ਤਲਵਾਡ਼ਾ , 4 ਫਰਵਰੀ (ਦੀਪਕ ਠਾਕੁਰ)-ਮੌਜ਼ੂਦਾ ਕੇਂਦਰੀ ਬਜ਼ਟ ‘ਚ ਮੋਦੀ ਸਰਕਾਰ ਨੇ ਕਣਕ ਤੇ ਝੋਨੇ ਦੀ ਖਰੀਦ ਲਈ 2 ਲੱਖ 37 ਹਜ਼ਾਰ ਕਰੋਡ਼ ਰੁਪਏ ਰੱਖੇ ਹਨ। ਪਰ ਐਮਐਸਪੀ ’ਤੇ ਕੇਂਦਰ ਖ਼ਿਲਾਫ਼ ਕੂਡ਼ ਪ੍ਰਚਾਰ ਕਰ ਕੀਤਾ ਜਾ ਰਿਹਾ ਹੈ। ਇਹ ਸ਼ਬਦ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਲਾਕ ਤਲਵਾਡ਼ਾ ਦੇ ਧਾਰਮਿਕ ਕਸਬਾ ਦਾਤਾਰਪੁਰ ਵਿਖੇ ਇੱਕ ਨਿੱਜੀ ਰਿਸੋਰਟ ‘ਚ ਭਾਜਪਾ ਵਰਕਰਾਂ ਸਮਰਥਕਾਂ ਨੂੰ ਮੁਖਾਤਿਬ ਹੁੰਦਿਆਂ ਕੀਤੇ। ਉਹ ਇੱਥੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਤਹਿਤ ਹਲ਼ਕਾ ਦਸੂਹਾ ਤੇ ਮੁਕੇਰੀਆਂ ਤੋਂ ਪਾਰਟੀ ਦੇ ਉਮੀਦਵਾਰ ਠਾ ਰਘੁਨਾਥ ਸਿੰਘ ਰਾਣਾ ਤੇ ਜੰਗੀ ਲਾਲ ਮਹਾਜਨ ਦੇ ਹੱਕ ‘ਚ ਪ੍ਰਚਾਰ ਕਰਨ ਪਹੁੰਚੇ ਸਨ। ਸ੍ਰੀ ਰਾਜਨਾਥ ਸਿੰਘ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਨੂੰ ਨਮਨ ਕਰਨ ਨਾਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵੀ ਜੀ ਸਬਰ, ਸੰਤੋਖ, ਦਇਆ, ਨਿਮਰਤਾ ਅਤੇ ਤਿਆਗ ਨੂੰ ਆਧਾਰ ਬਣਾ ਕੇ ਐਸੇ ਸਮਾਜ ਕਲਪਨਾ ਕੀਤੀ ਸੀ। ਜਿਸ ਵਿੱਚ ਜਾਤ ਪਾਤਾ, ਉੱਚ ਨੀਚ ਤੇ ਛੁਆ ਛੂਤ ਤੋਂ ਉਪੱਰ ਉੱਠ ਕੇ ਇੱਕਜੁਟ ਸਭਦੀ ਭਲਾਈ ਦੀ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ’ਤੇ ਚੱਲ ਸਭ ਦਾ ਸਾਥ, ਸਭ ਦਾ ਵਿਸ਼ਵਾਸ, ਸਭ ਦਾ ਵਿਕਾਸ ਤਹਿਤ ਕੰਮ ਕਰ ਰਹੀ ਹੈ। ਸ੍ਰੀ ਰਾਜਨਾਥ ਸਿੰਘ ਨੇ ਦੇਸ਼ ਦੀ ਆਜ਼ਾਦੀ ‘ਚ ਪੰਜਾਬੀਆਂ ਦੇ ਪਾਏਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀਆਂ ’ਤੇ ਖਾਸ ਤੌਰਤੇ ਸਿੱਖਾਂ ਦੇ ਬਲੀਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਖਾਲਾਸਾ ਪੰਥ ਦੇ ਬਲੀਦਾਨ ਸਦਕਾ ਹੀ ਅੱਜ ਭਾਰਤੀ ਸੰਸਕ੍ਰਿਤੀ ਸੁਰੱਖਿਅਤ ਹੈ। ਸਿੱਖਾਂ ਦੇ ਹੌਂਸਲੇ ਤੇ ਜਜ਼ਬੇ ਤੋਂ ਉਹ ਭਲੀਭਾਂਤ ਜਾਣੂ ਹਨ, ਸਿੱਖ ਕੌਮ ਆਪਣੀ ਜਨਸੰਖਿਆ ਦੇ ਹਿਸਾਬ ਨਾਲੋਂ ਵੱਡੀ ਗਿਣਤੀ ‘ਚ ਫ਼ੌਜ਼ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰ ਰਹੇ ਹਨ। ਪਰ ਅੱਜ ਕੁੱਝ ਤਾਕਤਾਂ ਸਿੱਖ ਹਿੰਦੂ ਭਾਈਚਾਰੇ ਨੂੰ ਤੋਡ਼ਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਇਹ ਜਿੰਮੇਵਾਰੀ ਸਾਡੀ ਤੁਹਾਡੀ ਬਣਦੀ ਹੈ ਕਿ ਅਸੀਂ ਗੁਰੂ ਨਾਨਕ ਦੇਵ ਦੀ ਪਾਵਨ ਧਰਤੀ ‘ਤੇ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ।
ਰਾਜਨਾਥ ਸਿੰਘ ਨੇ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ’ਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਵੱਲੋਂ ਬੀਤੇ ਦਿਨੀਂ ਸੰਸਦ ‘ਚ ਕੇਂਦਰ ਸਰਕਾਰ ਦੀ ਗਲਤ ਵਿਦੇਸ਼ ਨੀਤੀ ਦੇ ਚਲੱਦਿਆਂ ਚੀਨ ਪਾਕਿਸਤਾਨ ‘ਚ ਦੋਸਤੀ ਹੋਣ ਸਬੰਧੀ ਦਿੱਤੇ ਬਿਆਨ ’ਤੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਕਾਂਗਰਸੀ ਪ੍ਰਧਾਨ ਮੰਤਰੀਆਂ ਦੇ ਰਾਜ ‘ਚ ਹੀ ਚੀਨ ਅਤੇ ਪਾਕਿਸਤਾਨ ਨੇ ਭਾਰਤੀ ਜ਼ਮੀਨ ’ਤੇ ਕਬਜ਼ੇ ਕੀਤੇ ਹਨ। ਉਨ੍ਹਾਂ ਰਾਹੁਲ ਗਾਂਧੀ ਨੂੰ ਗਲਵਾਨ ਘਾਟੀ ‘ਚ ਭਾਰਤੀ ਸੈਨਾ ’ਤੇ ਸਵਾਲ ਉਠਾਉਣ ਦੇ ਮੱੁਦੇ ’ਤੇ ਵੀ ਘੇਰਿਆ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਵਕਤ ਗਲਵਾਨ ਘਾਟੀ ‘ਚ ਭਾਰਤੀ ਸੈਨਾ ਦੇ ਜਵਾਨ ਚੀਨ ਨਾਲ ਮੁਕਾਬਲਾ ਕਰ ਰਹੇ ਸਨ, ਉਸ ਵਕਤ ਰਾਹੁਲ ਗਾਂਧੀ ਦਿੱਲੀ ‘ਚ ਚੀਨ ਦੇ ਰਾਜਦੂਤ ਨਾਲ ਗੱਲਬਾਤ ਕਰ ਰਹੇ ਸਨ।
ਰਾਜਨਾਥ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇੱਕ ਨਵੀਂ ਪਾਰਟੀ ਰਾਜਨੀਤਕ ਪਾਰਟੀ ‘ਆਪ’ ਆ ਗਈ ਹੈ, ਪਰ ਪੰਜਾਬ ‘ਚ ‘ਆਪ’ ਨਹੀਂ ਪੰਜਾਬੀ ਹੀ ਹੈ। ਦਿੱਲੀ ‘ਚ ‘ਆਪ’ ਦਾ ਵਿਕਾਸ ਇਸ਼ਤਿਹਾਰਾਂ ਤੱਕ ਹੀ ਸੀਮਿਤ ਹੈ। ਦੇਸ਼ ਦੀ ਜਨਤਾ ਨੂੰ ਬਖ਼ਸ਼ੀਸ਼ ਤੇ ਭੀਖ਼ ਨਹੀਂ ਚਾਹੀਦੀ, ਦੇਸ਼ ਦੀ ਜਨਤਾ ਨੂੰ ਭਾਰਤ ਦਾ ਸਿਰ ੳੱੁਚਾ ਉਠੱਦਾ ਚਾਹੀਦਾ ਹੈ।
