ਹਾਜੀਪੁਰ , ਤਲਵਾੜਾ,1 ਅਪ੍ਰੈਲ (ਦੀਪਕ ਠਾਕੁਰ)-ਕੰਢੀ ਖ਼ੇਤਰ ‘ਚ 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੰਤ ‘ਚ ਸ਼ੁਰੂ ਹੋਏ ਨਾਜਾਇਜ਼ ਖਣਨ ਦੇ ਕਾਰੋਬਾਰ ਨੇ ਬਲਾਕ ਹਾਜੀਪੁਰ ਵਿੱਚ ਭਾਰੀ ਤਬਾਹੀ ਕੀਤੀ ਹੈ। ਖਣਨ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਨੇ ਦੱਸਿਆ ਕਿ ਇਲਾਕੇ ‘ਚ ਖਣਨ ਕਾਰੋਬਾਰ ਅਕਾਲੀ ਭਾਜਪਾ ਦੇ ਪਹਿਲੇ ਕਾਰਜ਼ਕਾਲ ‘ਚ ਸ਼ੁਰੂ ਹੋਇਆ, ਮੋਗਾ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਨੇ ਕਰੱਸ਼ਰ ਪਹਿਲਾਂ ਪਿੰਡ ਸੰਧਵਾਲ ਅਤੇ ਧਾਮੀਆਂ ‘ਚ ‘ਮਣ’ ਕਹਾਉਂਦੇ ਟਿੱਬਿਆਂ ’ਤੇ ਪੈਰ ਜਮਾਏ, ਮਗਰੋਂ ਸਿਆਸੀ ਪੁਸ਼ਤਪਨਾਹੀ ਅਤੇ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਖਣਨ ਕਾਰੋਬਾਰੀਆਂ ਨੇ ਖ਼ੇਤਰ ਦੇ ਸਮੁੱਚੇ ਇਲਾਕੇ ਨੂੰ ਆਪਣੀ ਗ੍ਰਿਫ਼ਤ ‘ਚ ਲੈ ਲਿਆ। ਅਕਾਲੀ ਭਾਜਪਾ ਦੇ 10 ਸਾਲਾ ਰਾਜ ਵਿੱਚ ਕਰੱਸ਼ਰ ਤੇ ਖਣਨ ਮਾਫੀਆ ਨੇ ਇਲਾਕੇ ‘ਚ ਭਾਰੀ ਤਬਾਹੀ ਕੀਤੀ, ਵਿਸ਼ਵ ਬੈਂਕ ਦੀ ਸਹਾਇਤਾ ਨਾਲ ਸਿੰਜਾਈ ਲਈ ਲਗਾਏ ਡੂੰਘੇ ਟਿਊਬਵੈਲੱਾਂ ਵਾਲੀ ਜਰਖੇਜ਼ ਜ਼ਮੀਨ ‘ਚ ਖਣਨ ਮਾਫੀਆ ਨੇ ਕਰੀਬ 100 ਤੋਂ 120 ਫੁੱਟ ਤੱਕ ਖੁਦਾਈ ਕਰਕੇ ਖੱਡੇ ਪਾ ਦਿੱਤੇ। ਵਿਰੋਧ ਕਰਨ ਵਾਲਿਆਂ ਨੂੰ ਝੂਠੇ ਮਾਮਲਿਆਂ ‘ਚ ਫਸਾ ਕੇ ਡਰਾਇਆ ਧਮਕਾਇਆ ਜਾਂਦਾ ਸੀ। 