*ਰੇਤ ਨਾਲ ਭਰਿਆ ਟਿੱਪਰ ਪਲਟਿਆ, ਤਿੰਨ ਦੁਕਾਨਾਂ ਦੇ ਸ਼ਟੱਰ ਟੁੱਟੇ ਜਾਨੀ ਨੁਕਸਾਨ ਦਾ ਬਚਾਅ ਰਿਹੈ, ਕਰੱਸ਼ਰ ਬੰਦ ਹੋਣ ਦੇ ਬਾਵਜੂਦ ਮਾਈਨਿੰਗ ਸਮੱਗਰੀ ਦੀ ਨਿਰਵਿਘਨ ਆਵਾਜਾਈ ਚਰਚਾ ਦਾ ਵਿਸ਼ਾ*

देश पंजाब
Spread the love

ਦੀਪਕ ਠਾਕੁਰ

ਤਲਵਾਡ਼ਾ,22 ਸਤੰਬਰ -ਇੱਥੇ ਸਥਾਨਕ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ਤੋਂ ਥੋਡ਼੍ਹੀ ਦੂਰ ਦੌਸਡ਼ਕਾ ਰੋਡ ’ਤੇ ਸਵੇਰੇ ਤਡ਼ਕ ਸਾਰ ਇੱਕ ਰੇਤਾ ਨਾਲ ਭਰਿਆ ਗੁਰੂ ਟਰਾਂਸਪੋਰਟ ਜਲੰਧਰ ਦਾ ਟਿੱਪਰ ਪਲਟ ਗਿਆ। ਬਜ਼ਾਰ ਦੇ ਬਾਹਰੋ ਬਾਹਰ ਟਿੱਪਰ ਪਲਟਣ ਕਾਰਨ ਜਾਨੀ ਨੁਕਸਾਨ ਦਾ ਤਾਂ ਬਚਾਅ ਰਿਹਾ, ਪਰ ਨੇਡ਼ਲੀਆਂ ਤਿੰਨ ਦੁਕਾਨਾਂ ਦੇ ਸ਼ਟੱਰ ਟੁੱਟ ਗਏ। ਟਿੱਪਰ ਚਾਲਕ ਨਿਸ਼ਾਨ ਸਿੰਘ ਨੇ ਦਸਿਆ ਕਿ ਉਹ ਪਿੱਛਿਓਂ ਰੇਤਾ ਭਰ ਸਵੇਰੇ 7 ਵਜੇ ਦੇ ਕਰੀਬ ਚੰਦਰ ਮਾਰਬਲ ਸਾਹਮਣੇ ਪਹੁੰਚਿਆ। ਸਡ਼ਕ ਟੁੱਟੀ ਹੋਈ ਸੀ। ਅਗਿੱਓਂ ਟਰੈਕਟਰ ਟਰਾਲੀ ਨੂੰ ਬਚਾਉਣ ਦੇ ਚੱਕਰ ’ਚ ਉਸਨੇ ਟਿੱਪਰ ਸਡ਼ਕ ਦੀ ਬੰਨ੍ਹੀ ’ਤੇ ਚਡ਼੍ਹਾ ਦਿੱਤਾ, ਬੰਨ੍ਹੀ ਕੱਚੀ ਸੀ, ਅਤੇ ਟਿੱਪਰ ਥਾਂਇ ਹੀ ਬੈਠ ਗਿਆ ਅਤੇ ਇੱਕ ਪਾਸੇ ਨੂੰ ਪਲਟ ਗਿਆ।

