ਚੰਡੀਗੜ੍ਹ (ਦਾ ਮਿਰਰ ਪੰਜਾਬ) -ਪੰਜਾਬ ਵਿੱਚ ਕਾਂਗਰਸ ਦਾ ਮਤਭੇਦ ਅਜੇ ਵੀ ਸ਼ਾਂਤ ਨਹੀਂ ਹੋਇਆ। ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਵੇਖਿਆ ਗਿਆ ਹੈ। ਇੰਨਾ ਹੀ ਨਹੀਂ, ਸਿੱਧੂ ਨੇ ਖੁਦ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਵੀ ਕੀਤੀ। ਵੀਡੀਓ ਵਿੱਚ ਸਿੱਧੂ ਨੇ ਇੱਥੋਂ ਤੱਕ ਕਿਹਾ ਕਿ 2022 ਵਿੱਚ ਚੰਨੀ ‘ਕਾਂਗਰਸ ਨੂੰ ਡੁਬੋ ਦੇਵੇਗਾ’। ਸਿੱਧੂ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਨੇ ਉਨ੍ਹਾਂ ਨੂੰ ਘੇਰ ਲਿਆ।ਹਾਸਲ ਜਾਣਕਾਰੀ ਮੁਤਾਬਕ ਵੀਡੀਓ ਮੋਹਾਲੀ ਏਅਰਪੋਰਟ ਚੌਕ ਤੋਂ ਲਖੀਮਪੁਰ ਮਾਰਚ ਰਵਾਨਾ ਹੋਣ ਦੌਰਾਨ ਦਾ ਹੈ। ਸਿੱਧੂ ਨੇ ਆਉਣ ਤੋਂ ਪਹਿਲਾਂ ਸੀਐਮ ਚੰਨੀ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ। ਵੀਡੀਓ ਵਿੱਚ ਪ੍ਰਗਟ ਸਿੰਘ ਕਹਿੰਦੇ ਹਨ ਕਿ ਸਿਰਫ 2 ਮਿੰਟ ਦੀ ਗੱਲ ਹੈ, ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚਣ ਵਾਲੇ ਹਨ। ਇਸ ਤੋਂ ਬਾਅਦ ਸਿੱਧੂ ਕਹਿੰਦੇ ਹਨ ਕਿ ਅਸੀਂ ਇੰਨੇ ਲੰਮੇ ਸਮੇਂ ਤੋਂ ਉਸ ਦੀ ਉਡੀਕ ਕਰ ਰਹੇ ਹਾਂ।





