ਤਲਵਾਡ਼ਾ,3 ਅਪ੍ਰੈਲ(ਦੀਪਕ ਠਾਕੁਰ)-ਇੱਥੋਂ ਨਜ਼ਦੀਕੀ ਪੈਂਦੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਕਸਬਾ ਡਾਡਾ ਸੀਬਾ ਦੇ ਦੁਰਗਈਂ ਖ਼ੇਤਰ ‘ਚ ਬੀਤੀ ਰਾਤ ਸ਼ਰਧਾਲੂਆਂ ਨਾਲ ਭਰੀ ਮਹਿੰਦਰ ਪਿਕ ਅੱਪ ਗੱਡੀ ਖੱਡ ‘ਚ ਡਿੱਗ ਗਈ, ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। 17 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਸਾਰੇ ਲੋਕ ਚੇਤ ਮਹੀਨੇ ਦੇ ਨਰਾਤਿਆਂ ਦੇ ਮੱਦੇਨਜ਼ਰ ਅਮ੍ਰਿੰਤਸਰ ਤੋਂ ਮਾਤਾ ਬਰਜੇਸ਼ਵਰੀ ਦੇਵੀ ਮੰਦਰ ਕਾਂਗਡ਼ਾ ਮੱਥਾ ਟੇਕਣ ਜਾ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿਚੱਰਵਾਰ ਨੂੰ ਦੇਰ ਰਾਤ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕ ਅੱਪ ਕੋਟਲਾ ਬੇਹਡ਼ ਦੇ ਨਜ਼ਦੀਕ ਚਡ਼੍ਹਾਈ ਚਡ਼੍ਹਦਿਆਂ ਵਾਪਸ ਆ ਗਈ, ਚਾਲਕ ਦਾ ਸੰਤੁਲਨ ਵਿਗਡ਼ ਗਿਆ ਅਤੇ ਹਾਦਸਾ ਵਾਪਰ ਗਿਆ। ਹਾਦਸੇ ‘ਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚੀਕ ਚਿਹਾਡ਼ਾ ਪੈਣ ’ਤੇ ਨਜ਼ਦੀਕੀ ਲੋਕ ਮੌਕੇ ’ਤੇ ਪੁੱਜੇ ਅਤੇ ਪੁਲੀਸ ਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡਾਡਾਸੀਬਾ ਵਿਖੇ ਪਹੁੰਚਾਇਆ ਗਿਆ। ਜਿੱਥੇ ਅੱਜ ਸਵੇਰੇ ਤਡ਼ਕਸਾਰ ਜ਼ੇਰੇ ਇਲਾਜ ਇੱਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਪ੍ਰਤਾਪ ਸਿੰਘ ਪੁੱਤਰ ਸੇਠੀ ਅਤੇ ਮਹਿਲਾ ਹਰਪ੍ਰੀਤ ਕੌਰ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਡਾਡਾਸੀਬਾ ਪੁਲੀਸ ਚੌਕੀ ਪ੍ਰਭਾਰੀ ਰਾਜੇਸ਼ ਤ੍ਰਿਵੇਦੀ ਨੇ ਦੱਸਿਆ ਕਿ ਜ਼ਖਮੀਆਂ ‘ਚ ਅੱਠ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਹਨ। ਗੰਭੀਰ ਰੂਪ ‘ਚ ਜ਼ਖ਼ਮੀ 8 ਵਿਅਕਤੀਆਂ ਨੂੰ ਰਾਜਿੰਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ ਟਾਂਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਬੱਬੀ ਪਤਨੀ ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਲਾਭ ਸਿੰਘ, ਕਿਸ਼ਨ ਪੁੱਤਰ ਲਖਵਿੰਦਰ ਸਿੰਘ, ਧਰਮਜੀਤ ਪੁੱਤਰ ਸਰਵਜੀਤ ਸਿੰਘ, ਸ਼ਰਣਜੀਤ ਕੌਰ ਪਤਨੀ ਸਰਵਜੀਤ ਸਿੰਘ, ਬਲਵਿੰਦਰ ਕੌਰ ਪਤਨੀ ਪ੍ਰਤਾਪ ਸਿੰਘ, ਹਰਪ੍ਰੀਤ ਕੌਰ ਪਤਨੀ ਸਤਨਾਮ ਸਿੰਘ, ਸਤਵਿੰਦਰ ਕੌਰ ਪਤਨੀ ਮੰਗਲ ਸਿੰਘ, ਹਰਸ਼ਦੀਪ ਪੁੱਤਰ ਸਾਹਿਬ ਸਿੰਘ, ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ, ਸ਼ਕੀਨਾ ਪਤਨੀ ਗੁਰਪ੍ਰੀਤ ਸਿੰਘ, ਪਵਨਦੀਪ ਸਿੰਘ ਪੁੱਤਰ ਜਗਰੂਪ ਸਿੰਘ, ਸਰਵਜੀਤ ਸਿੰਘ ਪੁੱਤਰ ਗੁਰਨਾਮ ਸਿੰਘ, ਮਨਪ੍ਰੀਤ ਕੌਰ ਪੁਤਰੀ ਲਖਵਿੰਦਰ ਸਿੰਘ, ਅਕਾਸ਼ਦੀਪ ਪੁੱਤਰ ਸਾਹਿਬ ਸਿੰਘ, ਰਵੀ ਪੁੱਤਰ ਜਗਰੂਪ ਸਿੰਘ, ਅਕਾਸ਼ਪ੍ਰੀਤ ਸਿੰਘ ਪੁੱਤਰ ਕਰਤਾਰ ਸਿੰਘ, ਮਨਜੀਤ ਕੌਰ ਪਤਨੀ ਜਗਰੂਪ ਸਿੰਘ ਵਾਸੀਆਨ ਅਮ੍ਰਿੰਤਸਰ ਵਜੋਂ ਹੋਈ ਹੈ।