2017 ‘ਚ ਸੱਤਾ ਤਬਦੀਲੀ ਮਗਰੋਂ ਕੁੱਝ ਸਮੇਂ ਲਈ ਕਰੱਸ਼ਰ ਅਤੇ ਖਣਨ ਕਾਰੋਬਾਰ ਬੰਦ ਰਿਹਾ। ਪਰ ਕਰੀਬ ਛੇ ਮਹੀਨੇ ਬੀਤ ਜਾਣ ਉਪਰੰਤ ਖਣਨ ਕਾਰੋਬਾਰ ਨੇ ਮੁਡ਼ ਰਫ਼ਤਾਰ ਫਡ਼ ਲਈ। ਹਾਜੀਪੁਰ ਦੇ ਜੀਵਨ ਵਾਲ, ਬੱਧਣ, ਬਰਿਆਣਾ, ਕਲੇਰਾਂ, ਚੱਕਮੀਰਪੁਰ, ਹੰਦਵਾਲ ਟੋਟੇ, ਨੌਸ਼ਹਿਰਾ ਸਿੰਬਲੀ, ਦੇਵਲ, ਅਰਥੇਵਾਲ, ਮੋਹਰੀ ਚੱਕ, ਸਥਵਾਂ ਆਦਿ ਕਰੀਬ ਇੱਕ ਦਰਜਨ ਪਿੰਡਾਂ ‘ਚ ਖਣਨ ਮਾਫੀਏ ਨੇ ਭਾਰੀ ਤਬਾਹੀ ਮਚਾਈ ਹੈ। ਧਰਮਿੰਦਰ ਸਿੰਘ ਦੇ ਦੱਸਣ ਮੁਤਾਬਕ ਖ਼ੇਤਰ ‘ਚ ਇੱਕ ਦਰਜਨ ਦੇ ਕਰੀਬ ਸਟੋਨ ਕਰੱਸ਼ਰ ਚੱਲ ਰਹੇ ਹਨ, ਜਿੰਨ੍ਹਾਂ ਨੇ 800 ਏਕਡ਼ ਦੇ ਕਰੀਬ ਵਾਹੀਯੋਗ ਜ਼ਮੀਨ ਨਿਗ਼ਲ ਲਈ ਹੈ। ਖ਼ੇਤਰ ‘ਚ ਨਹਿਰਾਂ ਦੀਆਂ ਪਟਡ਼ੀਆਂ, ਪੁੱਲ, ਰਸਤੇ ਆਦਿ ਖਣਨ ਸਮੱਗਰੀ ਦੀ ਢੁਆਈ ‘ਚ ਲੱਗੀਆਂ ਗੱਡੀਆਂ ਦੀ ਭੇਂਟ ਚਡ਼੍ਹ ਗਈਆਂ ਹਨ। ਮਾਫੀਏ ਨੇ ਪੰਚਾਇਤੀ ਜ਼ਮੀਨ ਨੂੰ ਵੀ ਨਹੀਂ ਬਖ਼ਸ਼ਿਆ। ਖਣਨ ਕਾਰੋਬਾਰੀਆਂ ਦੀ ਸਿਆਸੀ ਤੇ ਅਫਸਰਸ਼ਾਹੀ ਪੁਸ਼ਤਪਨਾਹੀ ਦੇ ਚੱਲਦਿਆਂ ਲੋਕ ਬੇਵੱਸੀ ਨਾਲ ਆਪਣੀਆਂ ਜ਼ਮੀਨਾਂ ਦੀ ਤਬਾਹੀ ਦੇਖ ਰਹੇ ਹਨ। ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਤੋਂ ਲੋਕਾਂ ਨੂੰ ਭਾਵੇਂ ਬਹੁਤ ਉਮੀਦਾਂ ਹਨ, ਪਰ ਅਜੇ ਤੱਕ ਹਾਜੀਪੁਰ ਵਿੱਚ ਖਣਨ ਮਾਫੀਏ ਦਾ ਦਬਦਬਾ ਕਾਇਮ ਹੈ, ਅਤੇ ਜ਼ਮੀਨਾਂ ਦਾ ਉਜਾਡ਼ਾ ਜ਼ਾਰੀ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਸਰਕਾਰ ਤੋਂ ਨਾਜਾਇਜ਼ ਖਣਨ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।