ਟਿੱਪਰ ਦੇ ਫਰੰਟ ਸ਼ੀਸ਼ੇ ’ਤੇ ‘ਆਨ ਰੇਲਵੇ ਡਿਊਟੀ’ ਦਾ ਸਟਿੱਕਰ ਲੱਗਿਆ ਹੋਣ ’ਤੇ ਚਾਲਕ ਨੇ ਕਿਹਾ ਕਿ ਉਹ ਪਹਿਲਾਂ ਰੇਲਵੇ ਦੀ ਭਰਤੀ ਪਾਉਂਦੇ ਸੀ, ਹੁਣ ਉਹ ਨਿੱਜੀ ਕੰਮ ਲਈ ਹਿਮਾਚਲ ਪ੍ਰਦੇਸ਼ ਤੋਂ ਰੇਤਾ ਭਰ ਫਿਰੋਜ਼ਪੁਰ ਲੈ ਕੇ ਜਾ ਰਿਹਾ ਸੀ। ਚਾਲਕ ਨਿਸ਼ਾਨ ਸਿੰਘ ਨੇ ਰੇਤੇ ਦੀ ਕੋਈ ਵੀ ਰਸੀਦ ਨਾ ਹੋਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਪਿੰਡ ਅਮਰੋਹ ’ਚ ਮਾਈਨਿੰਗ ਵਿਭਾਗ ਨੇ ਗੁਆਂਢੀ ਰਾਜ ਤੋਂ ਆਉਂਦੇ ਮਾਈਨਿੰਗ ਮਟੀਰਿਅਲ ’ਤੇ ਨਿਗ੍ਹਾ ਰੱਖਣ ਅਤੇ ਰਾਇਲਿਟੀ ਵਸੂਲਣ ਲਈ ਚੈਕੱ ਪੋਸਟ ਸਥਾਪਿਤ ਕੀਤੀ ਹੋਈ ਹੈ। ਖ਼ੇਤਰ ’ਚ ਨਾਜਾਇਜ਼ ਖੁਦਾਈ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗਡ਼੍ਹ ’ਚ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਕਰੱਸ਼ਰ ਬੰਦ ਹਨ। ਬੰਦ ਪਏ ਕਰੱਸ਼ਰਾਂ ਤੋਂ ਮਾਲ ਦੀ ਉਠਾਈ ’ਤੇ ਵੀ ਰੋਕ ਹੈ। ਫਿਰ ਹਿਮਾਚਲ ਪ੍ਰਦੇਸ਼ ਤੋਂ ਰਾਇਲਿਟੀ ਦਿੱਤੇ ਬਿਨ੍ਹਾਂ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲਾਉਂਦੇ ਹੋਇਆਂ ਕਿਸਦੇ ਇਸ਼ਾਰੇ ’ਤੇ ਮਾਈਨਿੰਗ ਮਟੀਰੀਅਲ ਪੰਜਾਬ ਅੰਦਰ ਦਾਖ਼ਲ ਹੋ ਰਿਹਾ ਹੈ। ਇਹ ਸਵਾਲ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਉਠਾਏ ਹਨ।

ਖ਼ੇਤਰ ’ਚ ਗਾਹੇ ਬਗਾਹੇ ਮਾਈਨਿੰਗ ਸਮੱਗਰੀ ਦੀ ਆਵਾਜਾਈ ਸਥਾਨਕ ਪੁਲੀਸ ਅਤੇ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਕਰ ਰਹੀ ਹੈ।

ਇਸ ਮਾਮਲੇ ’ਚ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ ਹੈ। ਵਿਭਾਗ ਦੇ ਜੇਈ ਪੁਸ਼ਪਿੰਦਰ ਸੱਭਰਵਾਲ ਨੇ ਕਿਹਾ ਕਿ ਉਹ ਸਥਾਨਕ ਪੁਲੀਸ ਨੂੰ ਟਿੱਪਰ ਵੱਲੋਂ ਲਿਆਂਦੇ ਮਾਲ ਦੀ ਤਫ਼ਤੀਸ਼ ਕਰਨ ਲਈ ਇੱਕ ਲਿਖਤੀ ਸ਼ਿਕਾਇਤ ਕਰਨ ਜਾ ਰਹੇ ਹਨ। ਟਿੱਪਰ ਮਾਲਕ ਨੇ ਭਾਰਤ ਸਟੋਨ ਕਰੱਸ਼ਰ ਦੇ ਬਿੱਲ ਦਿਖਾਏ ਹਨ। ਹੈਰਾਨੀ ਦੀ ਗੱਲ ਹੈ ਕਿ ਭਾਰਤ ਸਟੋਨ ਕਰੱਸ਼ਰ ਬਲਾਕ ਹਾਜੀਪੁਰ ’ਚ ਪੈਂਦਾ ਹੈ, ਅਤੇ ਮੌਕਾ ਏ ਵਾਰਦਾਤ ਤੋਂ ਕਰੀਬ 6 ਕਿਲੋਮੀਟਰ ਪਿੱਛੇ ਪੈਂਦਾ ਹੈ। ਜਦਕਿ ਟਿੱਪਰ ਰਾਮਗਡ਼੍ਹ ਸੀਕਰੀ (ਤਲਵਾਡ਼ਾ) ਵਾਲੇ ਪਾਸਿਓਂ ਰੇਤਾ ਭਰ ਹਾਜੀਪੁਰ ਵਾਲੇ ਪਾਸੇ ਨੂੰ ਜਾ ਰਿਹਾ ਸੀ।

Leave a Reply

Your email address will not be published. Required fields are marked *