸਲਾਂਗਡ਼ੂ, ਸੁਖਚੈਨਪੁਰ, ਝਰੇਡ਼ਾ, ਅਮਰੋਹ, ਭੋਲ ਪਲਾਹਡ਼, ਧਰਮਪੁਰ, ਭੋਲ ਬਦਮਾਣੀਆਂ ਆਦਿ ਕਰੀਬ ਤਿੰਨ ਦਰਜਨ ਤੋਂ ਵਧ ਨੀਮ ਪਹਾਡ਼ੀ ਪਿੰਡਾਂ ‘ਚ ਪਿਛਲੇ ਇੱਕ ਹਫ਼ਤੇ ਤੋਂ ਨਲ਼ਕਿਆਂ ‘ਚ ਪਾਣੀ ਨਹੀਂ ਆਇਆ। ਲੋਕ ਅੱਤ ਦੀ ਗਰਮੀ ‘ਚ ਪਾਣੀ ਦੇ ਕੁਦਤਰੀ ਸੋਮਿਆਂ ’ਤੇ ਨਿਰਭਰ ਹਨ। ਵੋਟਾਂ ਦਾ ਸਮਾਂ ਨੇਡ਼ੇ ਹੋਣ ਕਾਰਨ ਵਿਰੋਧੀਆਂ ਨੂੰ ਬੈਠੇ ਬੈਠਾਏ ਮੁੱਦਾ ਮਿਲ ਗਿਆ ਹੈ। ਆਮ ਆਦਮੀ ਪਾਰਟੀ ਪ੍ਰਭਾਵਿਤ ਪਿੰਡਾਂ ‘ਚ ਪਾਣੀ ਦੇ ਟੈਂਕਰ ਪਿੰਡਾਂ ‘ਚ ਭੇਜ ਆਪਣੀ ਹੋਂਦ ਬਣਾੳਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਭਾਜਪਾ ਨੇ ਬਿਜਲੀ ਕੱਟਾਂ ਖ਼ਿਲਾਫ਼ ਪਹਿਲੀ ਜੁਲਾਈ ਨੂੰ ਅੱਡਾ ਬੈਰਿਅਰ ਸਥਿਤ ਪਾਵਰਕਾਮ ਦਫ਼ਤਰ ਮੂਹਰੇ ਪੰਜਾਬ ਸਰਕਾਰ ਦੇ ਅਰਥੀ ਫ਼ੂਕ ਮੁਜ਼ਾਹਰੇ ਦਾ ਐਲਾਨ ਕੀਤਾ ਹੈ। ਹਲ਼ਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਨੇ ਵੀ ਕੰਢੀ ਖ਼ੇਤਰ ‘ਚ ਅਣਐਲਾਨੇ ਬਿਜਲੀ ਕੱਟਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਪੰਜਾਬ ਕੈ ਅਮਰਿੰਦਰ ਸਿੰਘ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਸੀਨੀਅਰ ਆਈਏਐਸ ਵੇਣੂ ਪ੍ਰਸਾਦ ਨਾਲ ਗੱਲਬਾਤ ਕਰ ਸੱਮਸਿਆ ਤੋਂ ਜਾਣੂ ਕਰਵਾਇਆ ਅਤੇ ਜ਼ਲਦ ਹੀ ਹੱਲ ਕੱਢਣ ਦੀ ਗੱਲ ਕਹੀ ਹੈ।





