*ਵਿਦਿਅਕ ਸੈਸ਼ਨ 2022-23 ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ-ਮੁੱਖ ਮੰਤਰੀ ਵੱਲੋਂ ਐਲਾਨ*

पंजाब शिक्षा
Spread the love

ਚੰਡੀਗੜ, 30 ਮਾਰਚ (ਦਾ ਮਿਰਰ ਪੰਜਾਬ)- ਸੂਬੇ ਦੇ ਪ੍ਰਾਈਵੇਟ ਸਕੂਲਾਂ ਵਿੱਚੋਂ ਸਿੱਖਿਆ ਹਾਸਲ ਕਰਨ ਰਹੇ ਵਿਦਿਆਰਥੀਆਂ ਦੇ ਹਿੱਤ ਵਿਚ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਪ੍ਰਾਈਵੇਟ ਸਕੂਲ ਵਿਦਿਅਕ ਸੈਸ਼ਨ 2022-23 ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਵਿਚ ਕੋਈ ਵਾਧਾ ਨਹੀਂ ਕਰ ਸਕਣਗੇ ਅਤੇ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

       ਵੀਡੀਓ ਸੰਦੇਸ਼ ਰਾਹੀਂ ਇਹ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਇਸ ਵਿਦਿਅਕ ਸੈਸ਼ਨ ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਵਿਚ ਇਕ ਰੁਪਏ ਦਾ ਵਾਧਾ ਨਹੀਂ ਕਰ ਸਕਣਗੇ। ਉਨਾਂ ਅੱਗੇ ਦੱਸਿਆ ਕਿ ਇਸ ਬਾਰੇ ਨੀਤੀ ਸਕੂਲੀ ਬੱਚਿਆਂ ਦੇ ਮਾਪਿਆਂ, ਸਕੂਲ ਪ੍ਰਬੰਧਕਾਂ, ਪਿ੍ਰੰਸੀਪਲਾਂ ਅਤੇ ਹੋਰ ਸਬੰਧਤ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਲੀਕੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

       ਇਕ ਹੋਰ ਫੈਸਲਾ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੋਂ ਕੋਈ ਵੀ ਸਕੂਲ ਮਾਪਿਆਂ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਵਰਦੀ ਖਰੀਦਣ ਲਈ ਮਜਬੂਰ ਨਹੀਂ ਕਰੇਗਾ। ਉਨਾਂ ਕਿਹਾ ਕਿ ਸਬੰਧਤ ਇਲਾਕੇ ਦੀ ਆਬਾਦੀ ਦੇ ਮੁਤਾਬਕ ਲੋਕਾਂ ਦੀ ਸਹੂਲਤ ਲਈ ਸਕੂਲਾਂ ਨੂੰ ਵੱਧ ਦੁਕਾਨਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ ਜਿੱਥੋਂ ਮਾਪਿਆਂ ਨੂੰ ਆਪਣੀ ਮਰਜ਼ੀ ਮੁਤਾਬਕ ਇਨਾਂ ਨੂੰ ਖਰੀਦਣ ਦੀ ਖੁੱਲ ਹੋਵੇਗੀ। ਉਨਾਂ ਕਿਹਾ ਕਿ ਕਿਤਾਬਾਂ ਅਤੇ ਵਰਦੀ ਦੀ ਖਰੀਦ ਬਾਰੇ ਨੀਤੀ ਵੀ ਛੇਤੀ ਲਿਆਂਦੀ ਜਾਵੇਗੀ।

ਉਨਾਂ ਕਿਹਾ, “ਸਿੱਖਿਆ ਏਨੀ ਮਹਿੰਗੀ ਹੋ ਚੁੱਕੀ ਹੈ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਾਰੇ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਉਣਾ ਚਾਹੁੰਦੇ ਹਨ ਪਰ ਉਨਾਂ ਦੀ ਜੇਬ ਇਜਾਜ਼ਤ ਨਹੀਂ ਦਿੰਦੀ। ਮਜਬੂਰੀਵੱਸ, ਮਾਪਿਆਂ ਨੂੰ ਆਪਣੇ ਬੱਚੇ ਸਕੂਲਾਂ ਤੋਂ ਹਟਾਉਣੇ ਪੈ ਰਹੇ ਹਨ ਤੇ ਉਨਾਂ ਨੂੰ ਕੰਮ ਉਤੇ ਲਾਉਣਾ ਪੈ ਰਿਹਾ ਹੈ ਜਾਂ ਫੇਰ ਮਜਬੂਰਨ ਆਪਣੇ ਬੱਚਿਆਂ ਨੂੰ ਉਹ ਅਜਿਹੀ ਸਿੱਖਿਆ ਦਿਵਾ ਰਹੇ ਹਨ ਜੋ ਅੱਗੇ ਚੱਲ ਕੇ ਉਨਾਂ ਦੇ ਕੰਮ ਨਹੀਂ ਆਉਂਦੀ।”

ਵਿਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ।

Leave a Reply

Your email address will not be published. Required fields are marked *