ਤਲਵਾਡ਼ਾ,17 ਅਗਸਤ (ਦੀਪਕ ਠਾਕੁਰ)-ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਨੇ 24 ਤਾਰੀਕ ਦੀ ਮੁਹਾਲੀ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲ਼ੀ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਜਾਣਕਾਰੀ ਜੱਥੇਬੰਦੀ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਪਸਸਫ਼ ਪ੍ਰਧਾਨ ਸਤੀਸ਼ ਰਾਣਾ ਅਤੇ ਏਟਕ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਦਿੱਤੀ। ਅੱਜ ਜੱਥੇਬੰਦੀ ਦੇ ਵਫ਼ਦ ਦੀ ਸਿਹਤ ਮੰਤਰੀ ਪੰਜਾਬ ਨਾਲ ਉਨ੍ਹਾਂ ਦੀ ਚੰਡੀਗਡ਼੍ਹ ਸਥਿਤ ਰਿਹਾਇਸ਼ ’ਤੇ ਮੀਟਿੰਗ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਜਨ ਸਕੱਤਰ ਲਖਵਿੰਦਰ ਕੌਰ, ਪਸਸਫ਼ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਏਟਕ ਆਗੂ ਨਿਰਮਲ ਸਿੰਘ ਧਾਲੀਵਾਲ ਸ਼ਾਮਲ ਸਨ। ਆਗੂਆਂ ਨੇ ਦੱਸਿਆ ਕਿ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੇ ਸੰਘਰਸ਼ ਦੇ ਦਬਾਅ ਸਦਕਾ ਹੋਈ ਮੀਟਿੰਗ ‘ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਕਾਲ ਦੌਰਾਨ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਮਿਲ ਰਹੇ ਸਪੈਸ਼ਲ ਮਾਣ ਭੱਤੇ ਦੀ ਅਦਾਇਗੀ ਲਗਾਤਾਰ ਜ਼ਾਰੀ ਰੱਖਣ, ਕੋਰੋਨਾ ਤੋਂ ਬਾਅਦ ਵੀ ਇੰਨਸੈਟਟਿਵਾਂ ਤੋਂ ਇਲਾਵਾ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਹਰ ਮਹੀਨੇ 25 ਸੌ ਰੁਪਏ ਮਿਲਦਾ ਰਹਿਣ ਦਾ ਐਲਾਨ ਕੀਤਾ। ਸਿਹਤ ਮੰਤਰੀ ਨੇ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ’ਤੇ ਘੱਟੋ ਘੱਟ ਉਜਰਤ ਦੇ ਘੇਰੇ ਅੰਦਰ ਲਿਆਉਣ, ਇੰਨਸੈਨਟਿਵਾਂ ‘ਚ ਵਾਧਾ ਕਰਨ, ਵਰਦੀਆਂ ਦਾ ਬਜ਼ਟ ਜਲਦ ਭੇਜਣ ਸਬੰਧੀ ਆਦਿ ਮੱੁਦਿਆਂ ’ਤੇ ਵੀ ਸਹਿਮਤੀ ਦਿੱਤੀ। ਆਸ਼ਾ ਵਰਕਰਾਂ ਦੇ ਇੰਨਸੈਨਟਿਵਾਂ ਸਬੰਧੀ ਕੇਂਦਰ ਸਰਕਾਰ ਨੂੰ ਲਿਖਣ ਦਾ ਵੀ ਵਾਅਦਾ ਕੀਤਾ। ਆਸ਼ਾ ਵਰਰਕਜ਼ ਤੇ ਫੈਸਿਲੀਟੇਟਰ ਯੂਨੀਅਨ,ਪੰਜਾਬ ਨੇ ਸਿਹਤ ਮੰਤਰੀ ਵੱਲੋਂ ਮੀਟਿੰਗ ਲਈ ਸਮਾਂ ਦੇਣ ਅਤੇ ਮੀਟਿੰਗ ‘ਚ ਮੰਗਾਂ ਦੀ ਅੰਸ਼ਿਕ ਪ੍ਰਾਪਤੀ ਨੂੰ ਦੇਖਦਿਆਂ 24 ਅਗਸਤ ਨੂੰ ਮੁਹਾਲੀ ਦੀ ਸੂਬਾ ਪੱਧਰੀ ਰੈਲ਼ੀ ਨੂੰ ਮੁਲਤਵੀ ਕਰ ਦਿੱਤਾ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਨੀਆਂ ਮੰਗਾਂ ਦਾ ਨੋਟੀਫਿਕੇਸ਼ਨ ਜ਼ਲਦ ਨਾ ਕੱਢਿਆ ਅਤੇ ਬਾਕੀ ਮੰਗਾਂ ਦਾ ਹੱਲ ਨਾ ਕੀਤਾ, ਤਾਂ ਸਿਹਤ ਮੰਤਰੀ ਵਿਰੁੱਧ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਮੀਟਿੰਗ ‘ਚ ਐਨ ਐਚ ਐਮ ਦੇ ਡਾਇਰੈਕਟਰ ਡਾ ਅਰੀਤ, ਐਮਡੀ ਕੁਮਾਰ ਰਾਹੁਲ, ਆਸ਼ਾ ਵਰਕਰਜ਼ ਪੰਜਾਬ ਦੀ ਇੰਚਾਰਜ ਮੋਨਿਕਾ ਬੱਬਰ ਹਾਜ਼ਰ ਸਨ।





