ਅੰਮਿ੍ਰਤਸਰ 6 ਜੁਲਾਈ (ਜਸਬੀਰ ਸਿੰਘ ਪੱਟੀ ): ਗੁਰੂ ਸਾਹਿਬਾਨਾਂ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸ੍ਰੀ ਦਰਬਾਰ ਸਾਹਿਬ ਬਾਰੇ ਭੱਦੀ ਸ਼ਬਦਾਵਲੀ ਕਰਨ ਵਾਲੇ ਸ਼ਿਵ ਸੈਨਾ ਦੇ ਪ੍ਰਧਾਨ ਸੁਧੀਰ ਸੂਰੀ ‘ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸ੍ਰੀ ਅੰਮਿ੍ਰਤਸਰ ਦੇ ਥਾਣਾ ਬੀ ਡਵੀਜ਼ਨ, ਸੁਲਤਾਨਵਿੰਡ ਰੋਡ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 295, 153 ਏ, 506, 67 ਬੀ ਧਾਰਾਵਾਂ ਤਹਿਤ ਪਰਚਾ ਦਰਜ ਕਰਵਾਇਆ ਗਿਆ ਹੈ।
ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਅਖੌਤੀ ਸ਼ਿਵ ਸੈਨਾ ਦੇ ਪ੍ਰਧਾਨ ਸੁਧੀਰ ਸੂਰੀ ਨੇ ਕੁਝ ਦਿਨ ਪਹਿਲਾਂ ਫੇਸ ਬੁੱਕ ‘ਤੇ ਆਪਣੀ ਇੱਕ ਲਾਈਵ ਵੀਡੀਓ ਪਾ ਕੇ ਗੁਰੂ ਸਾਹਿਬਾਨਾਂ ਅਤੇ ਪੁਰਾਤਨ ਸ਼ਹੀਦਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅਪਮਾਨਜਨਕ ਸ਼ਬਦਾਂ ਦੀ ਭੱਦੀ ਬਕਵਾਸ ਕੀਤੀ ਸੀ। ਸ੍ਰੀ ਦਰਬਾਰ ਸਾਹਿਬ ਤੇ ਗੁਰੂ ਕੇ ਲੰਗਰਾਂ ਨੂੰ ਵੀ ਨਿਸ਼ਾਨਾ ਬਣਾਇਆ ਤੇ ਸੰਤ ਭਿੰਡਰਾਂਵਾਲਿਆਂ ਬਾਰੇ ਬੇਹੱਦ ਭੱਦੀ ਸ਼ਬਦਾਵਲ਼ੀ ਵਰਤੀ ਜੋ ਸਿੱਖ ਕੌਮ ਲਈ ਬਰਦਾਸ਼ਤ ਯੋਗ ਨਹੀਂ ਸੀ। ਉਹਨਾਂ ਕਿਹਾ ਕਿ ਸੁਧੀਰ ਸੂਰੀ ਅਤੇ ਉਸ ਵਰਗੇ ਕੁਝ ਹੋਰ ਸ਼ਰਾਰਤੀ ਅਨਸਰਾਂ ਦੇ ਮਨ ਵਿੱਚ ਸਿੱਖ ਕੌਮ ਪ੍ਰਤੀ ਨਫ਼ਰਤ ਭਰੀ ਹੋਈ ਹੈ, ਇਹ ਲੋਕ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ, ਪੰਜਾਬ ਦਾ ਮਾਹੌਲ ਖਰਾਬ ਅਤੇ ਦੰਗੇ ਭੜਕਾਉਣ ਦੀ ਹਮੇਸ਼ਾਂ ਫਰਾਕ ਵਿੱਚ ਰਹਿੰਦੇ ਹਨ। ਉਹਨਾਂ ਕਿਹਾ ਕਿ ਸੁਧੀਰ ਸੂਰੀ ਵਰਗੇ ਲੋਕ ਸੋਸ਼ਲ ਮੀਡੀਆ ਉੱਤੇ ਚਰਚਿਤ ਰਹਿਣ ਲਈ ਅਤੇ ਸਰਕਾਰੀ ਸੁਰੱਖਿਆ ਪ੍ਰਾਪਤ ਕਰਨ ਲਈ ਅਜਿਹੀਆਂ ਘਟੀਆ ਤੇ ਵਿਵਾਦਤ ਬਿਆਨਬਾਜ਼ੀ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖ ਸਰਬੱਤ ਦਾ ਭਲਾ ਲੋਚਣ ਵਾਲੀ ਕੌਮ ਹੈ ਪਰ ਜੇ ਸਾਡੇ ਧਰਮ ‘ਤੇ ਕੋਈ ਹਮਲਾ ਕਰੇ ਤਾਂ ਅਸੀਂ ਬਰਦਾਸ਼ਤ ਵੀ ਨਹੀਂ ਕਰ ਸਕਦੇ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਹਨ। ਉਹਨਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਸੁਧੀਰ ਸੂਰੀ ਵਰਗੇ ਦਬੰਗ ਵਿਅਕਤੀ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਤਾਂ ਕਿ ਇਹ ਪੰਜਾਬ ਦੇ ਮਾਹੌਲ ਗੰਦਲਾ ਨਾ ਕਰ ਸਕੇ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ਼ਿਵ ਸੈਨਿਕਾਂ ਨੇ ਭਾਈ ਭੁਪਿੰਦਰ ਸਿੰਘ ਛੇ ਜੂਨ ਉੱਤੇ ਏਹੀ ਧਾਰਾਵਾਂ ਸਹਿਤ ਪਰਚਾ ਦਰਜਾ ਕੀਤਾ ਸੀ ਕਿਉਂਕਿ ਭਾਈ ਭੁਪਿੰਦਰ ਸਿੰਘ ਨੇ ਵੀ ਵੀਡੀਓ ਪਾ ਕੇ ਸੁਧੀਰ ਸੂਰੀ ਨੂੰ ਜਵਾਬ ਦਿੱਤੇ ਸਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਫ਼ੈਡਰੇਸ਼ਨ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਬੀਬੀ ਮਨਿੰਦਰ ਕੌਰ ਤੇ ਭਾਈ ਮਨਦੀਪ ਸਿੰਘ ਦਾ ਸਾਥ ਸਹਿਯੋਗ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ, ਭਾਈ ਜਸਕਰਨ ਸਿੰਘ, ਭਾਈ ਜਸ਼ਨਦੀਪ ਸਿੰਘ, ਭਾਈ ਮਨਜੀਤ ਸਿੰਘ ਡੱਲਾ ਆਦਿ ਹਾਜ਼ਰ ਸਨ।





