*ਪੌਗ ਡੈਮ ’ਤੇ ਹਾਦਸਾ ਟਲਿਆ, ਪਾਈਪ ‘ਚ ਲੀਕੇਜ਼ ਹੋਣ ਕਾਰਨ ਪਾਵਰ ਹਾਊਸ ਵਿੱਚ ਪਾਣੀ ਵਡ਼ਿਆ*

पंजाब
Spread the love

ਤਲਵਾਡ਼ਾ,29 ਜੁਲਾਈ( ਦੀਪਕ ਠਾਕੁਰ)-ਇੱਥੇ ਸਥਿਤ ਪੌਂਗ ਡੈਮ ਵਿਖੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ । ਬੀਤੇ ਦਿਨ ਬਾਅਦ ਦੁਪਹਿਰ ਪੌਂਗ ਡੈਮ ਦੀ ਝੀਲ ‘ਚੋਂ ਪਾਵਰ ਹਾਊਸ ਨੂੰ ਪਾਣੀ ਲੈ ਕੇ ਜਾਣ ਵਾਲੀ ਪਾਈਪ ਲੀਕ ਹੋ ਗਈ, ਅਤੇ ਪਾਵਰ ਹਾਊਸ ‘ਚ 5 ਤੋਂ 7 ਫੁੱਟ ਪਾਣੀ ਭਰ ਗਿਆ। ਘਟਨਾਂ ਦਾ ਪਤਾ ਉਦੋਂ ਚੱਲਿਆ ਜਦੋਂ ਬੀਬੀਅਮੈਬੀ ਦਾ ਮੁਲਾਜ਼ਮ ਲਖਵਿੰਦਰ ਸਿੰਘ ਲੀਕੇਜ਼ ਕਾਰਨ ਅਚਾਨਕ ਆਏ ਪਾਣੀ ਕਾਰਨ ਪਾਵਰ ਹਾਊਸ ‘ਚ ਡੱੁਬਣ ਤੋਂ ਬਚ ਗਿਆ। ਘਟਨਾਂ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਬੀਬੀਐਮਬੀ ਚੇਅਰਮੈਨ ਨੇ ਘਟਨਾਂ ਦੀ ਜਾਣਕਾਰੀ ਮਿਲਣ ਉਪਰੰਤ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਅੱਜ ਬੀਬੀਐਮਬੀ ਚੰਡੀਗਡ਼੍ਹ ਤੋਂ ਮੈਂਬਰ ਪਾਵਰ ਹਰਮਿੰਦਰ ਸਿੰਘ ਚੁਗ, ਸਕੱਤਰ ਤਰੁਣ ਅਗਰਵਾਲ ਤੇ ਚੀਫ਼ ਇੰਜੀਨੀਅਰ ਜੇਨਰੇਸ਼ਨ ਰਾਹੁਲ ਮੋਦੀ ਦੀ ਅਗਵਾਈ ਵਾਲੀ ਤਿੰਨ ਮੈਂਬਰੀਂ ਜਾਂਚ ਕਮੇਟੀ ਨੇ ਪੌਂਗ ਡੈਮ ਦਾ ਦੌਰ੍ਹਾ ਕਰ ਘਟਨਾਂ ਦਾ ਜਾਇਜ਼ਾ ਲਿਆ। ਘਟਨਾਂ ਤੋਂ ਬਾਅਦ ਬੀਬੀਐਮਬੀ ਪ੍ਰਸ਼ਾਸਨ ਨੇ ਪਾਵਰ ਹਾਊਸ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਾਵਰ ਹਾਊਸ ਦੇ 6 ਯੂਨਿਟ ਰੋਜ਼ਾਨਾ 396 ਮੈਗਾਵਾਟ ਯੂਨਿਟ ਬਿਜਲੀ ਦਾ ਉਤਪਾਦਨ ਕਰਦੇ ਹਨ।
ਤਿੰਨ ਮੈਂਬਰੀ ਜਾਂਚ ਕਮੇਟੀ ਦੇ ਹਰਮਿੰਦਰ ਸਿੰਘ ਚੁਗ ਨੇ ਦੱਸਿਆ ਕਿ ਪਾਵਰ ਹਾਊਸ ਅੰਦਰ ਵਡ਼ਿਆ ਪਾਣੀ ਬਾਹਰ ਕੱਢ ਦਿੱਤਾ ਗਿਆ ਹੈ। ਅੱਜ ਸ਼ਾਮ ਤੱਕ ਚਾਰ ਨੰਬਰ ਯੂਨਿਟ ਨੂੰ ਛੱਡ ਕੇ ਬਾਕੀ ਦੀਆਂ ਯੂਨਿਟਾਂ ਚਾਲੂ ਹੋਣ ਨਾਲ 333 ਮੈਗਾਵਾਟ ਯੂਨਿਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਲੀਕੇਜ਼ ਦਾ ਸਮਾਂ ਰਹਿੰਦਿਆਂ ਪਤਾ ਚੱਲਣ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸ਼ੁਰੂਆਤੀ ਜਾਂਚ ਵਿੱਚ ਪਾਈਪ ‘ਚ ਲੀਕੇਜ਼ ਪਾਣੀ ਦੇ ਦਬਾਅ ਵਧਣ ਕਾਰਨ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ, ਹਾਲਾਂਕਿ ਜਾਂਚ ਚੱਲ ਰਹੀ ਹੈ, ਜਰੂਰਤ ਪਈ ਤਾਂ ਭਾਰਤ ਹੈਵੀ ਇਲੈਕਟਰੀਕਲਸ ਲਿਮਟਿਡ (ਭੇਲ) ਦੀ ਸਹਾਇਤਾ ਲਈ ਜਾਵੇਗੀ।
ਸ਼੍ਰੀ ਚੁਗ ਨੇ ਡੈਮਾਂ ’ਤੇ ਮੁਲਾਜ਼ਮਾਂ ਦੀ ਘਾਟ ਨੂੰ ਵੱਡੀ ਸੱਮਸਿਆ ਦੱਸਿਆ, ਬੀਬੀਐਮਬੀ ਆਪਣੇ ਮੁਲਾਜ਼ਮਾਂ ਦੀ ਭਰਤੀ ਲਈ ਹਿੱਸੇਦਾਰ ਰਾਜਾਂ ’ਤੇ ਨਿਰਭਰ ਹੈ। ਪਰ ਬੋਰਡ ਵੱਲੋਂ ਸਬੰਧਤ ਰਾਜਾਂ ਨੂੰ ਵਾਰ ਵਾਰ ਆਪਣੇ ਹਿੱਸੇ ਦਾ ਸਟਾਫ਼ ਭੇਜਣ ਲਈ ਕਹਿਣ ਦੇ ਬਾਵਜੂਦ ਸਹਿਯੋਗ ਨਹੀਂ ਮਿਲ ਰਿਹਾ ਹੈ।

