ਹਾਜੀਪੁਰ(ਤਲਵਾਡ਼ਾ),29 ਮਈ (ਦਾ ਮਿਰਰ ਪੰਜਾਬ)ਅੱਜ ਇੱਥੇ ਪਿੰਡ ਸਰਿਆਣਾ ਵਿਖੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਬੀਤੇ ਦਿਨ ਮਾਈਨਿੰਗ ਮੰਤਰੀ,ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਸੂਬੇ ਨੂੰ ਨਾਜਾਇਜ਼ ਮਾਈਨਿੰਗ ਮੁਕਤ ਕਰਨ ਦੇ ਦਾਅਵਿਆਂ ਦੀ ਨਾਜਾਇਜ਼ ਖੁਦਾਈ ਵਾਲੀ ਜਗ੍ਹਾ ਦੀਆਂ ਸੋਸ਼ਲ ਮੀਡੀਆ ’ਤੇ ਲਾਈਵ ਤਸਵੀਰਾਂ ਸਾਂਝੀਆਂ ਕਰ ਫੂਕ ਕੱਢ ਦਿੱਤੀ।

ਧਰਮਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਤਲਵਾਡ਼ਾ ਅਤੇ ਹਾਜੀਪੁਰ ਖ਼ੇਤਰ ‘ਚ ਨਾਜਾਇਜ਼ ਖੁਦਾਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਮਾਈਨਿੰਗ ਮੰਤਰੀ ਹਰਜੋਤ ਬੈਂਸ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਧਰਾਤਲ ’ਤੇ ਉਤਰ ਕੇ ਹਕੀਕਤ ਤੋਂ ਜਾਣੂ ਹੋਣ ਦੀ ਗੱਲ ਆਖੀ। ਨੌਜਵਾਨ ਆਗੂ ਧਰਮਿੰਦਰ ਸਿੰਘ ਦੀਆਂ ਸੋਸ਼ਲ ਮੀਡੀਆ ’ਤੇ ਵਾਈਰਲ ਹੋਈਆਂ ਮਗਰੋਂ ਅੱਜ ਸਾਰਾ ਦਿਨ ਮੰਤਰੀ ਹਰਜੋਤ ਬੈਂਸ ਵੱਲੋਂ ਬਾਅਦ ਦੁਪਹਿਰ ਹਾਜੀਪੁਰ ਦੇ ਪ੍ਰਭਾਵਿਤ ਇਲਾਕਿਆਂ ਦਾ ਅਚਨਚੇਤ ਦੌਰ੍ਹਾ ਕਰਨ ਦੀਆਂ ਅਫਵਾਹਾਂ ਦਾ ਬਜ਼ਾਰ ਗਰਮ ਰਿਹਾ।

ਉਧਰ ਵੀਡਿਓ ਵਾਈਰਲ ਹੋਣ ਮਗਰੋਂ ਮਾਈਨਿੰਗ ਵਿਭਾਗ ਹਰਕਤ ‘ਚ ਆਇਆ, ਵਿਭਾਗ ਦੇ ਜੇਈ ਅਜੇ ਪਾਂਡੇ ਨੇ ਬਾਅਦ ਦੁਪਹਿਰ ਸਰਿਆਣਾ ਪਿੰਡ ‘ਚ ਕੀਤੀ ਜਾ ਰਹੀ ਖੁਦਾਈ ਵਾਲੀ ਜਗ੍ਹਾ ਦਾ ਦੌਰ੍ਹਾ ਕੀਤਾ। ਜੇਈ ਅਜੇ ਪਾਂਡੇ ਨੇ ਮੀਡੀਆ ਕਰਮੀਆਂ ਦੀ ਮੌਜ਼ੂਦਗੀ ‘ਚ ਦੱਸਿਆ ਕਿ ਹਾਜੀਪੁਰ ‘ਚ ਸਰਕਾਰ ਵੱਲੋਂ ਚਾਰ ਖੱਡਾਂ ਪਿੰਡ ਸਰਿਆਣਾ, ਸਰਿਆਣ -1, ਸੰਧਵਾਲ ਤੇ ਜੀਵਨਵਾਲ ਵਿੱਚ ਅਲਾਟ ਕੀਤੀਆਂ ਗਈਆਂ ਹਨ, ਉਕੱਤ ਖੱਡ ਵੀ ਇਨ੍ਹਾਂ ਵਿੱਚੋਂ ਇੱਕ ਹੈ। ਸਰਕਾਰ ਵੱਲੋਂ ਅਲਾਟ ਖੱਡਾਂ ‘ਚ 10 ਫੁੱਟ ਤੱਕ ਖੁਦਾਈ ਜਾਂਦੀ ਹੈ। ਪਰ ਜੇਈ ਸਾਹਿਬ ਨੂੰ 10 ਫੁੱਟ ਦੀ ਮਾਈਨਿੰਗ ਦਿਖਾਉਣ ਲਈ 50 ਫੁੱਟ ਦੀ ਉਚਾਈ ਤੱਕ ਜਾਣ ਲਈ ਮੁਸ਼ਕੱਤ ਕਰਨੀ ਪਈ। ਜੇਈ ਪਾਂਡੇ ਨੇ ਕਿਹਾ ਕਿ ਜ਼ਮੀਨ ਢਲਾਣ ‘ਚ ਹੋਣ ਕਾਰਨ ਇੰਝ ਲੱਗਦਾ ਹੈ ਕਿ ਖੁਦਾਈ ਵਧ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਬਕਾਇਦਾ ਡੀਮਾਰਕੇਸ਼ਨ ਕਰਵਾਈ ਗਈ ਹੈ ਅਤੇ ਝੰਡੀਆਂ ਤੇ ਪਿਲੱਰ ਲਗਾਏ ਹੋਏ ਹਨ, ਖੁਦਾਈ ਕੀਤੇ ਮਾਲ ਦੀ ਹਰ ਇੱਕ ਗੱਡੀ ਦਾ ਕੰਡੇ ’ਤੇ ਵਜ਼ਨ ਕੀਤਾ ਜਾਂਦਾ ਹੈ।
ਖਣਨ ਰੋਕ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਨੇ 10 ਫੁੱਟ ਤੋਂ ਵਧ ਮਾਈਨਿੰਗ ਕੀਤੇ ਜਾਣ ਦਾ ਦਾਅਵਾ ਕੀਤਾ ਹੈ।





