ਤਲਵਾਡ਼ਾ,2 ਮਈ (ਦੀਪਕ ਠਾਕੁਰ)-ਬਲਾਕ ਹਾਜੀਪੁਰ ਅਧੀਨ ਆਉਂਦੇ ਪਿੰਡ ਘਗਵਾਲ ਦੀ ਮਹਿਲਾ ਸਰਪੰਚ ਤੇ ਉਸਦੇ ਸਰਪੰਚ ਪੁੱਤਰ ਨਾਲ ਮਾਰਕੁੱਟ ਦੀ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ ਵੀਡਿਓ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਸਲ ਜਾਣਕਾਰੀ ਅਨੁਸਾਰ ਮਹਿਲਾ ਸਰਪੰਚ ਤੇ ਉਸਦਾ ਸਰਪੰਚ ਪੁੱਤਰ, ਜੋ ਕਿ ਭਾਜਪਾ ਦਾ ਨੌਜਵਾਨ ਆਗੂ ਵੀ ਹੈ, ਪਿੰਡ ‘ਚ ਹੀ ਇੱਕ ਪਰਿਵਾਰ ਦੀ ਆਪਸ ਵਿੱਚ ਹੋਈ ਲਡ਼ਾਈ ਝਗਡ਼ੇ ਦੀ ਸੁਲ੍ਹਾ ਸਫ਼ਾਈ ਕਰਵਾਉੁਣ ਗਿਆ ਹੋਇਆ ਸੀ। ਪਰ ਦੋ ਭਰਾਵਾਂ ‘ਚ ਚੱਲਦੇ ਵਿਵਾਦ ਕਾਰਨ ਗੱਲ ਕਿਸੇ ਤਣ ਪੱਤਣ ਨਹੀਂ ਲਗ ਸਕੀ। ਮਾਮਲਾ ਵਿਗਡ਼ ਗਿਆ ਅਤੇ ਇੱਕ ਧਿਰ ਨੇ ਮਹਿਲਾ ਸਰਪੰਚ ਸਾਹਮਣੇ ਹੀ ਉਸਦੇ ਪੁੱਤਰ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ, ਕੱਪਡ਼ੇ ਪਾਡ਼ ਦਿੱਤੇ। ਮਾਰਕੁੱਟ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਕਰੀਬ 26 ਸੰਕਿਟ ਦੀ ਵੀਡਿਓ ‘ਚ ਇੱਕ ਵਿਅਕਤੀ ਸਰਪੰਚ ਤੇ ਉਸਦੇ ਪੁੱਤਰ ’ਤੇ ਲਡ਼ਾਈ ਝਗਡ਼ੇ ਸਬੰਧੀ ਫੈਸਲਾ ਨਾ ਕਰਵਾਉਣ ਦਾ ਦੋਸ਼ ਲਗਾਉਂਦਾ ਹੋਇਆ ਸੁਣਾਈ ਦੇ ਰਿਹਾ ਹੈ। ਜਦਕਿ ਮਹਿਲਾ ਸਰਪੰਚ ਤੇ ਕੁੱਝ ਔਰਤਾਂ ਸਰਪੰਚ ਪੁੱਤਰ ਨੂੰ ਛੁਡਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।





