*ਪਾਣੀ ਦੀ ਨਾਕਸ ਸਪਲਾਈ ਤੋਂ ਦੁਖੀ ‘ਆਪ’ ਆਗੂ ਨੇ ਨਲ੍ਹਕੇ ਨੂੰ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ, ਵੀਡਿਓ ਸੋਸ਼ਲ ਮੀਡੀਆ ’ਤੇ ਕੀਤੀ ਵਾਇਰਲ*

पंजाब
Spread the love

ਤਲਵਾਡ਼ਾ,9 ਜੂਨ( ਦੀਪਕ ਠਾਕੁਰ)-ਗਰਮੀ ਦਾ ਕਹਿਰ ਜ਼ਾਰੀ ਹੈ, ਕੰਢੀ ਖ਼ੇਤਰ ‘ਚ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਨੀਮ ਪਹਾਡ਼ੀ ਪਿੰਡਾਂ ‘ਚ ਪਾਣੀ ਦੀ ਨਾਕਸ ਸਪਲਾਈ ਤੋਂ ਲੋਕ ਡਾਹਢੇ ਔਖੇ ਹਨ। ਖ਼ੇਤਰ ‘ਚ ਪਾਣੀ ਦੀ ਸੱਮਸਿਆ ਨਾਲ ਜੂਝ ਰਹੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਵੀਡਿਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਆਪਣੀ ਭਡ਼ਾਸ ਕੱਢ ਰਹੇ ਹਨ। ਨੇਡ਼ਲੇ ਕਸਬਾ ਦਾਤਾਰਪੁਰ ‘ਚ ਪਾਣੀ ਦੀ ਨਾਕਸ ਸਪਲਾਈ ਤੋਂ ਦੁੱਖੀ ‘ਆਪ’ ਆਗੂ ਵੱਲੋਂ ਨਲ਼ਕੇ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕਰਨ ਦੀ ਬਣਾਈ ਵੀਡਿਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਵੀਡਿਓ ‘ਚ ਪਾਣੀ ਨਾ ਆਉਣ ਤੋਂ ਦੁੱਖੀ ਆਮ ਆਦਮੀ ਪਾਰਟੀ ਦੇ ਕੰਢੀ ਖ਼ੇਤਰ ਦੇ ਵਪਾਰ ਸੈੱਲ ਦੇ ਪ੍ਰਧਾਨ ਸਤੀਸ਼ ਕੁਮਾਰ ਉਰਫ਼ ਮਾਲੀ, ਆਪਣੀ ਦੁਕਾਨ ਦੇ ਨਜ਼ਦੀਕ ਲੱਗੇ ਪਬਲਿਕ ਪੁਆਇੰਟ (ਨਲ਼ਕੇ) ਨੂੰ ਹਾਰ ਪਾ ਕੇ ਸ਼ਰਧਾਂਜਲੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ‘ਆਪ’ ਆਗੂ ਸਤੀਸ਼ ਕੁਮਾਰ ਨੇ ਦੱਸਿਆ ਕਿ ਖ਼ੇਤਰ ‘ਚ ਪੀਣ ਵਾਲੇ ਪਾਣੀ ਕਿਲੱਤ ਦਾ ਮਾਮਲਾ ਉਨ੍ਹਾਂ ਵਿਧਾਇਕ ਕਰਮਵੀਰ ਘੁੰਮਣ ਕੋਲ਼ ਵੀ ਉਠਾਇਆ ਸੀ। ਪਿਛਲੇ ਦੋ ਦਿਨਾਂ ਤੋਂ ਸੁੱਕੇ ਪਏ ਨਲ਼ਕਿਆਂ ‘ਚ 10-15 ਮਿੰਟ ਪਾਣੀ ਤਾਂ ਜਰੂਰ ਆਇਆ, ਪਰ ਇਹ ਲੋਕਾਂ ਦੀ ਪਿਆਸ ਬੁਝਾਉਣ ਲਈ ਢੁੱਕਵਾਂ ਨਹੀਂ। ਕੰਢੀ ਖ਼ੇਤਰ ‘ਚ ਡੰਗਰ ਪਸ਼ੂ ਰੱਖਣ ਵਾਲੇ ਲੋਕਾਂ ਲਈ ਡਾਹਢੀ ਮੁਸ਼ਕਿਲ ਖਡ਼੍ਹੀ ਹੋ ਗਈ ਹੈ। 

ਜਲ ਵਿਭਾਗ ਦੇ ਐਸਡੀਓ ਸਤਪਾਲ ਸਿੰਘ ਨੇ ਵਾਇਰਲ ਵੀਡਿਓ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਕੱਤ ਨਲ਼ਕਾ ਪਬਲਿਕ ਪੁਆਇੰਟ ਹੈ, ਸਰਕਾਰੀ ਹੁਕਮਾਂ ਤਹਿਤ 99 ਫੀਸਦੀ ਪਬਲਿਕ ਪੁਆਇੰਟ ਬੰਦ ਕਰ ਦਿੱਤੇ ਗਏ ਹਨ। ਪਰ ਫਿਰ ਵੀ ਉਨ੍ਹਾਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ।

 

Leave a Reply

Your email address will not be published. Required fields are marked *