ਤਲਵਾਡ਼ਾ,29 ਮਈ( ਦਾ ਮਿਰਰ ਪੰਜਾਬ)-ਇੱਥੇ ਸਵਾਂ ਦਰਿਆ ‘ਚ ਖਣਨ ਮਾਫੀਆ ਵੱਲੋਂ ਨਾਜਾਇਜ਼ ਖੁਦਾਈ ਕਰਕੇ ਪਾਏ ਟੋਏ ਅਵਾਰਾ ਜਾਨਵਰਾਂ ਅਤੇ ਪਾਲਤੂ ਪਸ਼ੂਆਂ ਦੀ ਜਾਨ ਦਾ ਖੌਅ ਬਣ ਰਹੇ ਹਨ। ਖੁਦਾਈ ਕੀਤੇ ਖੱਡਿਆਂ ‘ਚ ਪਾਣੀ ਭਰਨ ਨਾਲ ਆਏ ਦਿਨ ਪਸ਼ੂ ਫਸ ਕੇ ਮਰ ਰਹੇ ਹਨ। ਪਿੰਡ ਢੁਲਾਲ ਵਿਖੇ ਸਵਾਂ ਦਰਿਆ ‘ਚ ਪਏ ਕਰੀਬ 50 ਫੁੱਟ ਤੋਂ ਵਧ ਡੂੰਘੇ ਟੋਏ ‘ਚ ਫਸ ਕੇ ਇੱਕ ਦੁਧਾਰੂ ਗਊ ਮੌਤ ਦੇ ਮੂੰਹ ਜਾ ਪਈ ਹੈ। ਪਿੰਡ ਢੁਲਾਲ ਵਾਸੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਸਦੀ ਦੁਧਾਰੂ ਗਊ ਦੀ ਸਵਾਂ ਦਰਿਆ ‘ਚ ਕਥਿਤ ਖੁਦਾਈ ਕੀਤੇ ਟੋਏ ਵਿੱਚ ਡਿਗਣ ਕਾਰਨ ਮੌਤ ਹੋ ਗਈ ਹੈ। ਗਊ ਦਾ ਦੁੱਧ ਵੇਚ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਕੇਵਲ ਕ੍ਰਿਸ਼ਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਢੁਲਾਲ ‘ਚ ਸਥਿਤ ਮਾਲਵਾ ਸਟੋਨ ਕਰੱਸ਼ਰ ਨਿਰਵਿਘਨ ਚੱਲ ਰਿਹਾ ਹੈ, ਅਤੇ ਸਵਾਂ ਦਰਿਆ ‘ਚ ਨਾਜਾਇਜ਼ ਖੁਦਾਈ ’ਤੇ ਕੋਈ ਰੋਕ ਨਹੀਂ ਲੱਗੀ ਹੈ। ਕਰੱਸ਼ਰ ‘ਚੋਂ ਨਿਕਲਦੀ ਗਾਰ ਦਲਦਲ ਦਾ ਰੂਪ ਧਾਰਨ ਕਰ ਗਈ ਹੈ, ਜੋ ਕਿ ਰਾਹਗੀਰਾਂ ਅਤੇ ਪਸ਼ੂਆਂ ਲਈ ਘਾਤਕ ਸਿੱਧ ਹੋ ਰਹੀ ਹੈ। ਖੁਦਾਈ ਕਾਰਨ ਬਣੇ ਖੱਡੇ ਪਾਣੀ ਨਾਲ ਭਰ ਗਏ ਹਨ, ਜਿਸ ਵਿੱਚ ਡਿੱਗ ਕੇ ਆਏ ਦਿਨ ਪਸ਼ੂ ਮਰ ਰਹੇ ਹਨ। ਉਸਨੇ ਖ਼ੇਤਰ ‘ਚ ਕਥਿਤ ਗਤੀਵਿਧੀਆਂ ਦਾ ਵਿਰੋਧ ਕਰਨ ’ਤੇ ਕਰੱਸ਼ਰ ਮਾਲਕਾਂ ਅਤੇ ਖਣਨ ਮਾਫੀਆ ’ਤੇ ਡਰਾਉਣ ਅਤੇ ਧਮਕਾਉਣ ਦੇ ਦੋਸ਼ ਲਗਾਏ ਹਨ। ਕੇਵਲ ਕ੍ਰਿਸ਼ਨ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲ਼ ਇਨਸਾਫ ਦੀ ਗੁਹਾਰ ਲਾਉਂਦਿਆਂ ਇਲਾਕੇ ‘ਚ ਕਰੱਸ਼ਰ ਮਾਲਕਾਂ ਅਤੇ ਖਣਨ ਮਾਫੀਆ ਦੀਆਂ ਕਥਿਤ ਗਤੀਵਿਧੀਆਂ ’ਤੇ ਨਕੇਲ ਕੱਸਣ ਅਤੇ ਸਵਾਂ ਦਰਿਆ ‘ਚ ਪਏ ਖੱਡਿਆਂ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।





