ਤਲਵਾਡ਼ਾ,29 ਜੁਲਾਈ (ਦੀਪਕ ਠਾਕੁਰ)-ਇੱਥੇ ਕਸਬਾ ਦਾਤਾਰਪੁਰ ਅਧੀਨ ਆਉਂਦੇ ਪਿੰਡ ਦੇਪੁਰ ‘ਚ ਰਾਜਪੂਤ ਸਭਾ ਵੱਲੋਂ ਪੰਚਾਇਤੀ ਜ਼ਮੀਨ ’ਤੇ ਜ਼ਬਰੀ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਰਪੰਚ ਨੇ ਕੰਮ ਰੁਕਵਾਇਆ, ਰਾਜਪੂਤ ਸਭਾ ਨੂੰ ਕਾਗਜ਼ ਪੇਸ਼ ਕਰਨ ਲਈ ਨੋਟਿਸ ਜ਼ਾਰੀ ਕੀਤਾ ਹੈ।
ਗ੍ਰਾਮ ਪੰਚਾਇਤ ਦੇਪੁਰ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਸਥਾਨਕ ਰਾਜਪੂਤ ਸਭਾ ਵੱਲੋਂ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਜ਼ਬਰੀ ਕਬਜ਼ਾ ਕਰ ਦੁਕਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਮੀਡੀਆ ਦੀ ਮੌਜ਼ੂਦਗੀ ‘ਚ ਬੰਦ ਕਰਵਾਇਆ ਅਤੇ ਸਭਾ ਮੈਂਬਰਾਂ ਨੂੰ ਜ਼ਮੀਨ ਨਾਲ ਸਬੰਧਤ ਕਾਗਜ਼ ਪੇਸ਼ ਕਰਨ ਲਈ ਕਿਹਾ ਹੈ। ਸਰਪੰਚ ਨੇ ਦੱਸਿਆ ਕਿ ਮਾਲ ਮਹਿਕਮੇ ਦੇ ਰਿਕਾਡਰ ਅਨੁਸਾਰ ਕਾਗਜਾਂ ‘ਚ ਇਹ ਜ਼ਮੀਨ ਪੰਚਾਇਤ ਦੇ ਨਾਂ ਬੋਲਦੀ ਹੈ,ਜਿਸ ਦਾ ਖਸਰਾ ਨੰਬਰ 271 ਕੁੱਲ ਰੱਕਬਾ 3 ਕਨਾਲ 5 ਮਰਲੇ ਹੈ। ਉਨ੍ਹਾਂ ਦੱਸਿਆ ਕਿ ਰਾਜਪੂਤ ਸਭਾ ਨੇ ਪਹਿਲਾਂ ਵੀ ਜਦੋਂ ਦੁਕਾਨ ਦੀ ਉਸਾਰੀ ਕਰਨ ਦੀ ਕੋਸ਼ਿਸ਼ ਸੀ, ਤਾਂ ਪੰਚਾਇਤ ਨੇ ਉਦੋਂ ਵੀ ਸਭਾ ਨੂੰ ਨੋਟਿਸ ਜ਼ਾਰੀ ਕਰ ਕੰਮ ਰੁਕਵਾ ਦਿੱਤਾ ਸੀ, ਪਰ ਕੁੱਝ ਰਸੂਖ਼ਦਾਰ ਸਭਾ ਮੈਂਬਰਾਂ ਨੇ ਲੰਘੇ ਕੱਲ੍ਹ ਫ਼ਿਰ ਕੰਮ ਸ਼ੁਰੂ ਕਰ ਦਿੱਤਾ, ਜੋ ਕਿ ਪੰਚਾਇਤ ਨੇ ਮੁਡ਼ ਬੰਦ ਕਰਵਾ ਦਿੱਤਾ ਹੈ। ਘਟਨਾਂ ਦੀ ਸਾਰੀ ਜਾਣਕਾਰੀ ਬੀਡੀਪੀਓ ਦਫ਼ਤਰ ਤਲਵਾਡ਼ਾ ਨੂੰ ਦੇ ਦਿੱਤੀ ਹੈ।
ਉਧਰ ਰਾਜਪੂਤ ਸਭਾ ਦੇ ਪ੍ਰਧਾਨ ਕੇਵਲ ਸਿੰਘ ਨੇ ਕਿਹਾ ਕਿ ਉਕਤ ਜ਼ਮੀਨ ਦੀ ਕਿਸਮ ਲਾਲ ਲਕੀਰ ਹੋਣ ਦਾ ਦਾਅਵਾ ਕੀਤਾ। ਜੋ ਕਿ ਰਾਜਪੂਤ ਸਭਾ ਨੇ ਸਾਲ 2015-16 ‘ਚ ਡਾ.ਹਰੀ ਰਾਮ ਸਕੂਲ ਦੀ ਪ੍ਰਬੰਧਕ ਕਮੇਟੀ ਤੋਂ ਖਰੀਦੀ ਸੀ। ਉਨ੍ਹਾਂ ਇੱਕ ਦੋ ਦਿਨਾਂ ‘ਚ ਪੰਚਾਇਤ ਨੂੰ ਉਕਤ ਜ਼ਮੀਨ ਦੇ ਦਸਤਾਵੇਜ ਪੇਸ਼ ਕਰਨ ਦੀ ਗੱਲ ਆਖੀ ਹੈ।