ਤਿੰਨ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸੰਸਦ ਨੇ ਇਹ ਕਾਨੂੰਨ ਪਾਸ ਕੀਤੇ ਸਨ। ਪਰ ਕੁੱਝ ਕਿਸਾਨ ਸੰਗਠਨ ਇਸ ਨਾਲ ਸਹਿਮਤ ਨਹੀਂ ਸਨ, ਪਰ ਅਸੀਂ ਕਿਸੇ ‘ਤੇ ਗੋਲ਼ੀ ਨਹੀਂ ਚਲਾਈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਉੱਠ ਕੇ ਕਹਿ ਦਿੱਤਾ ਕਿ ਮੈਂ ਮੁਆਫ਼ੀ ਮੰਗਦਾ ਹਾਂ ਕਿ ਮੈਂ ਕਿਸਾਨ ਭਰਾਵਾਂ ਨੂੰ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਸਬੰਧੀ ਜਿਸ ਤਰ੍ਹਾਂ ਸਮਝਾਉਣਾ ਚਾਹੀਦਾ ਸੀ, ਨਹੀਂ ਸਮਝਾ ਪਾਇਆ। ਇਸ ਲਈ ਮੈਂ ਇਹ ਕਾਨੂੰਨ ਭਾਰਤੀ ਸੰਸਦ ਤੋਂ ਬਾਹਰ ਹੀ ਵਾਪਸ ਲੈਂਦਾ ਹਾਂ। ਪ੍ਰਧਾਨ ਮੰਤਰੀ ਦੀ ਸੰਵੇਦਨਸ਼ੀਲਤਾ ਦਸਦੀ ਹੈ ਕਿ ਮੋਦੀ ਹਾਕਮ ਵਜੋਂ ਨਹੀਂ ਸੇਵਕ ਦੇ ਰੂਪ ਵਿੱਚ ਭੂਮਿਕਾ ਨਿਭਾ ਰਹੇ ਹਨ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਦੇਸ਼ ਦੇ ਗਰੀਬਾਂ ਨੂੰ ਸਮਰਪਿਤ ਸਰਕਾਰ ਹੈ। ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਧੰੂਏ ਤੋਂ ਮੁਕਤੀ ਦਿਵਾਉਣ ਦਾ ਸਿਹਰਾ ਭਾਜਪਾ ਸਰਕਾਰ ਨੂੰ ਜਾਂਦਾ ਹੈ, ਪੱਕੀ ਛੱਤ ਹੋਵੇ ਜਾਂ ਹਰ ਘਰ ਨਲ ਅਤੇ ਜ਼ਲ ਪਹੁੰਚਾਉਣ ਦਾ ਕੰਮ ਭਾਜਪਾ ਨੇ ਪਹਿਲ ਦੇ ਆਧਾਰ ’ਤੇ ਕੀਤਾ ਹੈ। ਨੌ ਕਰੋਡ਼ ਘਰਾਂ ‘ਚ ਨਲ ਤੇ ਜ਼ਲ ਪਹੁੰਚਾਇਆ। ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਨਿਧੀ ਤਹਿਤ ਛੇ ਹਜ਼ਾਰ ਰੁਪਏ ਦੇਣ ਦੀ ਯੋਜਨਾ ਵੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਜਪਾ ਸਰਕਾਰ ਨੇ ਸ਼ੁਰੂ ਕੀਤੀ। ਆਉਂਦੇ ਸਮੇਂ ‘ਚ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ ਮੋਦੀ ਸਰਕਾਰ ਨੇ ਬਣਾਈ ਹੈ। ਨਸ਼ਿਆਂ ਦੇ ਮੁੱਦੇ ’ਤੇ ਬੋਲਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਵਾਰ ਪੰਜਾਬ ‘ਚ ਭਾਜਪਾ ਦੀ ਅਗਵਾਈ ਹੇਠ ਇੱਕ ਵਾਰ ਐਨਡੀਏ (ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ) ਦੀ ਡਬਲ ਇੰਜਣ ਸਰਕਾਰ ਬਣਾ ਦਿਓ, ਨਸ਼ਾ ਕਾਰੋਬਾਰੀਆਂ ਨੂੰ ਭਾਜਡ਼ਾਂ ਪਾ ਦਿਆਂਗੇ। ਬੇਅਦਬੀ ਦੇ ਮਾਮਲੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਐਨਡੀਏ ਦੀ ਸਰਕਾਰ ਬਣਨ ’ਤੇ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸ਼ਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸ਼੍ਰੀ ਸਿੰਘ ਨੇ ਕਿਹਾ ਕਿ ਮੱੁਖ ਮੰਤਰੀ ਅਦਿੱਤਿਆ ਨਾਥ ਯੋਗੀ ਤੇ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਬਲ ਇੰਜਣ ਸਰਕਾਰ ਦੇ ਰਾਜ ਵਿੱਚ ਯੂਪੀ ‘ਈਜ਼ ਆਫ਼ ਡੂਇੰਗ ’ ਦੀ ਕੈਟਾਗਿਰੀ ‘ਚ ਭਾਰਤ ਵਿੱਚ ਦੂਜੇ ਨੰਬਰ ’ਤੇ ਹੈ। ਜਦਕਿ ਪੰਜਾਬ ਖਿਸਕ ਕੇ 19ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਾਂਗਰਸ ਦੀ ਸਰਕਾਰ ’ਤੇ ਪੰਜਾਬ ਨੂੰ ਤਬਾਹ ਕਰਨ ਦੇ ਦੋਸ਼ ਲਗਾਏ।
ਵਿਸ਼ੇਸ਼ ਝਲਕੀਆਂ —
ਰਾਜਨਾਥ ਸਿੰਘ ਦੇ ਜਲਸੇ ‘ਚ ਕੋਵਿਡ ਨਿਯਮਾਂ ਦੀ ਰੱਜ ਕੇ ਧੱਜੀਆਂ ਉਡੀਆਂ, ਭਾਜਪਾ ਵਰਕਰਾਂ ਤੇ ਸਮਰਥਕਾਂ ਨਾਲ ਹਾਲ ਖਚਾ ਖੱਚ ਭਰਿਆ ਹੋਇਆ ਸੀ। ਪ੍ਰਬੰਧਕਾਂ ਵੱਲੋਂ ਮਾਸਕ ਤੇ ਲੋਕਾਂ ਨੂੰ ਸੈਨੀਟਾਇਜ਼ ਕਰਨ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ।
ਜਦੋਂ ਰਾਜਨਾਥ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਤਾਂ ਹਾਲ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੁੰਜਣ ਲੱਗ ਪਿਆ, ਪਰ ਕੇਂਦਰ ਰੱਖਿਆ ਮੰਤਰੀ ਵੱਲੋਂ ਆਪਣਾ ਭਾਸ਼ਣ ਗੁਰੂ ਨਾਨਕ ਦੇਵ ਜੀ ਦੇ ਜ਼ਿਕਰ ਨਾਲ ਸ਼ੁਰੂ ਕਰਨ ’ਤੇ ਹਾਲ ‘ਚ ਅਚਾਨਕ ਸੰਨਾਟਾ ਛਾ ਗਿਆ, ਕੁੱਝ ਦੇਰ ਮਗਰੋਂ ਬੋਲੇ ਸੋ ਨਿਹਾਲ ਦੇ ਨਾਅਰੇ ਗੁੰਜਣ ਲੱਗੇ।
ਰਾਜਨਾਥ ਸਿੰਘ ਵੱਲੋਂ ਕੇਂਦਰ ਸਰਕਾਰ ਵੱਲੋਂ ਪੱਕੇ ਮਕਾਨ ਬਣਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਹਾਜ਼ਰ ਲੋਕਾਂ ਨੇ ਮਕਾਨਾਂ ਦੀਆਂ ਗ੍ਰਾਂਟਾਂ ਨਾ ਆਉਣ ਦੀ ਗੱਲ ਕਹੀ।
ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਹਾਲ ‘ਚ ਪੁੱਜੇ ਲੋਕਾਂ ਨੇ ਪੈਸੇ ਵਧਾਉਣ ਦੀ ਮੰਗ ਕੀਤੀ।
ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਆਪਣੇ ਸਵਾਗਤੀ ਭਾਸ਼ਣ ‘ਚ ਫ਼ੌਜ ਦੀ ਭਰਤੀ ਦਾ ਸਰੀਰਕ ਟੈਸਟ ਪਾਸ ਕਰ ਚੁੱਕੇ ਨੌਜਵਾਨ ਵੱਲੋਂ ਲਿਖਤੀ ਟੈਸਟ ਦੀ ਮੰਗ ਰੱਖੀ, ਪਰ ਰਾਜਨਾਥ ਸਿੰਘ ਨੇ ਆਪਣੇ ਭਾਸ਼ਣ ਵਿੱਚ ਇੱਕ ਵਾਰ ਵੀ ਨੌਜਵਾਨਾਂ ਦੀ ਮੰਗ ਦਾ ਜ਼ਿਕਰ ਨਹੀਂ ਕੀਤਾ।





