ਪੈਰਿਸ / ਬਠਿੰਡਾ 4 ਦਸੰਬਰ (ਭੱਟੀ ਫਰਾਂਸ ) ਬਠਿੰਡਾ ਤੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਮੀਡੀਏ ਨੂੰ ਜਾਣਕਾਰੀ ਦਿੱਤੀ ਗਈ ਕਿ ਬੀਤੇ ਦਿਨ, ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਹੋਈ । ਇਸ ਹੰਗਾਮੀ ਮੀਟਿੰਗ ਵਿੱਚ ਭਾਰਤ ਸਰਕਾਰ ਅਤੇ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਬਿਨਾਂ ਕੇਸ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਯਰਗਮਾਲ ਬਣਾ ਕੇ ਰੱਖਣ ਦੀ ਕਰੜੀ ਆਲੋਚਨਾ ਕੀਤੀ ਗਈ । ਮੀਟਿੰਗ ਵਿੱਚ ਦੇਸ਼ ਅਤੇ ਵਿਦੇਸ਼ ਦੇ ਸਿੱਖਾਂ, ਜਿਨਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੇਜਰੀਵਾਲ ਸਰਕਾਰ ਹੋਂਦ ਵਿੱਚ ਲਿਆਉਣ ਵਾਸਤੇ ਕਰੋੜਾਂ ਰੁਪਏ ਚੰਦਾ ਦਿੱਤਾ ਸੀ, ਹੁਣ ਵਕਤ ਹੈ ਕਿ ਉਹ ਸਾਰੇ ਜਣੇ ਕੇਜਰੀਵਾਲ ਨੂੰ ਪੁੱਛਣ ਕਿ ਉਹ ਰਾਸ਼ਟਰਪਤੀ ਵਲੋਂ ਧਾਰਾ 161 ਅਧੀਨ ਦਵਿੰਦਰਪਾਲ ਸਿੰਘ ਭੁੱਲਰ ਦੀ ਕੈਦ ਪੂਰੀ ਹੋਣ ਕਾਰਨ ਰਿਹਾਈ ਦੇ ਹੁਕਮਾਂ ਨੂੰ ਕਿਉਂ ਨਹੀਂ ਲਾਗੂ ਕਰ ਰਿਹਾ। ਉਨਾਂ ਕਿਹਾ ਪੰਥਕ ਜਥੇਬੰਦੀਆਂ ਵੱਲੋਂ 11 ਜਨਵਰੀ ਨੂੰ ਗੁਰੂਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਤੋਂ ਰਾਜਭਵਨ ਚੰਡੀਗੜ ਤੱਕ ਜਥੇਦਾਰ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਯੂਨਾਈਟਿਡ ਅਕਾਲੀ ਦਲ ਪੂਰੀ ਸ਼ਕਤੀ ਨਾਲ ਹਿਸਾ ਲਵੇਗਾ।ਜਥੇਬੰਦੀ ਨੇ ਸਾਰੀਆਂ ਪੰਥਕ ਜਥੇਬੰਦੀਆਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਕਲਾਕਾਰਾਂ, ਕਿਸਾਨ ਜਥੇਬੰਦੀਆਂ, ਵਪਾਰੀਆਂ, ਮਜਦੂਰਾਂ ਨੂੰ ਮਨੁੱਖੀ ਅਧਿਕਾਰਾਂ ਲਈ ਬਿਨਾਂ ਕਿਸੇ ਭੇਦ ਭਾਵ ਤੋਂ ਰੋਸ ਮਾਰਚ ਵਿੱਚ ਹਿਸਾ ਲੈਣ ਲਈ ਬੇਨਤੀ ਕੀਤੀ।ਮੀਟਿੰਗ ਵਿੱਚ ਗੁਰਨਾਮ ਸਿੰਘ ਚੰਡੀਗੜ, ਬਹਾਦਰ ਸਿੰਘ ਰਾਹੋਂ, ਬਾਬਾ ਚਮਕੌਰ ਸਿੰਘ ਭਾਈਰੂਪਾ, ਨਛੱਤਰ ਸਿੰਘ ਦਬੜੀਖਾਨਾ, ਜਸਵਿੰਦਰ ਸਿੰਘ ਘੋਲੀਆ, ਅੱਛਰ ਸਿੰਘ ਹਮੀਦੀ, ਸੁਖਜੀਤ ਸਿੰਘ ਡਾਲਾ, ਮੇਜ਼ਰ ਸਿੰਘ ਮਲੂਕਾ, ਬਲਦੇਵ ਸਿੰਘ ਮੋਗਾ,ਗੁਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ, ਹਰਪ੍ਰੀਤ ਸਿੰਘ ਚੰਡੀਗੜ, ਸਰਬਜੀਤ ਸਿੰਘ ਅਲਾਲ, ਪ੍ਰਿੰਸੀਪਲ ਪਰਮਜੀਤ ਹਾਜ਼ਿਰ ਸਨ।





