ਪੈਰਿਸ 4 ਦਸੰਬਰ (ਦਾ ਮਿਰਰ ਪੰਜਾਬ )- ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਆਪਣੀ 57 ਦਿਨਾਂ ਦੀ ਭੁੱਖ ਹੜਤਾਲ ਤੋੜਨ ਵੇਲੇ ਦੀ, ਉਸ ਵਕਤ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਤੀ ਹੋਈ ਲਿਖਤੀ ਚਿੱਠੀ ਰਲੀਜ ਕਰਦੇ ਹੋਏ ਕਿਹਾ ਕਿ ਹੁਣ ਸਹੀ ਮੌਕਾ ਹੈ ਕਿ ਤੁਸੀਂ ਆਪਣਾ ਲਿਖਤੀ ਵਾਅਦਾ ਪੂਰਾ ਕਰਦੇ ਹੋਏ ਘੱਟੋ ਘੱਟ ਬਿਨਾਂ ਦੇਰੀ ਦੇ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਨੂੰ ਹੀ ਰਲੀਜ਼ ਕਰਵਾ ਦਿਉ, ਕੌਮ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲੇਗੀ |

ਬਾਕੀ ਇਹ ਮਾਮਲਾ ਇਕੱਲੇ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਜੀ ਦਾ ਹੀ ਨਹੀਂ ਹੈ, ਬਲਕਿ ਉਨ੍ਹਾਂ ਅਨੇਕਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਹੈ, ਜਿਹੜੇ ਆਪਣੀਆਂ ਬਣਦੀਆਂ ਸਜਾਵਾਂ ਪੂਰੀਆਂ ਕਰਨ ਉਪਰੰਤ ਵੀ ਜੇਲ੍ਹਾਂ ਵਿੱਚ ਬਿਨਾਂ ਕਿਸੇ ਕਾਰਨ ਬੰਦ ਹਨ | ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ, ਜਥੇਬੰਦੀਆਂ ਅਤੇ ਬਹੁਤ ਸਾਰੇ ਸਿੱਖ ਮਸਲਿਆਂ ਨਾਲ਼ ਸਬੰਧਿਤ ਚਿੰਤਤ ਸਿੱਖ ਬੁਧੀਜੀਵੀ, ਪਿਛਲੇ ਕਈ ਸਾਲਾਂ ਤੋਂ ਮੌਕੇ ਦੀਆਂ ਸਰਕਾਰਾਂ ਨੂੰ ਅਪੀਲਾਂ ਅਤੇ ਫਰਿਆਦਾਂ ਕਰਦੇ ਆ ਰਹੇ ਹਨ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਾਰੇ ਹੀ ਰਾਜਸੀ ਅਤੇ ਧਰਮੀ ਕੈਦੀ ਰਿਹਾਅ ਹੋਣੇ ਚਾਹੀਦੇ ਹਨ, ਐਪਰ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋ ਰਹੀਆਂ

| ਇਸ ਲਈ ਅੱਜ ਫਿਰ ਇਸ ਖਬਰ ਰਾਹੀਂ, ਆਪ ਪਾਰਟੀ ਪੰਜਾਬ ਮਾਮਲਿਆਂ ਦੇ ਪ੍ਰਭਾਰੀ ( ਜਰਨੈਲ ਸਿੰਘ ਐਮ.ਐਲ. ਏ ਤਿਲਕ ਨਗਰ ) ਸਾਹਿਤ ਕੇਜਰੀਵਾਲ ਨੂੰ ਅਪੀਲ ਕਰਦੇ ਹਾਂ ਕਿ ਆਪ ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰਨ ਦੀ ਹੈਸੀਅਤ ਰੱਖਦੇ ਹੋਏ ਇਹ ਮਾਮਲਾ ਹੱਲ ਕਰਵਾ ਸਕਦੇ ਹੋ | ਸਰਦਾਰ ਭੱਟੀ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਬਹੁਤ ਹੀ ਨੇਅਕਦਿਲ ਅਤੇ ਕਹਿਣੀ ਕਰਨੀ ਦੇ ਪੂਰੇ ਹਨ | ਅੱਜ ਸਿਰਫ ਤੁਹਾਨੂੰ ਯਾਦ ਕਰਵਾ ਰਹੇ ਹਾਂ ਕਿ ਤੁਸੀਂ ਜਿਤਨੀ ਜਲਦੀ ਹੋ ਸਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ਼ ਨਾਲ਼ ਸਿੱਖ ਕੌਮ ਦੇ ਬਾਕੀ ਮਸਲੇ ਵੀ ਹੱਲ ਕਰਵਾਉ, ਤਾਂ ਕਿ ਪੰਜਾਬੀ ਤੁਹਾਡੇ ਤੇ ਭਰੋਸਾ ਕਰ ਸਕਣ |