*ਇਸ ਮੁਲਾਜ਼ਮ ਦੀ ਮੁਸਤੈਦੀ ਦੇ ਚੱਲਦਿਆਂ ਪੌਂਗ ਡੈਮ ’ਤੇ ਵੱਡਾ ਹਾਦਸਾ ਹੋਣ ਤੋਂ ਟਲਿਆ*

ਉਧਰ ਪੰਜਾਬ ਸਟੇਟ ਕਰਮਚਾਰੀ ਯੂਨੀਅਨ ਮਾਨਤਾ ਪ੍ਰਾਪਤ ਦੇ ਪ੍ਰਧਾਨ ਵਿਜੈ ਠਾਕੁਰ ਨੇ ਕਿਹਾ ਕਿ ਮੁਲਾਜ਼ਮ ਲਖਵਿੰਦਰ ਸਿੰਘ ਦੀ ਮੁਸਤੈਦੀ ਦੇ ਚੱਲਦਿਆਂ ਪੌਂਗ ਡੈਮ ’ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਉਨ੍ਹਾਂ ਇਸ ਹਾਦਸੇ ਲਈ ਬੀਬੀਐਮਬੀ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ ਹੈ। ਬੀਬੀਐਮਬੀ ਅਧੀਨ ਸਮੂਹ ਡੈਮਾਂ ’ਤੇ ਮੁਲਾਜ਼ਮਾਂ ਦੀ ਵੱਡੇ ਪੱਧਰ ’ਤੇ ਘਾਟ ਹੈ, ਪੌਂਗ ਡੈਮ ’ਤੇ ਹੀ ਪਾਵਰ ਹਾਊਸ ‘ਚ ਮਨਜ਼ੂਰ ਸ਼ੁਦਾ ਪੰਜ ਸੌ ਦੇ ਕਰੀਬ ਮੁਲਾਜ਼ਮਾਂ ਦੀ ਜਗ੍ਹਾ ਸੌ ਮੁਲਾਜ਼ਮ ਸੇਵਾ ਨਿਭਾ ਰਹੇ ਹਨ, ਉਨ੍ਹਾਂ ਦੱਸਿਆ ਪਾਵਰ ਹਾਊਸ ‘ਤੇ ਇੱਕ ਵੀ ਜੂਨੀਅਰ ਇੰਜੀਨੀਅਰ ਨਹੀਂ ਹੈ, ਸਾਰੀਆਂ ਪੋਸਟਾਂ ਖਾਲੀ ਪਈਆਂ ਹਨ। ਪ੍ਰਬੰਧਕ ਬੋਰਡ ਵੱਲੋਂ ਖਾਲੀ ਅਸਾਮੀਆਂ ਨੂੰ ਭਰਨ ਲਈ ਕੋਈ ਪਹਿਲ ਕਦਮੀਂ ਨਹੀਂ ਕੀਤੀ ਜਾ ਰਹੀ , ਨਾ ਹੀ ਰਿਪੇਅਰ, ਸਮਾਨ ਆਦਿ ਦੀ ਖਰੀਦੋ ਫਰੋਖ਼ਤ ਲਈ ਸਮੇਂ ’ਤੇ ਲੋਡ਼ੀਂਦੇ ਫੰਡ ਜ਼ਾਰੀ ਕੀਤੇ ਜਾ ਰਹੇ ਹਨ। ਪ੍ਰਧਾਨ ਵਿਜੈ ਠਾਕੁਰ ਨੇ ਮੁਲਾਜ਼ਮ ਲਖਵਿੰਦਰ ਸਿੰਘ ਨੂੰ ਉਚਿੱਤ ਇਨਾਮ ਦੇ ਕੇ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ, ਜਿਸਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਉਧਰ ਬੀਤੇ ਦਿਨ ਪਏ ਮੋਹਲੇਦਾਰ ਮੀਂਹ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ‘ਚ ਪਾਣੀ ਦਾ ਪੱਧਰ 1321 ਫੁੱਟ ਪਹੁੰਚ ਗਿਆ ਹੈ। ਡੈਮ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਝੀਲ ‘ਚ ਪਾਣੀ ਦੀ ਆਮਦ 43 ਹਜ਼ਾਰ ਕਿਊਸਕ ਹੈ। ਦੱਸਣਯੋਗ ਹੈ ਕਿ ਪੌਂਗ ਡੈਮ ਦੀ ਕੁੱਲ ਸਮਰੱਥਾ 1390 ਫੁੱਟ ਦੇ ਕਰੀਬ ਹੈ।

Leave a Reply

Your email address will not be published. Required fields are marked *