*ਰੇਲਵੇ ਵਿਭਾਗ ਨੇ ਤਲਵਾਡ਼ਾ ਮੁਕੇਰੀਆਂ ਰੇਲ ਲਿੰਕ ਨੂੰ ਦਿੱਤੀ ਹਰੀ ਝੰਡੀ*

पंजाब
Spread the love

ਤਲਵਾਡ਼ਾ,18 ਅਗਸਤ (ਦੀਪਕ ਠਾਕੁਰ)-ਕਰੀਬ ਸਾਢੇ ਤਿੰਨ ਦਹਾਕੇ ਮਗਰੋਂ ਤਲਵਾਡ਼ਾ -ਮੁਕੇਰੀਆਂ ਵਿਚਾਲੇ ਰੇਲ ਮੁਡ਼ ਦੌਡ਼ੇਗੀ। ਉਤੱਰੀ ਰੇਲਵੇ ਨੇ ਲਾਈਨ ਵਿਛਾਉਣ ਲਈ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਸ ਰੇਲ ਲਿੰਕ ਲਈ 411 ਕਰੋਡ਼ ਰੁਪਏ ਜ਼ਾਰੀ ਕੀਤੇ ਹਨ। ਇਹ ਜਾਣਕਾਰੀ ਉਤੱਰੀ ਰੇਲਵੇ ਸੀਨੀਅਰ ਸੈਕਸ਼ਨ ਇੰਜੀਨਿਅਰ ਕੰਮ ਤੇ ਨਿਰਮਾਣ ਅਧਿਕਾਰੀ ਸੰਦੀਪ ਕੁਮਾਰ ਨੇ ਸਾਂਝੀ ਕਰਦਿਆਂ ਦੱਸਿਆ ਕਿ ਮੁਕੇਰੀਆਂ ਤੋਂ ਤਲਵਾਡ਼ਾ ਤੱਕ ਰੇਲਵੇ ਵਿਭਾਗ ਨੇ ਲਾਈਨ ਵਿਛਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਟਰੈਕ ’ਤੇ ਪੌਂਗ ਡੈਮ ਬਣਾਉਣ ਵੇਲ਼ੇ ਪਹਿਲਾਂ ਹੀ ਟਰੈਕ ਬਣਿਆ ਹੋਇਆ ਸੀ, ਇਸ ਲਈ ਵਿਭਾਗ ਨੂੰ ਜ਼ਮੀਨ ਅਕੁਆਇਰ ਕਰਨ ਦੀ ਜ਼ਰੂਰਤ ਨਹੀਂ ਹੈ। ਵਿਭਾਗ ਨੇ 30 ਮਹੀਨਿਆਂ ਦੇ ਰਿਕਾਰਡ ਸਮੇਂ ਅੰਦਰ ਉਕਤ ਟਰੈਕ ਨੂੰ ਮੁਕੰਮਲ ਕਰਨ ਦੀ ਸਮੇਂ ਸੀਮਾ ਤੈਅ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਤੋਂ ਤਲਵਾਡ਼ਾ ਤੱਕ ਪਹਿਲਾਂ ਬਣੇ ਟਰੈਕ ਦੀ ਸਾਫ਼ ਸਫਾਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਰੇਲਵੇ ਵਿਭਾਗ ਵੱਲੋਂ ਪਹਿਲਾਂ ਬਣੇ ਕਿਸੇ ਵੀ ਪੱੁਲ ਨੂੰ ਵਰਤੋਂ ‘ਚ ਨਹੀਂ ਲਿਆਂਦਾ ਜਾਵੇਗਾ, ਟਰੈਫਿਕ ਦੇ ਮੱਦੇਨਜ਼ਰ ਲੋਡ਼ ਅਨੁਸਾਰ ਟਰੈਕ ਤੇ ਸਡ਼ਕ ਦੀ ਕਰਾਸਿੰਗ ’ਤੇ ਪੁੱਲ ਉਸਾਰੇ ਜਾਣਗੇ। ਕਰੀਬ 28 ਕਿਲੋਮੀਟਰ ਲੰਮੇ ਰੇਲਵੇ ਟਰੈਕ ’ਤੇ ਮੁਕੇਰੀਆਂ ਤੋਂ ਇਲਾਵਾ ਪਟਿਆਲ, ਹਾਜੀਪੁਰ ਅਤੇ ਤਲਵਾਡ਼ਾ ਤਿੰਨ ਹੋਰ ਰੇਲਵੇ ਸਟੇਸ਼ਨ ਬਣਾਏ ਜਾਣੇ ਹਨ। ਤਲਵਾਡ਼ਾ ਤੋਂ ਹਿਮਾਚਲ ਪ੍ਰਦੇਸ਼ ਦੇ ਕਸਬਾ ਦੌਲਤਪੁਰ ਤੱਕ ਰੇਲ ਲਿੰਕ ਲਈ ਜ਼ਮੀਨ ਐਕੁਆਇਰ ਦਾ ਕੰਮ ਵੀ ਨਾਲ ਹੀ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਪੌਂਗ ਡੈਮ ਦੇ ਨਿਰਮਾਣ ਵਕਤ ਭਾਰੀ ਮਸ਼ੀਨਰੀ ਦੀ ਆਵਾਜਾਈ ਲਈ ਮੁਕੇਰੀਆਂ ਤੋਂ ਹਿਮਾਚਲ ਪ੍ਰਦੇਸ਼ ਦੇ ਪਿੰਡ ਗਮਰੂਰ ਤਹਿਸੀਲ ਜਸਵਾਂ ਜ਼ਿਲ੍ਹਾ ਕਾਂਗਡ਼ਾ ਵਾਇਆ ਤਲਵਾਡ਼ਾ ਤੱਕ ਰੇਲਵੇ ਦੀ ਲਾਈਨ ਵਿਛਾਈ ਗਈ ਸੀ। ਪੌਂਗ ਡੈਮ ਦਾ ਕੰਮ ਮੁਕੰਮਲ ਹੋਣ ਉਪਰੰਤ ਮੁਕੇਰੀਆਂ ਤੋਂ ਤਲਵਾਡ਼ਾ ਵਿਚਾਲੇ ਰੇਲਵੇ ਦੀਆਂ ਗਤੀਵਿਧੀਆਂ ਬੰਦ ਹੋ ਗਈਆਂ, ਪਰ ਤਲਵਾਡ਼ਾ ਤੋਂ ਗਮਰੂਰ ਤੱਕ 1994 ਦੇ ਕਰੀਬ ਬੀਬੀਐਮਬੀ ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਮੁਲਾਜ਼ਮਾਂ ਨੂੰ ਲਿਆਉਣ ਅਤੇ ਛੱਡਣ ਲਈ ਰੇਲ ਚਾਲੂ ਰੱਖੀ ਸੀ। ਸਾਲ 2000 ਦੇ ਕਰੀਬ ਰੇਲਵੇ ਵਿਭਾਗ ਨੇ ਮੁਕੇਰੀਆਂ ਤੋਂ ਗਮਰੂਰ ਰੇਲ ਲਾਈਨ ਪੁੱਟ ਲਈ ਸੀ। ਜੇਕਰ ਰੇਲਵੇ ਵਿਭਾਗ ਤੈਅ ਸਮੇਂ ਸੀਮਾ ‘ਚ ਉਕਤ ਪ੍ਰਾਜੈਕਟ ਮੁਕੰਮਲ ਕਰ ਲੈਂਦਾ ਹੈ, ਤਾਂ ਕਰੀਬ ਸਾਢੇ ਤਿੰਨ ਦਹਾਕਿਆਂ ਬਾਅਦ ਤਲਵਾਡ਼ਾ ‘ਚ ਮੁਡ਼ ਰੇਲ ਦੌਡ਼ੇਗੀ

Leave a Reply

Your email address will not be published. Required fields are marked *