*ਪੋਲਟਰੀ ਫਾਰਮ ਦੀਆਂ ਮੱਖੀਆਂ ਤੋਂ ਪ੍ਰੇਸ਼ਾਨ ਲੋਕਾਂ ਅਤੇ ਮਾਲਕ ਨੂੰ ਐਸਡੀਐਮ ਨੇ ਕੀਤਾ ਤਲਬ*

Uncategorized
Spread the love

ਤਲਵਾਡ਼ਾ,2 ਮਈ (ਦੀਪਕ ਠਾਕੁਰ)-ਇੱਥੇ ਤਲਵਾਡ਼ਾ -ਮੁਕੇਰੀਆਂ ਮੁੱਖ ਸਡ਼ਕ ਮਾਰਗ ’ਤੇ ਪਿੰਡ ਭਟੋਲੀ ਵਿਖੇ ਸਥਿਤ ਪੋਲਟਰੀ ਫਾਰਮ ਤੋਂ ਪ੍ਰੇਸ਼ਾਨ ਅੱਠ ਪਿੰਡਾਂ ਦੇ ਲੋਕਾਂ ਅਤੇ ਪੋਲਟਰੀ ਫਾਰਮ ਦੇ ਮਾਲਕ ਨੂੰ ਅੱਜ ਐਸਡੀਐਮ ਮੁਕੇਰੀਆਂ ਨੇ ਤਲਬ ਕੀਤਾ। ਦੋਵਾਂ ਧਿਰਾਂ ਦੀ ਗੱਲ ਵਾਰੋ ਵਾਰੀ ਗੱਲ ਸੁਣੀ ਅਤੇ ਮੁਡ਼ 5 ਤਾਰੀਕ ਨੂੰ ਸੱਦਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਸਥਵਾਂ ਦੀ ਮਹਿਲਾ ਸਰਪੰਚ ਸੀਮਾ ਰਾਣੀ, ਸਰਪੰਚ ਨਮੋਲੀ ਰਜਨੀਸ਼ ਸਿੰਘ, ‘ਆਪ’ ਆਗੂ ਵਿੱਕੀ ਸ਼ਰਮਾ, ਭਾਜਪਾ ਆਗੂ ਰਜਿੰਦਰ ਛੋਟੂ ਨੇ ਦੱਸਿਆ ਕਿ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪੋਲਟਰੀ ਫਾਰਮ ਨਾਲ ਲੱਗਦੇ ਅੱਠ ਪਿੰਡਾਂ ‘ਚ ਮੱਖੀਆਂ ਦੀ ਭਰਮਾਰ ਜਿਉਂ ਦੀ ਤਿਉਂ ਹੈ, ਲੋਕ ਪੋਲਟਰੀ ਫਾਰਮ ਦੀ ਗੰਦਗੀ ਤੋਂ ਪੈਦਾ ਮੱਖੀਆਂ ਅਤੇ ਆਉਂਦੀ ਬਦਬੂ ਤੋਂ ਡਾਹਢੇ ਔਖੇ ਹਨ। ਪਿਛਲੇ ਹਫ਼ਤੇ ਪੀਡ਼੍ਹਤ ਪਿੰਡ ਵਾਸੀਆਂ ਦੀ ਸ਼ਿਕਾਇਤ ‘ਤੇ ਐਸਡੀਐਮ ਮੁਕੇਰੀਆਂ ਕੰਵਲਜੀਤ ਸਿੰਘ ਨੇ ਮੌਕਾ ਦੇਖ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ, ਪੋਲਟਰੀ ਫਾਰਮ ਮਾਲਕ ਨੂੰ ਪਿੰਡਾਂ ਦੀਆਂ ਪੰਚਾਇਤਾਂ ਨਾਲ ਰਲ਼ ਕੇ ਜਰੂਰੀ ਕਦਮ ਉਠਾਉਣ ਦੀਆਂ ਹਦਾਇਤਾਂ ਵੀ ਕੀਤੀਆਂ ਸਨ, ਪਰ ਉਸਦੇ ਬਾਵਜੂਦ ਲਾਗਲੇ ਪਿੰਡ ਵਾਸੀਆਂ ਦੀ ਸਮਸਿਆ ਦਾ ਨਿਪਟਾਰਾ ਨਹੀਂ ਹੋਇਆ। ਮੱਖੀਆਂ ਦੀ ਸੱਮਸਿਆ ਪਿੰਡ ਨਮੋਲੀ, ਭਟੋਲੀ, ਰੱਕਡ਼ੀ,ਕਰਾਡ਼ੀ, ਗੱਗਵਾਲ ਚੱਕ ਸ਼ੰਗਾਰੂ, ਬਹਿਜੋਗਣ, ਸਥਵਾਂ, ਰੌਲ਼ੀ ਤੋਂ ਬਾਅਦ ਤਲਵਾਡ਼ਾ, ਮੇਨ ਬਜ਼ਾਰ ਅਤੇ ਪੁਰਾਣੇ ਤਲਵਾਡ਼ਾ ਵੱਲ ਵਧ ਰਹੀ ਹੈ। ਸਰਪੰਚ ਗੱਗਵਾਲ ਚੱਕ ਸ਼ੰਗਾਰੂ ਦੀ ਸਰਪੰਚ ਨਿਸ਼ਾ ਰਾਣੀ, ਭਾਜਾਪ ਆਗੂ ਰਜਿੰਦਰ ਛੋਟੂ ਤੇ ‘ਆਪ’ ਆਗੂ ਵਿੱਕੀ ਸ਼ਰਮਾ ਨੇ ਸੱਮਸਿਆ ਦਾ ਹੱਲ ਨਾ ਹੋਣ ’ਤੇ ਅੱਡਾ ਚੌਧਰੀ ਦਾ ਬਾਗ ਵਿਖੇ ਤਲਵਾਡ਼ਾ- ਮੁਕੇਰੀਆਂ ਸਡ਼ਕ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ।

 

Leave a Reply

Your email address will not be published. Required fields are marked *