ਤਲਵਾਡ਼ਾ, 5 ਜੁਲਾਈ (ਦੀਪਕ ਠਾਕੁਰ)-ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੇ ਬਾਵਜੂਦ ਕੈਪਟਨ ਅਤੇ ਸਿੱਧੂ ਧਡ਼ੇ ਦਰਮਿਆਨ ਚੱਲ ਰਹੀ ਖਿੱਚੋਤਾਣ ਜ਼ਾਰੀ ਹੈ। ਕਾਂਗਰਸ ਪਾਰਟੀ ਦੀ ਅੰਦਰੂਨੀ ਖਾਨਾਜੰਗ ਪੋਸਟਰ ਵਾਰ ਰਾਹੀਂ ਸਡ਼ਕਾਂ ’ਤੇ ਆ ਗਈ ਹੈ। ਹਲ਼ਕਾ ਦਸੂਹਾ ‘ਚ ਸਿੱਧੂ ਸਮਰਥਕਾਂ ਵੱਲੋਂ ਲਗਾਏ ਪੋਸਟਰਾਂ ‘ਚ ਕੈਪਟਨ ਸਮੇਤ ਹਲ਼ਕਾ ਵਿਧਾਇਕ ਦੀ ਫੋਟੋ ਗਾਇਬ ਹੈ। ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸੀ ਪਾਰਟੀ ਦੀ ਸਥਾਪਿਤ ਲੀਡਰਸ਼ਿਪ ਤੋਂ ਨਿਰਾਸ਼ ਵਰਕਰਾਂ ‘ਚ ਨਵੀਂ ਰੂਹ ਫ਼ੂਕੀ ਗਈ ਹੈ। ਹਲਕਾ ਦਸੂਹਾ ਤੋਂ ਸਾਬਕਾ ਬਲਾਕ ਸਮੰਤੀ ਮੈਂਬਰ ਤੇ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਨੌਜਵਾਨ ਆਗੂ ਅਮੋਲਕ ਹੁੰਦਲ ਨੇ ਕਿਹਾ ਕਿ ਕਾਂਗਰਸ ਵਰਕਰ ਅਤੇ ਪੰਜਾਬ ਦੇ ਲੋਕ ਨਵੇਂ ਚਿਹਰੇ ਦੀ ਮੰਗ ਕਰ ਰਹੇ ਹਨ, ਨਵਜੋਤ ਸਿੱਧੂ ਲੋਕਾਂ ਦੇ ਮੁੱਦੇ ਚੁੱਕਦੇ ਹਨ ਅਤੇ ਉਹ ਪੰਜਾਬ ਦੇ ਹਿੱਤਾਂ ਦੀ ਲਡ਼ਾਈ ਲਡ਼ ਰਹੇ ਹਨ। ਇਸ ਲਈ ਵਰਕਰਾਂ ‘ਚ ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਉਤਸ਼ਾਹ ਹੈ। ਪੰਜਾਬ ਦੀ ਜਨਤਾ ਵੀ ਨਵਜੋਤ ਸਿੱਧੂ ਤੋਂ ਉਮੀਦਾਂ ਹੀ ਲਾਈ ਬੈਠੀ ਹੈ। ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਰਕਰ ਤੇ ਲੋਕ ਬਣਾਉਂਦੇ ਹਨ, ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਜਨਤਕ ਤੌਰਤੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਆਖ਼ਿਰੀ ਚੋਣ ਹੈ। ਇਸ ਵਾਰ ਕਾਂਗਰਸ ਵਰਕਰ ਪਾਰਟੀ ਤੋਂ ਨਵੇਂ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਤਵੱਕੋ ਕਰ ਰਹੇ ਹਨ। ਸ਼੍ਰੀ ਹੁੰਦਲ ਨੇ ਕਿਹਾ ਕਿ ਹਲ਼ਕਾ ਦਸੂਹਾ ਵਿੱਚ ਵੀ ਲੋਕ ਅਤੇ ਵਰਕਰ ਕਾਂਰਗਸ ਪਾਰਟੀ ਤੋਂ ਨਵੇਂ ਚਿਹਰੇ ਦੀ ਆਸ ਕਰ ਰਹੇ ਹਨ। ਹਲ਼ਕਾ ਦਸੂਹਾ ਅਤੇ ਖਾਸ ਤੌਰਤੇ ਕੰਢੀ ਵਾਸੀ ਨਾਜਾਇਜ਼ ਖਣਨ, ਸਰਕਾਰੀ ਦਫ਼ਤਰਾਂ ‘ਚ ਫ਼ੈਲੇ ਭ੍ਰਿਸ਼ਟਾਚਾਰ, ਕੰਢੀ ਦੇ ਜੰਗਲਾਂ ‘ਚ ਲੱਕਡ਼ ਤੇ ਖ਼ੈਰ ਦੇ ਕਥਿਤ ਕਟਾਨ ਤੋਂ ਦੁੱਖੀ ਹਨ। ਪਿਛਲੇ ਸਾਢੇ ਚਾਰ ਸਾਲਾਂ ‘ਚ ਕਾਂਗਰਸੀ ਵਰਕਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ, ਲੋਕ ਅਤੇ ਕਾਂਗਰਸੀ ਵਰਕਰ ਵੀ ਦਸੂਹਾ ਹਲ਼ਕਾ ਅੰਦਰ ਨਵੇਂ ਚਿਹਰੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸਿਆਸਤ ਥਾਲੀ ‘ਚ ਪਰੋਸ ਕੇ ਮਿਲਦੀ ਹੈ, ਬਹੁਤ ਘੱਟ ਅਜਿਹੇ ਆਗੂ ਲੋਕਾਂ ਦੀਆਂ ਆਸਾਂ ’ਤੇ ਖਰ੍ਹੇ ਉਤਰਦੇ ਹਨ।





