ਦੀਪਕ ਠਾਕੁਰ
ਤਲਵਾਡ਼ਾ,27 ਦਸੰਬਰ-ਇੱਥੇ ਟੈਰਸ ਰੋਡ ਸਥਿਤ ਸ਼ਹਿਰ ’ਚ ਪੈਂਦੀ ਕਰੋਡ਼ਾਂ ਰੁਪਏ ਦੀ ਸਰਕਾਰੀ ਜ਼ਮੀਨ ’ਤੇ ਮਾਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਰਸੂਖਦਾਰ ਵਿਅਕਤੀ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਖ਼ੇਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਸਲ ਜਾਣਕਾਰੀ ਤਹਿਤ ਡੈਮ ਰੋਡ ’ਤੇ ਸਥਿਤ ਪੁਲ ਨੰਬਰ-2 ਦੇ ਨਜ਼ਦੀਕ ਬੀਬੀਐਮਬੀ ਦੀ ਪੈਂਦੀ ਇੱਕ ਕਨਾਲ 19 ਮਰਲੇ ਜ਼ਮੀਨ ’ਤੇ ਸ਼ਹਿਰ ਦੇ ਰਸੂਖਦਾਰ ਵਿਅਕਤੀ ਨੇ ਮਹਿਕਮਾ ਮਾਲ ਦੇ ਰਿਕਾਰਡ ’ਚ ਕਥਿਤ ਤਰੁੱਟੀਆਂ ਦਾ ਲਾਭ ਉਠਾ ਕੇ ਪਹਿਲਾਂ ਆਪਣੇ ਨਾ ਰਜਿਸਟਰੀ ਕਰਵਾ ਲਈ ਅਤੇ ਹੁਣ ਉਸ ਜ਼ਮੀਨ ’ਤੇ ਤਾਰ ਬੰਦੀ ਕਰਕੇ ਕਬਜ਼ਾ ਕਰ ਲਿਆ ਹੈ। ਆਰਟੀਆਈ ਕਾਰਜ਼ਕਰਤਾ ਬੀਰਬਲ ਸਿੰਘ ਨੇ ਦਸਿਆ ਕਿ ਸੂਚਨਾ ਅਧਿਕਾਰ 2005 ਅਧੀਨ ਮਹਿਕਮਾ ਮਾਲ ਤੋਂ ਮੰਗੀ ਜਾਣਕਾਰੀ ’ਚ ਖੁਲਾਸਾ ਹੋਇਆ ਕਿ ਸਾਲ 1962-63 ’ਚ ਬੀਬੀਐਮਬੀ ਨੇ ਪੌਂਗ ਡੈਮ ਦੀ ਉਸਾਰੀ ਦੌਰਾਨ ਰਸਤੇ ਅਤੇ ਪੁਲ ਆਦਿ ਦੇ ਨਿਰਮਾਣ ਲਈ ਹਦਬਸਤ ਨੰਬਰ 604 ਖਸਰਾ ਨੰਬਰ 1631/1 ਕੁੱਲ ਰਕਬਾ ਇੱਕ ਕਨਾਲ 19 ਮਰਲੇ ਜ਼ਮੀਨ ਐਕੁਆਇਰ ਕੀਤੀ ਸੀ, ਉਸ ਵਕਤ ਇਹ ਜ਼ਮੀਨ ਪ੍ਰਾਵਿਸ਼ਨਲ ਗੌਰਮਿੰਟ ਮੁਸ਼ਤਰੀ ਦੇ ਨਾਮ ’ਤੇ ਇੰਤਕਾਲ ਨੰਬਰ 1818 ਅਤੇ 1821 ਤਹਿਤ ਤਬਦੀਲ ਮਲਕੀਅਤ ਹੋਈ ਸੀ। ਪਰ ਜਮਾਂਬੰਦੀ ਸਾਲ 1967- 68 ਵਿਚ ਮਹਿਕਮਾ ਮਾਲ ਨੇ ਗਲਤ ਇੰਦਰਾਜ ਕਰਕੇ ਉਕਤ ਰਕਬੇ ਦੇ ਮਾਲਕੀ ਖਾਨੇ ’ਚ ਬ੍ਰਹਮੀ ਦੇਵੀ ਪਤਨੀ ਗੋਪਾਲ ਗੋਪਾਲ ਦਾਸ ਬਗੈਰਾ ਦੇ ਨਾਮ ਦਰਜ ਕਰ ਦਿੱਤਾ, ਅਤੇ ਕਾਸ਼ਤਕਾਰ ਖਾਨੇ ’ਚ ਗਿਆਨ ਚੰਦ, ਚਰਨ ਸਿੰਘ ਪੁਤਰਾਨ ਰੱਘਾ ਰਾਮ ਬਗੈਰਾ ਦੇ ਨਾਮ ਦਰਜ ਕੀਤੇ। ਇੰਦਰਾਜ ਜਮਾਂਬੰਦੀ ਸਾਲ 1972-73 ਵਿੱਚ ਇਹ ਜ਼ਮੀਨ ਤਕਸੀਮ ਕਰਵਾ ਕੇ ਕਾਸ਼ਤਕਾਰ ਖਾਨੇ ’ਚ ਦਰਜ ਗਿਆਨ ਚੰਦ, ਚਰਨ ਸਿੰਘ ਪੁਤਰਾਨ ਰਘਾ ਰਾਮ ਬਗੈਰਾ ਨੂੰ ਮਾਲਕੀ ਖਾਨੇ ਵਿਚ ਦਰਜ ਕਰ ਦਿੱਤਾ। ਮਿਤੀ 08/07/2020 ਨੂੰ ਰਪਟ ਨੰਬਰ 421 ਤਹਿਤ ਇਹ ਜ਼ਮੀਨ ਸ਼ਹਿਰ ਦੇ ਰਸੂਖਦਾਰ ਵਿਅਕਤੀ ਨੇ ਖਰੀਦ ਲਈ। ਸ਼ਹਿਰ ’ਚ ਪੈਂਦੀ ਬੀਬੀਐਮਬੀ ਦੀ ਕਰੌਡ਼ਾਂ ਰੁਪਏ ਜ਼ਮੀਨ ’ਤੇ ਰਸੂਖਦਾਰ ਵਿਅਕਤੀ ਨੇ ਤਾਰਬੰਦੀ ਕਰਕੇ ਆਰਜ਼ੀ ਕਬਜ਼ਾ ਕਰ ਲਿਆ ਹੈ। ਆਰਟੀਆਈ ਕਾਰਜ਼ਕਰਤਾ ਬੀਰਬਲ ਸਿੰਘ ਨੇ ਦਸਿਆ ਕਿ ਮਹਿਕਮਾ ਮਾਲ ਅਤੇ ਬੀਬੀਐਮਬੀ ਨਾਲ ਹੋਏ ਪੱਤਰ ਵਿਹਾਰ ਦੌਰਾਨ ਨਾਇਬ ਤਹਿਸੀਲਦਾਰ ਤਲਵਾਡ਼ਾ ਨੇ ਮੰਨਿਆ ਹੈ ਕਿ ਸਾਲ 1967-68 ਵਿੱਚ ਉਕਤ ਜ਼ਮੀਨ ਦਾ ਗਲਤ ਇੰਦਰਾਜ ਹੋਇਆ ਹੈ, ਉਨ੍ਹਾਂ ਇਸੇ ਮਹੀਨੇ ਦੀ 18 ਤਾਰੀਕ ਨੂੰ ਇੱਕ ਪੱਤਰ ਐਸਡੀਐਮ ਮੁਕੇਰੀਆਂ ਨੂੰ ਉਕਤ ਜ਼ਮੀਨ ਪ੍ਰਾਵਿਸ਼ਨਲ ਗੌਰਮਿੰਟ ਦੇ ਨਾਮ ਦਰਜ ਕਰਕੇ ਮਾਲ ਰਿਕਾਰਡ ’ਚ ਦਰੁੱਸਤੀ ਕਰਨ ਅਤੇ ਸਾਲ 2020 ’ਚ ਅਮਲ ਦਰਾਮਦ ਇੰਤਕਾਲ ਦਰਜ ਕਰਨ ਤੋਂ ਰੋਕ ਲਗਾਈ ਜਾਣ ਨੂੰ ਵਾਜਿਬ ਦਸਦਿਆਂ ਅਗਲੇਰੀ ਯੋਗ ਕਾਰਵਾਈ ਲਈ ਭੇਜਿਆ ਹੈ। ਬੀਬੀਐਮਬੀ ਨੇ ਇਸ ਮਾਮਲੇ ’ਤੇ ਚੁੱਪੀ ਵੱਟੀ ਹੋਈ ਹੈ।
