*ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਵਿੱਚ ਅਗਨੀਪਥ ਯੋਜਨਾ ਖਿਲਾਫ ਮਤਾ ਲਿਆਉਣ ਦਾ ਭਰੋਸਾ ਦਿੱਤਾ*

पंजाब
Spread the love

ਜਲੰਧਰ (ਦੀਪਕ ਠਾਕੁਰ)-ਅੱਜ ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿਚ ਭਰਤੀ ਲਈ ਲਿਆਂਦੀ ਨਵੀਂ ‘ ਅਗਨੀਪਥ ਯੋਜਨਾ ‘ ਖਿਲਾਫ ਪੰਜਾਬ ਦੇ ਨੌਜਵਾਨਾਂ ਵੱਲੋਂ ਜਲੰਧਰ ਲੁਧਿਆਣਾ ਰਾਸ਼ਟਰੀ ਮਾਰਗ ਉਤੇ ਜਾਮ ਲਗਾ ਕੇ ਰੋਸ ਪ੍ਰਰਦਸ਼ਨ ਕੀਤਾ ਗਿਆ। ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਪਿੰਡਾਂ ਵਿਚੋਂ ਪੁੱਜੇ ਸੈਂਕੜੇ ਨੌਜਵਾਨਾਂ ਨੇ ਫਿਜ਼ੀਕਲ ਟੈਸਟ ਪਾਸ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਪੁਰਾਣੀ ਭਰਤੀ ਪ੍ਰਕਿਰਿਆ ਤਹਿਤ ਲੈਣ, ਨਵੀਂ ਯੋਜਨਾ ਨੂੰ ਰੱਦ ਕਰ ਫ਼ੌਜ ਦੀ ਪੁਰਾਣੇ ਪੈਟਰਨ ਉਤੇ ਪੱਕੀ ਭਰਤੀ ਸ਼ੁਰੂ ਕਰਨ, ਕੋਵਿਡ ਕਾਰਨ ਉਮਰਦਰਾਜ ਹੋ ਚੁੱਕੇ ਨੌਜਵਾਨਾਂ ਨੂੰ ਰਾਹਤ ਦੇਣ ਆਦਿ ਦੀ ਮੰਗ ਕੀਤੀ ਅਤੇ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਨੌਜਵਾਨਾਂ ਦੇ ਸੰਘਰਸ਼ ਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਨੇ ਸਮਰਥਨ ਕੀਤਾ। ਰੋਸ ਪ੍ਰਦਰਸ਼ਨ ਵਿਚ ਪੁੱਜੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਨੇ ਕੇਂਦਰ ਸਰਕਾਰ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ।

ਸਭਾ ਨੇ ਨੌਜਵਾਨਾਂ ਨੂੰ ਸ਼ਾਂਤਮਈ ਰੋਹ ਮੁਜਾਹਰਿਆਂ ਰਾਹੀਂ ਸਰਕਾਰ ਉਤੇ ਦਬਾਅ ਬਣਾਉਣ ਦੀ ਗੱਲ ਕਹੀ। ਆਪ ਮੁਹਾਰੇ ਇਕੱਤਰ ਹੋਏ ਨੌਜਵਾਨਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਨੂੰ ਡਾਹਢੀ ਮੁਸ਼ੱਕਤ ਕਰਨੀ ਪਈ, ਨੌਜਵਾਨਾਂ ਦੇ ਧਰਨੇ ਵਿਚ ਪੁੱਜੇ ਕੇਂਦਰੀ ਜਲੰਧਰ ਤੋਂ ਆਪ ਵਿਧਾਇਕ ਰਮਨ ਅਰੋੜਾ ਨੇ ਵੀ ਸੰਬੋਧਨ ਕੀਤਾ। ਕੇਂਦਰ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ। ਇਸ ਮੌਕੇ ਵਿਧਾਇਕ ਰਮਨ ਅਰੋੜਾ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਦੀ ਫੋਨ ਉਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਗੱਲ ਕਰਵਾਈ, ਜਿਸ ਵਿਚ ਮੁੱਖਮੰਤਰੀ ਨੇ ਨੌਜਵਾਨਾਂ ਨਾਲ ਡੱਟ ਕੇ ਖੜ੍ਹੇ ਹੋਣ ਦੀ ਗੱਲ ਕਹੀ, ਉਥੇ ਹੀ ਨੌਜਵਾਨਾਂ ਨੂੰ ਸ਼ਾਂਤ ਮਈ ਪ੍ਰਦਰਸ਼ਨ ਕਰਨ ਦੀ ਵੀ ਅਪੀਲ ਕੀਤੀ।

ਨੌਜਵਾਨਾਂ ਦੀ ਮੰਗ ਉਤੇ ਮੁੱਖਮੰਤਰੀ ਪੰਜਾਬ ਨੇ 24 ਤਾਰੀਕ ਨੂੰ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਅਗਨੀਪਥ ਯੋਜਨਾ ਖਿਲਾਫ ਮਤਾ ਲਿਆਕੇ ਕੇਂਦਰ ਸਰਕਾਰ ਤੋਂ ਪੁਰਾਣੀ ਭਰਤੀ ਪ੍ਰਕਿਰਿਆ ਬਹਾਲ ਕਰਨ ਦੀ ਗੱਲ ਕੀਤੀ, ਉਨ੍ਹਾਂ ਉਮਰਦਰਾਜ ਹੋ ਚੁੱਕੇ ਅਤੇ ਫ਼ੌਜ ਦੀ ਲਿਖਤੀ ਪ੍ਰੀਖਿਆ ਜਲਦ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਲਿਖ ਕੇ ਭੇਜਣ ਦਾ ਨੌਜਵਾਨਾਂ ਨੂੰ ਭਰੋਸਾ ਦਿੱਤਾ। ਨੌਜਵਾਨਾਂ ਨੇ ਪੰਜ ਦਿਨਾਂ ਦਾ ਅਲਟੀਮੇਟਮ ਦਿੰਦਿਆ ਲਿਖਤੀ ਪ੍ਰੀਖਿਆ ਦੀ ਤਾਰੀਕ ਨਾ ਐਲਾਨਣ ਉਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦੇ ਘਿਰਾਓ ਦੀ ਚੇਤਾਵਨੀ ਦਿੱਤੀ। ਇਸ ਫੈਸਲੇ ਮਗਰੋਂ ਭਾਵੇਂ ਵੱਡੀ ਗਿਣਤੀ ਨੌਜਵਾਨ ਵਾਪਿਸ ਘਰਾਂ ਨੂੰ ਪਰਤ ਗਏ, ਪਰ ਕੁਝ ਨੌਜਵਾਨ ਧਰਨੇ ਉਤੇ ਬੈਠੇ ਰਹੇ, ਜਿਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਸਮਝਾਉਣ ਤੋਂ ਬਾਅਦ ਕਰੀਬ 4 ਕੁ ਵਜੇ ਧਰਨਾ ਚੁੱਕ ਲਿਆ ।

Leave a Reply

Your email address will not be published. Required fields are marked *