ਪੈਰਿਸ 29 ਜਨਵਰੀ (ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ ਦੇ ਫਾਊਂਡਰ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਛੋਟੇ ਤੋਂ ਛੋਟੇ ਕੱਦ ਵਾਲੇ ਸਿੱਖਾਂ ਤੇ ਇਤਬਾਰ ਕਰਕੇ ਇੱਕਠੀਆਂ ਹੋ ਕੇ ਚੱਲਣ ਤਾਂ ਸਾਨੂੰ ਆਏ ਦਿਨ ਮੁਜਾਹਰਿਆਂ, ਧਰਨਿਆਂ ਜਾਂ ਮੈਮੋਰੰਡਮ ਦੇਣ ਦੀ ਲੋੜ ਨਾ ਪਵੇ | ਮੁਲਕ ਵੀ ਸਾਡਾ ਹੋਵੇ ਅਤੇ ਅਜਾਦੀ ਵਾਸਤੇ ਕੁਰਬਾਨੀਆਂ ਵੀ ਸਾਡੀਆਂ ਹੋਵਣ ਤੇ ਰਾਜ ਦਾ ਅਨੰਦ ਮਾਨਣ ਵਾਲੇ ਹੋਰ ਹੋਣ ਤਾਂ ਅਚੰਭਾ ਮਹਿਸੂਸ ਹੁੰਦਾ ਹੈ |ਦੂਸਰੀ ਮੁਸ਼ਕਿਲ ਵਾਲੀ ਗੱਲ ਇਹ ਹੈ ਕਿ ਗਰਮ ਖਿਆਲੀ ਸਿੰਘ ਨਰਮਦਲੀਆਂ ਸਿੱਖਾਂ ਉੱਪਰ ਨਾ ਤਾਂ ਇਤਬਾਰ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਨਾਲ਼ ਲੈ ਕੇ ਚੱਲਣ ਨੂੰ ਤਿਆਰ ਹਨ ਅਤੇ ਇਸਦੇ ਨਾਲ਼ ਨਾਲ਼ ਉਹ ਬਿਨਾ ਸਬੂਤੋਂ ਅਤੇ ਬਿਨਾਂ ਕਿਸੇ ਖਾਸ ਵਜ੍ਹਾ ਦੇ ਹਰੇਕ ਨੂੰ ਸਰਕਾਰੀ ਸਿੱਖ ਗਰਦਾਨ ਕੇ ਪਰਾਂ ਵਗਾਹ ਮਾਰਦੇ ਹਨ | ਜਿਤਨੀ ਦੇਰ ਅਸੀਂ ਇੱਕ ਦੂਜੇ ਤੇ ਵਿਸ਼ਵਾਸ਼ ਕਰਨਾ ਨਹੀਂ ਸਿੱਖਦੇ, ਸਾਡੇ ਯੋਧੇ ਇਸਤਰਾਂ ਹੀ ਜੇਲਾਂ ਵਿੱਚ ਬੰਦ ਰਹਿਣਗੇ | ਇਸ ਤੋਂ ਬਿਨਾ ਇੱਕ ਹੋਰ ਵੱਡਾ ਕਾਰਨ ਇਹ ਵੀ ਹੈ ਕਿ ਸਾਡੇ ਦੁਆਰਾ ਚੁਣੇ ਹੋਏ ਸਾਡੇ ਨੇਤਾ ਹੀ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਰਿਹਾਅ ਹੋਣ, ਇਹ ਸਚਾਈ ਚਿੱਟੇ ਦਿਨ ਵਾਂਗ ਸਾਫ ਹੈ, ਕੀ ? ਇਹ ਹੋ ਸਕਦਾ ਹੈ ਕਿ ਜੇਕਰ ਮੌਜੂਦਾ ਜਾਂ ਸਾਬਕਾ ਸਰਕਾਰਾਂ ਦਿਲੋਂ ਚਾਹੁੰਦੀਆਂ ਹੋਣ ਤੇ ਕੇਂਦਰ ਸਰਕਾਰ ਸਜਾ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਨਾ ਕਰੇ, ਇਹ ਕਦੇ ਵੀ ਮੁਮਕਿਨ ਨਹੀਂ | ਸਾਡੇ ਪੰਜਾਬ ਦੇ ਨੇਤਾਵਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਕਦੇ ਵੀ ਰਾਜਸੀ ਹਿੱਤਾਂ ਨੂੰ ਲਾਂਭੇ ਰੱਖ ਕੇ ਨਹੀਂ ਉਠਾਇਆ, ਵਰਨਾ ਕੇਜਰੀਵਾਲ ਵਰਗੇ ਦੀ ਕੀ ਮਜਾਲ ਕਿ ਉਹ ਲੋੜ ਤੋਂ ਕਿਤੇ ਵਧੇਰੀ ਸਜਾ ਪੂਰੀ ਕਰ ਚੁੱਕੇ ਪ੍ਰੋਫੈਸਰ ਭੁੱਲਰ ਵਰਗੇ ਕੈਦੀ ਦੀ ਰਿਹਾਈ ਵਿੱਚ ਰੋੜਾ ਅਟਕਾਵੈ |

ਹੁਣ ਮੌਕਾ ਹੈ ਪੰਜਾਬ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਫਾਇਦਾ ਲੈਣ ਦਾ, ਹਰੇਕ ਸਿੱਖ ਵੋਟਰ ਜੇਕਰ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਕੋਲੋਂ ਇਹ ਮਤਾ ਪਾਸ ਕਰਵਾਏ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉ ਤਦ ਹੀ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ | ਫਿਰ ਦੇਖਣਾ ਇਹ ਦੋਹਰੀ ਚਾਲ ਚੱਲਣ ਵਾਲੇ ਨੇਤਾ ਕਿਵੇਂ ਸਾਡਾ ਸਾਥ ਦਿੰਦੇ ਹਨ | ਇੱਥੇ ਮੈਨੂੰ ਕੰਗਨਾ ਰਣੌਤ ਦੀ ਇਸ ਗੱਲ ‘ਚ ਵਧੇਰੇ ਵਜਨ ਨਜਰ ਆਉਂਦਾ ਹੈ ਕਿ ਅਜਾਦੀ ਅਤੇ ਹੱਕ ਤਰਲੇ ਕਰਕੇ ਨਹੀਂ ਮਿਲਦੇ ਬਲਕਿ ਕਠੋਰ ਫੈਸਲੇ ਲੈ ਕੇ ਹੀ ਮਿਲਦੇ ਹਨ, ਫਿਰ ਅਸੀਂ ਧਰਨੇ ਲਾ ਕੇ ਜਾਂ ਮੁਜਾਹਰੇ ਕਰ ਕਰ ਕੇ ਕੀ ਪ੍ਰਾਪਤ ਕਰਾਂਗੇ | ਰਾਜਨੀਤਿਕ ਦਾਅ ਪੇਚ ਖੇਡੋ, ਜਿਸਤਰਾਂ ਇਹ ਸ਼ਾਤਰ ਦਿਮਾਗ ਵਾਲੇ ਨੇਤਾ ਸਾਡੇ ਕੋਲੋਂ ਵੋਟਾਂ ਹਾਸਿਲ ਕਰਨ ਵਾਸਤੇ ਗਿਰਗਿਟ ਵਾਂਗ ਰੰਗ ਬਦਲ ਲੈਂਦੇ ਹਨ | ਇੱਕ ਪਾਸੇ ਕੇਜਰੀਵਾਲ ਦੀ ਸਪੋਰਟਰ ਪ੍ਰੋਫੈਸਰ ਬਲਜਿੰਦਰ ਕੌਰ (ਇਹ ਕਹਿੰਦੀ ਹੈ ਕਿ ਜੇਕਰ ਭੁੱਲਰ ਸਾਹਿਬ ਰਿਹਾਅ ਹੁੰਦੇ ਹਨ ਤਾਂ ਹਿੰਦੂ ਵੋਟ ਖਰਾਬ ਹੋਵੇਗੀ) ਫਿਰ ਅਸੀਂ ਕਿਹੜੇ ਮੂੰਹ ਨਾਲ਼ ਕੇਜਰੀਵਾਲ ਨੂੰ ਪੰਜਾਬ ਵਿੱਚ ਆਪਣੀਆਂ ਅੱਖਾਂ ਤੇ ਬਿਠਾ ਰਹੇ ਹਾਂ, ਇਸ ਲਈ ਮੌਕਾ ਸੰਭਾਲੋ ਇਨ੍ਹਾਂ ਨੇਤਾਵਾਂ ਨੂੰ ਡਿਪਲੋਮੇਸੀ ਤਰੀਕੇ ਨਾਲ਼ ਵਰਤੋਂ ਜਿਵੇਂ ਇਹ ਸਾਨੂੰ ਵਰਤਦੇ ਹਨ | ਇਕੱਠੇ ਹੋਣ ਨਾਲ਼ ਵੀ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਹਨ, ਐਪਰ ਇਸ ਵਾਸਤੇ ਪਹਿਲ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੂੰ ਹੀ ਕਰਨੀ ਪਵੇਗੀ, ਉਹ ਵੀ ਸਾਰਿਆਂ ਤੇ ਇਤਬਾਰ ਕਰਕੇ, ਨਹੀਂ ਤਾਂ ਖੇਰੂੰ ਖੇਰੂੰ ਹੋਏ ਪਏ ਹਾਂ ਅਤੇ ਖੇਰੂ ਖੇਰੂ ਹੀ ਰਹਾਂਗੇ | ਨਾਲੇ ਦੋਸ਼ ਦੁਸ਼ਮਣ ਦੀ ਜਗਾਹ ਆਪਨਿਆਂ ਤੇ ਲਗਾਉਣ ਦੇ ਅਸੀਂ ਵੈਸੇ ਵੀ ਆਦੀ ਬਣੇ ਹੋਏ ਹਾਂ | ਹਿੰਦੂਤਵੀਆਂ ਨੂੰ ਦੇਖੋ ਉਹ ਸੱਤ ਅੱਠ ਸਾਲ ਵਿੱਚ ਹੀ ਇੱਕ ਦੂਸਰੇ ਤੇ ਇਤਬਾਰ ਕਰਨ ਦੇ ਆਦੀ ਬਣ ਗਏ ਹਨ, ਜਦਕਿ ਅਸੀਂ ਹਜਾਰਾਂ ਵਾਰ ਧੋਖੇ ਖਾਣ ਦੇ ਬਾਵਜੂਦ ਵੀ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕੇ | ਹਰੇਕ ਸਿੱਖ ਦੂਸਰੇ ਸਿੱਖ ਨੂੰ ਸ਼ੱਕੀ ਨਜਰ ਨਾਲ਼ ਦੇਖਦਾ ਹੋਇਆ ਆਪਣੇ ਆਪ ਨੂੰ ਧਰਮੀ ਅਤੇ ਸੱਚਾ ਸੁੱਚਾ ਸਿੱਖ ਮੰਨਦਾ ਹੈ ਤੇ ਦੂਸਰਿਆਂ ਨੂੰ ਝੂਠੇ ਅਤੇ ਫਰੇਬੀ | ਜਿਸ ਦਿਨ ਸਾਡੇ ਵਿੱਚੋਂ ਇਹ ਘਾਟਾਂ ਦੂਰ ਹੋ ਜਾਣਗੀਆਂ ਅਤੇ ਅਸੀਂ ਇੱਕਮੱਤ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਠਾਵਾਂਗੇ ਤਾਂ ਕਾਮਯਾਬੀ ਮਿਲ ਸਕਦੀ ਹੈ ਵਰਨਾ ਪਹਿਲਾਂ ਵਾਂਗ ਭਵਿੱਖ ਖੱਜਲ ਵੀ ਖੁਆਰੀ ਹੀ ਪੱਲੇ ਪਵੇਗੀ |
ਇਸ ਖਬਰ ਦੇ ਨਾਲ਼ ਕੇਜਰੀਵਾਲ ਵਲੋਂ ਲਿਖਤੀ ਵਾਅਦਿਆਂ ਦੀ ਚਿੱਠੀ ਵੀ ਅਟੈਚ ਕੀਤੀ ਜਾ ਰਹੀ ਹੈ, ਉਹ ਇਸ ਵਾਸਤੇ ਕਿਉਂਕਿ ਪ੍ਰੋਫੈਸਰ ਭੁੱਲਰ ਦੀ ਫਾਈਲ ਦਾ ਫੈਸਲਾ ਦਿੱਲੀ ਸਰਕਾਰ ਦੀ ਸਹਿਮਤੀ ਨਾਲ਼ ਹੀ ਹੋਣਾ ਹੈ, ਇਸ ਕਰਕੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਵਾਲੇ ਸਪੋਰਟਰ ਕੇਜਰੀਵਾਲ ਸਾਹਿਬ ਨੂੰ ਇਹ ਜਰਰੂ ਪੁੱਛਣ ਕਿ ਕੇਜਰੀਵਾਲ ਸਾਹਿਬ ਜੀ ਜੋ ਵਾਅਦੇ ਤੁਸੀਂ ਕਰਦੇ ਹੋ , ਉਹ ਪੂਰੇ ਕਰਨ ਦੀ ਬਜਾਏ , ਲਟਕਾਏ ਕਿਉਂ ਜਾਂਦੇ ਹਨ |





