*ਪੰਚਾਇਤ ਯੂਨੀਅਨ ਨੇ ਪੰਜਾਬ ਸਰਕਾਰ ਦੇ ਫੰਡਾਂ ’ਤੇ ਲਗਾਈ ਰੋਕ ਦੇ ਫੈਸਲੇ ਦੀ ਕੀਤੀ ਨਿਖੇਧੀ, ਫੈਸਲਾ ਵਾਪਸ ਨਾ ਲੈਣ ’ਤੇ ਪੁਤਲਾ ਫ਼ੂਕ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ*

पंजाब
Spread the love

ਤਲਵਾਡ਼ਾ,25 ਮਾਰਚ (ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਵੱਲੋਂ ਪੰਚਾਇਤੀ ਫੰਡਾਂ ’ਤੇ ਲਗਾਈ ਐਣਐਲਾਨੀ ਰੋਕ ’ਤੇ ਪੰਚਾਇਤ ਯੂਨੀਅਨ ਤਲਵਾਡ਼ਾ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਇੱਥੇ ਯੂਨੀਅਨ ਦੀ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ‘ਚ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਤੱਕ ਪੰਚਾਇਤਾਂ ਨੂੰ ਕੋਈ ਫੰਡ ਨਹੀਂ ਦਿੱਤਾ, ਪਿਛਲੀ ਸਰਕਾਰ ਵੱਲੋਂ ਦਿੱਤੇ ਫੰਡ ਪੰਚਾਇਤਾਂ ਵਿਕਾਸ ਕਾਰਜਾਂ ’ਤੇ ਖਰਚ ਕਰ ਚੁੱਕੀਆਂ ਹਨ, ਪਰ ਚੋਣ ਜ਼ਾਬਤਾ ਲੱਗਣ ਕਾਰਨ ਜ਼ਿਆਦਾਤਰ ਅਦਾਇਗੀਆਂ ਰਹਿੰਦੀਆਂ ਹਨ। ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੰਚਾਇਤ ਅਫ਼ਸਰਾਂ ਨੂੰ ਮੀਮੋ ਨੰਬਰ 2/1/ 2 ਬਸ -7/ 201 ਤਹਿਤ ਮਿਤੀ 22- 03- 2020 ਨੂੰ ਪੱਤਰ ਜ਼ਾਰੀ ਕਰ ਅਗਲੇ ਹੁਕਮਾਂ ਤੱਕ ਸਾਲ 2021- 22 ਨੂੰ ਜ਼ਾਰੀ ਗ੍ਰਾਂਟਾਂ ਖਰਚ ਕਰਨ ’ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਦੇ ਫ਼ੈਸਲੇ ਕਾਰਨ ਪਿੰਡਾਂ ‘ਚ ਵਿਕਾਸ ਕਾਰਜ ਠੱਪ ਹੋ ਗਏ ਹਨ। ਪੰਚਾਇਤਾਂ ਸਾਹਮਣੇ ਕਰਵਾਏ ਕੰਮਾਂ ਦੀਆਂ ਅਦਾਇਗੀਆਂ ਕਰਵਾਉਣ ਦੀ ਮੁਸ਼ਕਿਲ ਖਡ਼੍ਹੀ ਹੋ ਗਈ ਹੈ। ਮਗਨਰੇਗਾ ਕਾਮੇ ਵਿਹਲੇ ਹੋ ਗਏ ਹਨ। ਪੰਚਾਇਤਾਂ ਸਰਕਾਰ ਦੀ ਜਾਂਚ ਤੋਂ ਨਹੀਂ ਡਰਦੀਆਂ, ਸਰਕਾਰ ਪਹਿਲਾਂ ਪੰਚਾਇਤੀ ਵਿਭਾਗ ‘ਚ ਲੋਡ਼ੀਂਦਾ ਸਟਾਫ਼ ਮੁਹੱਇਆ ਕਰਵਾਏ, ਮਨਰੇਗਾ ਯੋਜਨਾਂ ਤਹਿਤ ਪਿਛਲੇ ਤਿੰਨ ਸਾਲਾਂ ਤੋਂ ਮਟੀਰਿਅਲ ਤੇ ਮਿਸਤਰੀਆਂ ਦੀ ਰੁਕੀ ਹੋਈ ਆਦਾਇਗੀ ਅਤੇ ਕੈਟਲ ਸ਼ੈੱਡਾਂ ਦੇ ਬਕਾਏ ਬਿੱਲ ਆਦਿ ਪਹਿਲ ਦੇ ਆਧਾਰ ’ਤੇ ਜ਼ਾਰੀ ਕਰਵਾਉਣ ਵੱਲ ਧਿਆਨ ਦੇਵੇ। ਪੰਚਾਇਤ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਫੰਡਾਂ ’ਤੇ ਲਗਾਈ ਰੋਕ ਤੁਰੰਤ ਹਟਾਉਣ ਦੀ ਮੰਗ ਕੀਤੀ। ਮੰਗਾਂ ਨਾ ਮੰਨਣ ’ਤੇ ਪੰਜਾਬ ਭਰ ‘ਚ ਰੋਸ ਮੁਜ਼ਾਹਰੇ ਕਰਨ ਦੀ ਚੇਤਾਵਨੀ ਦਿੱਤੀ ਹੈ। ਪਹਿਲੀ ਅਪ੍ਰੈਲ ਨੂੰ ਤਲਵਾਡ਼ਾ ‘ਚ ਸਰਕਾਰ ਦੇ ਨਾਦਰਸ਼ਾਹੀ ਫ਼ੁਰਮਾਨ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਪਰੋਕਤ ਮੰਗਾਂ ਸਬੰਧੀ ਇੱਕ ਮੰਗ ਪੱਤਰ ਬਲਾਕ ਸਮੰਤੀ ਤਲਵਾਡ਼ਾ ਦੀ ਚੇਅਰਪਰਸਨ ਵੰਦਨਾ ਕੁਮਾਰੀ ਨੂੰ ਵੀ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਪੰਚ ਸਤਨਾਮ ਸਿੰਘ, ਸਰਪੰਚ ਕੁਲਦੀਪ ਚਾਚਾ, ਸਰਪੰਚ ਸਤਪਾਲ ਸਿੰਘ, ਸਰਪੰਚ ਜਸਵੀਰ ਸਿੰਘ,ਸਰਪੰਚ ਸੁਰੇਸ਼ ਟੋਹਲੂ, ਸਰਪੰਚ ਊਸ਼ਾ ਰਾਣੀ ਤੇ ਸੀਮਾ ਦੇਵੀ, ਸਰਪੰਚ ਕੇਵਲ ਕ੍ਰਿਸ਼ਨ, ਕੁਲਦੀਪ ਤੇ ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *