ਤਲਵਾਡ਼ਾ,25 ਜੁਲਾਈ (ਦੀਪਕ ਠਾਕੁਰ)-ਬਲਾਕ ਤਲਵਾਡ਼ਾ ਅਤੇ ਹਾਜੀਪੁਰ ‘ਚ ਚੱਲਦੀਆਂ ਕੱਥਾ ਫੈਕਟਰੀਆਂ ਦੇ ਸਬੰਧੀ ਲੋਕ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੇਣ ‘ਚ ਜ਼ਿਲ੍ਹਾ ਪ੍ਰਸ਼ਾਸਨ ਨਾਕਾਮ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਰਟੀਆਈ ਕਾਰਜ਼ਕਰਤਾ ਸੁਭਾਸ਼ ਨੱਥੂਵਾਲ ਅਤੇ ਭਾਜਪਾ ਦੇ ਸੋਸ਼ਲ ਮੀਡੀਆ ਪ੍ਰਭਾਰੀ ਲਲਿਤ ਸ਼ਰਮਾ ਨੇ ਪੰਜਾਬੀ ਟ੍ਰਿਬਿਊਨ ਨਾਲ ਕੀਤਾ। ਉਨ੍ਹਾਂ ਦੱਸਿਆ ਲੰਘੀ ਪਹਿਲੀ ਮਾਰਚ ਨੂੰ ਲੋਕ ਸੂਚਨਾ ਅਧਿਕਾਰ ਐਕਟ 2005 ਤਹਿਤ ਖ਼ੇਤਰ ‘ਚ ਚੱਲਦੀਆਂ ਕੱਥਾ ਫੈਕਟਰੀਆਂ ਸਬੰਧੀ ਜਾਣਕਾਰੀ ਲਈ ਮੰਗੀ ਸੀ। ਪ੍ਰੰਤੂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਤੈਅ ਸਮੇਂ ‘ਚ ਸੂਚਨਾ ਨਹੀਂ ਦਿੱਤੀ। ਜਿਸ ਮਗਰੋਂ ਉਨ੍ਹਾਂ 3 ਮਈ ਨੂੰ ਮੁਡ਼ ਅਪੀਲ ਕੀਤੀ, ਪਰ ਦੋ ਮਹੀਨੇ ਬੀਤ ਜਾਣ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਸੂਚਨਾ ਦੇਣ ‘ਚ ਨਾਕਾਮ ਹੈ। ਸੁਭਾਸ਼ ਨੱਥੂਵਾਲ ਨੇ ਦੱਸਿਆ ਕਿ ਪੰਜਾਬ ਭੂਮੀ ਸੁਰੱਖਿਆ ਐਕਟ 1900 ਤਹਿਤ ਬਲਾਕ ਤਲਵਾਡ਼ਾ ਦੇ ਪਿੰਡ ਅਲੇਰਾ ਅਤੇ ਬਹਿਮਾਵਾ ‘ਚ ਲੱਗੀਆਂ ਕੱਥਾ ਫੈਕਟਰੀਆਂ ਪੂਰਨ ਤੌਰਤੇ ਨਾਜਾਇਜ਼ ਹਨ। ਕੰਢੀ ਦੇ ਸਰਕਾਰੀ ਤੇ ਗੈਰ ਸਰਕਾਰੀ ਜੰਗਲਾਂ ‘ਚੋਂ ਹੋ ਰਿਹਾ ਖ਼ੈਰ ਦਾ ਨਾਜਾਇਜ਼ ਕਟਾਨ ਇਨ੍ਹਾਂ ਹੀ ਫੈਕਟਰੀਆਂ ਵਿੱਚ ਜਾ ਰਿਹਾ ਹੈ। ਫੈਕਟਰੀ ਮਾਲਕਾਂ ਨੂੰ ਸੱਤਾਧਾਰੀ ਧਿਰ ਦਾ ਆਸ਼ਿਰਵਾਦ ਪ੍ਰਾਪਤ ਹੋਣ ਕਾਰਨ ਸਥਾਨਕ ਜੰਗਲਾਤ ਵਿਭਾਗ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਗੱਲਬਾਤ ਕਰਨੀ ਚਾਹੀ, ਪਰ ਉਨ੍ਹਾਂ ਫੋਨ ਨਹੀਂ ਉਠਾਇਆ। ਜਦਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਫ਼ਤਰ ਦੀ ਮਹਿਲਾ ਕਲਰਕ ਸਵਿਤਾ ਨੇ ਪਹਿਲਾਂ ਤਾਂ ਹਡ਼ਤਾਲ ’ਤੇ ਹੋਣ ਦਾ ਹਵਾਲਾ ਦਿੱਤਾ।





