ਤਲਵਾਡ਼ਾ, 27 ਨਵੰਬਰ (ਦਾ ਮਿਰਰ ਪੰਜਾਬ)-ਮੁੱਖ ਮੰਤਰੀ ਚਨਰਜੀਤ ਸਿੰਘ ‘ਚੰਨੀ’ ਦੇ ਰਾਜ ‘ਚ ਕੰਢੀ ਖ਼ੇਤਰ ਵਿਚ ਨਾਜਾਇਜ਼ ਖਣਨ ਕਾਰੋਬਾਰ ਧਡ਼ੱਲੇ ਨਾਲ ਚੱਲ ਰਿਹਾ ਹੈ। ਸ੍ਰ ਚੰਨੀ ਦੇ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਰੇਤ ਵੇਚਣ ਦੇ ਦਾਅਵੇ ਝੂਠੇ ਅਤੇ ਖੋਖਲੇ ਹਨ। ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਦਾਅਵਾ ਅੱਜ ਗਰਾਉਂਡ ਜ਼ੀਰੋ ’ਤੇ ਪੁੱਜ ਕੇ ਹਲਕਾ ਦਸੂਹਾ ਤੇ ਮੁਕੇਰੀਆਂ ਤੋਂ ਅਕਾਲੀ- ਬਸਪਾ ਦੇ ਉਮੀਦਵਾਰਾਂ ਸੁਸ਼ੀਲ ਕੁਮਾਰ ‘ਪਿੰਕੀ’ ਅਤੇ ਸਰਬਜੋਤ ਸਿੰਘ ‘ਸਾਬੀ’ ਨੇ ਕੀਤਾ। ਉਹ ਅੱਜ ਬਾਅਦ ਦੁਪਹਿਰ ਆਪਣੇ ਸਮਰਥਕਾਂ ਨਾਲ ਨੇਡ਼ਲੇ ਪਿੰਡ ਬਰਿੰਗਲੀ ‘ਚ ਸਵਾਂ ਦਰਿਆ ਕੰਢੇ ਸੱਤਾਧਾਰੀ ਧਿਰ ਦੇ ਵਿਧਾਇਕ ਦੇ ਚੱਲਦੇ ਕਥਿਤ ਸਟੋਨ ਕਰੱਸ਼ਰ ’ਤੇ ਪੁੱਜੇ। ਉਨ੍ਹਾਂ ਸਵਾਂ ਦਰਿਆ ‘ਚ ਚੱਲਦੇ ਕਥਿਤ ਖਣਨ ਕਾਰੋਬਾਰ ਅਤੇ ਕੁਦਰਤ ਦੇ ਕੀਤੇ ਜਾ ਰਹੇ ਘਾਣ ਦਾ ਜਾਇਜ਼ਾ ਲਿਆ। ਆਗੂਆਂ ਨੇ ਦੱਸਿਆ ਕਿ ਉਕਤ ਸਟੋਨ ਕਰੱਸ਼ਰ ਹਲ਼ਕਾ ਬਾਘਾਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾਡ਼ਾ ਦਾ ਹੈ। ਉਨ੍ਹਾਂ ਮੀਡੀਆ ਸਾਹਮਣੇ ਖੁਲਾਸਾ ਕਰਦਿਆਂ ਕਿਹਾ ਕਿ ਕੰਢੀ ਇਲਾਕੇ ‘ਚ ਜੰਗਲਾਤ ਵਿਭਾਗ ਦੀ ਦਫ਼ਾ4 ਅਤੇ 5 ਲਾਗੂ ਹੈ, ਜਿਸ ਕਾਰਨ ਖ਼ੇਤਰ ‘ਚ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ’ਤੇ ਰੋਕ ਹੈ। ਪਰ ਉਸਦੇ ਬਾਵਜੂਦ ਖ਼ੇਤਰ ‘ਚ ਪ੍ਰਸ਼ਾਸਨ ਤੇ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਗੈਰ ਕਾਨੂੰਨੀ ਖਣਨ ਦਾ ਕਾਰੋਬਾਰ ਨਿਰਵਿਘਨ ਚੱਲ ਰਿਹਾ ਹੈ। ਉਕਤ ਸਟੋਨ ਕਰੱਸ਼ਰ ਬਿਨ੍ਹਾਂ ਕਿਸੇ ਮਨਜ਼ੂਰੀ ਤੋਂ ਚੱਲ ਰਿਹਾ ਹੈ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਕਰੱਸ਼ਰ ’ਤੇ 1.56 ਕਰੋਡ਼ ਰੁਪਏ ਦਾ ਜ਼ੁਰਮਾਨਾ ਕੀਤੇ ਹੋਣ ਦਾ ਵੀ ਦਾਅਵਾ ਕੀਤਾ। ਸ੍ਰ ਸਾਬੀ ਨੇ ਕਥਿਤ ਖਣਨ ਕਾਰੋਬਾਰ ‘ਚ ਹਲ਼ਕਾ ਦਸੂਹਾ ਵਿਧਾਇਕ ਦੀ ਮਿਲੀਭੁਗਤ ਦੇ ਦੋਸ਼ ਲਗਾਏ। ਸ਼੍ਰੀ ਪਿੰਕੀ ਨੇ ਕਿਹਾ ਕਿ ਕੰਢੀ ਖ਼ੇਤਰ ‘ਚ ਲੋਕਾਂ ਨੂੰ ਘਰ ਬਣਾਉਣ ਲਈ ਵੀ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਖਣਨ ਕਾਰੋਬਾਰੀਆਂ ਵੱਲੋਂ ਨੰਗੇ ਚਿੱਟੇ ਦਿਨ ਨਾਜਾਇਜ਼ ਮਾਈਨਿੰਗ ਰਾਹੀਂ ਕੁਦਰਤੀ ਸੰਪਦਾ ਦਾ ਉਜਾਡ਼ਾ ਕੀਤਾ ਜਾ ਰਿਹਾ ਹੈ। ਨਾਜਾਇਜ਼ ਖਣਨ ਤੋਂ ਪੀਡ਼੍ਹਤ ਲੋਕ ਧਰਨੇ ਮੁਜ਼ਾਹਰੇ ਕਰਨ ਲਈ ਮਜ਼ਬੂਰ ਹਨ, ਪਰ ਕਿੱਧਰੇ ਵੀ ਕੋਈ ਸੁਣਾਈ ਨਹੀਂ ਹੋ ਰਹੀ। ਭਾਰੀ ਅਤੇ ਓਵਰ ਲੌਡ ਗੱਡੀਆਂ ਦੀ ਆਵਾਜਾਈ ਕਾਰਨ ਲੋਕ ਆਏ ਦਿਨ ਹਾਦਸਿਆਂ ਵਿਚ ਜਾਨਾਂ ਗੁਆ ਰਹੇ ਹਨ, ਲੋਕਾਂ ਦੇ ਧਰਨੇ ਪ੍ਰਦਰਸ਼ਨ ਮਗਰੋਂ ਦੋ ਦਿਨ ਗੱਡੀਆਂ ਦੀ ਆਵਾਜਾਈ ਬੰਦ ਰਹਿਣ ਮੋਗ ਲੱਗਣ ਤੋਂ ਬਾਅਦਭਰਕਮ ਗੱਡੀਆਂ ਦੀ ਆਵਾਜਾਈ ਮਾਈਨਿੰਗ ਮਟੀਰਿਅਲ ਲੈ ਕੇ ਜਾਂਦੇ ਓਵਰਲੋਡ ਟਰੱਕ ਟਿਪੱਰ ਆਏ ਦਿਨ ਹਾਦਸਿਆਂ ਦਾ ਸਬੱਬ ਬਣ ਰਹੇ ਹਨ। ਅਕਾਲੀ ਆਗੂ ਸਾਬੀ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਸ੍ਰ ਚੰਨੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੰਢੀ ਖ਼ੇਤਰ ‘ਚ ਕੁਦਰਤ ਦਾ ਘਾਣ ਰੋਕਿਆ ਨਾ ਗਿਆ ਤਾਂ ਉਹ ਪੰਜ ਦਿਨਾਂ ਬਾਅਦ ਉਕਤ ਕਰੱਸ਼ਰ ’ਤੇ ਵੱਡੀ ਗਿਣਤੀ ਆਪਣੇ ਸਮਰਥਕਾਂ ਨਾਲ ਆਣ ਕੇ ਮੀਡੀਆ ਸਾਹਮਣੇ ਕਾਂਗਰਸ ਸਰਕਾਰ ਨੂੰ ਨੰਗਾ ਕਰਨਗੇ।
ਇਸ ਮੌਕੇ ਅਕਾਲੀ ਦਲ ਤਲਵਾਡ਼ਾ ਤੇ ਹਾਜੀਪੁਰ ਦੇ ਸਰਕਲ ਪ੍ਰਧਾਨ ਦੀਪਕ ਰਾਣਾ ਅਤੇ ਲਖਵਿੰਦਰ ‘ਟਿੰਮੀ’, ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਤਲਵਾਡ਼ਾ ਸ੍ਰ ਅਮਰਪਾਲ ਜੋਹਰ ਆਦਿ ਹਾਜ਼ਰ ਸਨ।





