ਤਲਵਾਡ਼ਾ,31 ਅਗਸਤ (ਦੀਪਕ ਠਾਕੁਰ)-ਬਲਾਕ ਹਾਜੀਪੁਰ ਦੇ ਪਿੰਡਾਂ ‘ਚੋਂ ਹਿਮਾਚਲ ਪ੍ਰਦੇਸ਼ ਤੋਂ ਆਉਂਦੀਆਂ ਮਾਈਨਿੰਗ ਮਟੀਰਿਅਲ ਨਾਲ ਲੱਦੀਆਂ ਗੱਡੀਆਂ ਤੋਂ ਪਿੰਡ ਵਾਸੀ ਡਾਹਢੇ ਔਖੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਪਿੰਡ ਸਡ਼ੋਆ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਕਾਗਜਾਂ ‘ਚ ਬਰਸਾਤ ਦੇ ਮੌਸਮ ਵਿਚ ਮਾਈਨਿੰਗ ਕਾਰੋਬਾਰ ਬੰਦ ਹੈ, ਪਰ ਬਾਵਜੂਦ ਇਸਦੇ ਪਿੰਡ ਭਵਨਾਲ ਰਸਤਿਓਂ ਹਾਜੀਪੁਰ ਦੇ ਵੱਖ ਵੱਖ ਪਿੰਡਾਂ ‘ਚੋਂ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਲੰਘਦੀ ਭਾਰੀ ਟਰੈਫਿਕ ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਮੂੰਹ ਚਿਡ਼੍ਹਾ ਰਹੀ ਹੈ। ਸ਼ਹਿਰਕੋਵਾਲ, ਅਰਥੇਵਾਲ, ਸਡ਼ੋਆ, ਘੁੱਲੂਵਾਲ, ਵਰ੍ਹਿਆਹਾਂ, ਪਟਿਆਲਾਂ ਆਦਿ ਪਿੰਡਾਂ ‘ਚ ਰੇਤ, ਬੱਜਰੀ ਆਦਿ ਲੈ ਕੇ ਗੁਜ਼ਦਰੀਆਂ ਟਰੈਕਟਰ ਟਰਾਲੀਆਂ, ਟਿੱਪਰ ਆਦਿ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ, ਪਿੰਡਾਂ ਦੀਆਂ ਸਡ਼ਕਾਂ ਦੀ ਹਾਲਤ ਬਦ ਤੋਂ ਬਦਤਰ ਬਣ ਗਈ ਹੈ, ਨਹਿਰਾਂ ਆਦਿ ’ਤੇ ਬਣੇ ਪੁੱਲ ਨੁਕਸਾਨੇ ਗਏ ਹਨ, ਪਿੰਡ ਦੀਆਂ ਫ਼ਿਰਨੀਆਂ ’ਤੇ ਭਾਰੀ ਆਵਾਜਾਈ ਹੋਣ ਕਾਰਨ ਲੋਕਾਂ ਵਿਸ਼ੇਸ਼ ਤੌਰਤੇ ਬੱਚਿਆਂ ਅਤੇ ਬਜ਼ੁਰਗਾਂ ਦਾ ਲੰਘਣਾਂ ਔਖਾ ਹੋ ਗਿਆ ਹੈ, ਹਰ ਵੇਲ਼ੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ ਹੈ। ਪੀਡ਼੍ਹਤ ਪਿੰਡਾਂ ਦੇ ਮੋਹਤਬਰਾਂ ਵਰਿੰਦਰ ਸਿੰਘ ਪੰਨੂ,ਪਰਵਿੰਦਰ ਕੁਮਾਰ,ਨਛੱਤਰ ਸਿੰਘ, ਹਰਦੀਪ ਸਿੰਘ, ਸੋਹਣ ਲਾਲ, ਪ੍ਰੀਤਮ ਸਿੰਘ,ਗੁਰਦੀਪ ਸਿੰਘ, ਮਹਿੰਦਰ ਸਿੰਘ, ਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਸਤੀਸ਼ ਕੁਮਾਰ ਆਦਿ ਨੇ ਮਸਲੇ ਦਾ ਹੱਲ ਨਾ ਹੋਣ ’ਤੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ।





