ਅੰਮ੍ਰਿਤਸਰ 13 ਮਾਰਚ ( ਦਾ ਮਿਰਰ ਪੰਜਾਬ ) ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਭਰਿਆ ਬਿਆਨ ਦੇ ਕੇ ਅਕਾਲੀ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਤਰ ਹੋਣ ਦਾ ਸੱਦਾ ਦਿੱਤਾ ਹੈ । ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਾਰੇ ਧੜਿਆਂ ਨੂੰ ਸਵੀਕਾਰ ਕਰਨੀ ਚਾਹੀਦੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਜੋ ਸਥਿਤੀ ਬਣੀ ਹੈ , ਉਹ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖ਼ਤਮ ਹੋਣਾ ਸਿੱਖਾਂ ਅਤੇ ਦੇਸ਼ ਲਈ ਘਾਤਕ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਪਣਾ ਵੱਡਾ ਯੋਗਦਾਨ ਪਾਇਆ । ਸ੍ਰੀ ਅਕਾਲ ਤਖਤ ਸਾਹਿਬ ਇਕ ਪਲੇਟਫਾਰਮ ਹੈ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਨਮ ਦੇ ਕੇ ਸੇਵਾ ਲਈ ਅਗਾਂਹ ਤੋਰਿਆ ਗਿਆ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਰਾਜ ਸੱਤਾ ਹਾਸਲ ਕਰਨ ਲਈ ਖ਼ਾਲਸੇ ਦੇ ਬੋਲਬਾਲੇ ਤੇ ਚੜਦੀਕਲਾ ਲਈ ਕੰਮ ਕਰਨ ਲਈ ਹੋਇਆ । ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਨਹੀਂ ਇਕ ਸੋਚ ਹੈ . ਜੇਕਰ ਸੱਚ ਬਰਕਰਾਰ ਹੈ ਸ਼੍ਰੋਮਣੀ ਅਕਾਲੀ ਦਲ ਬਰਕਰਾਰ ਹੈ , ਉਸ ਸੋਚ ਨੂੰ ਮੁੜ ਉਭਾਰਨ ਦੀ ਬਹੁਤ ਜ਼ਰੂਰਤ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਉਦੇਸ਼ਾਂ ਤੇ ਟੀਚਿਆਂ ਲਈ ਪੈਂਦਾ ਹੋਇਆ ਸੀ । ਉਹਨਾਂ ਉਦੇਸ਼ਾਂ ਤੇ ਟੀਚਿਆਂ ਲਈ ਮੁੜ ਯਤਨ ਆਰੰਭ ਕਰਨੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਸਿੱਖ ਸਮਾਜ ਅੰਦਰ ਜਾਤਪਾਤ ਵਿਤਕਰੇ ਬਾਜ਼ੀਆਂ ਤੋਂ ਬਦਤਮੀਜ਼ੀਆਂ ਪੈਦਾ ਹੋ ਗਈਆਂ ਹਨ । ਉਨ੍ਹਾਂ ਕਿਹਾ ਕਿ ਰਾਜਨੀਤੀ ਚ ਏਨਾ ਨਿਘਾਰ ਆਇਆ ਹੈ ਕਿ ਬੋਲਬਾਣੀ ਨੀਵੇਂ ਪੱਧਰ ਤੇ ਚਲੇ ਗਈ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੇ ਸਰੂਪ ਵਿੱਚ ਮੁੜ ਆਉਣ ਦੀ ਲੋੜ ਹੈ । ਸ਼੍ਰੋਮਣੀ ਅਕਾਲੀ ਦਲ ਦਾ ਜਨਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 14 ਦਸੰਬਰ 1920 ਨੂੰ ਹੋਇਆ । ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਗਹਿਰੀ ਚਿੰਤਾ ਵਿੱਚ ਹਨ । ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ । ਸ਼੍ਰੋਮਣੀ ਅਕਾਲੀ ਦਲ ਨੂੰ ਗੁਰਬਾਣੀ ਦੇ ਗੁਰ ਸਬਰ , ਸੰਜਮ ਤੇ ਸੰਤੋਖ ਅਤੇ ਸਭ ਤੋਂ ਵੱਡਾ ਤਿਆਗ ਧਾਰਨ ਕਰਨ ਦੀ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਗੁਰੂ ‘ ਸਾਹਿਬ ਅੱਗੇ ਅਰਦਾਸ ਹੈ ਕਿ ਸਮੂਹ ਸਿੱਖਾਂ ਨੂੰ ਗੁਰੂ ਸਾਹਿਬ ਤਾਕਤ ਬਖ਼ਸ਼ਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਨੂੰ ਸਵੀਕਾਰ ਕਰਨ ਦੀ ਸੋਝੀ ਬਖਸ਼ਣ , ਸਾਰੇ ਧੜਿਆਂ ਨੂੰ ਅਪੀਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋ ਕੇ ਬੈਠੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਕੰਮ ਕਰੋ , ਸੀ ਅਕਾਲ ਤਖ਼ਤ ਸਾਹਿਬ ਸਾਰਿਆਂ ਨੂੰ ਤਾਕਤ ਬਖਸ਼ੇਗਾ ।