ਬੀਬੀਐਮਬੀ ਦੇ ਐਕਸਿਅਨ ਹਰਪ੍ਰੀਤ ਸਿੰਘ ਨੇ ਉਕਤ ਮਾਮਲਾ ਪ੍ਰਸ਼ਾਸਨ ਦੇੇ ਧਿਆਨ ’ਚ ਹੋਣ ਦੀ ਗੱਲ ਕਹੀ। ਇਸ ਸਬੰਧੀ ਨਾਇਬ ਤਹਿਸੀਲਦਾਰ ਤਲਵਾਡ਼ਾ, ਐਸਡੀਐਮ ਮੁਕੇਰੀਆਂ ਅਤੇ ਥਾਣਾ ਤਲਵਾਡ਼ਾ ਨੂੰ ਵੀ ਲਿਖਿਆ ਗਿਆ ਹੈ। ਪਿਛਲੇ ਦਿਨੀਂ ਉਕਤ ਵਿਅਕਤੀ ਵੱਲੋਂ ਤਾਰਬੰਦੀ ਕਰਕੇ ਅਤੇ ਜ਼ਮੀਨ ‘ਚ ਭਰਤੀ ਪਵਾਉਣ ਦੀ ਜਾਣਕਾਰੀ ਮਿਲੀ ਸੀ, ਜਿਸਨੂੰ ਤੁਰੰਤ ਮੁਲਾਜ਼ਮ ਭੇਜ ਕੇ ਬੰਦ ਕਰਵਾਇਆ ਸੀ।
ਲੰਬਡ਼ਦਾਰ ਚੰਦਰ ਸ਼ੇਖਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਬੀਬੀਐਮਬੀ ਦੀ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਕੀਤਾ। ਇਹ ਜ਼ਮੀਨ ਉਨਾਂ ਦੀ ਆਪਣੀ ਮਾਲਕੀ ਹੈ, ਵਧੇਰੇ ਜਾਣਕਾਰੀ ਲਈ ਸਬੰਧਤ ਵਿਭਾਗਾਂ ਨਾਲ ਸੰਪਰਕ ਕਰਨ ਦਾ ਮਸ਼ਵਰਾ ਦਿੱਤਾ।
ਕੀ ਕਹਿੰਦੇ ਹਨ ਅਧਿਕਾਰੀ :-
ਤਹਿਸੀਲਦਾਰ ਮੁਕੇਰੀਆਂ ਅਮ੍ਰਿੰਤਬੀਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਮਾਲ ਰਿਕਾਰਡ ’ਚ ਦਰੁੱਸਤੀ ਦਾ ਅਧਿਕਾਰ ਨਾਇਬ ਤਹਿਸੀਲਦਾਰ ਤਲਵਾਡ਼ਾ ਕੋਲ਼ ਹੈ।ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਨੂੰ ਵਾਰ ਵਾਰ ਫੋਨ ਕਰਨ ’ਤੇ ਉਨ੍ਹਾਂ ਫੋਨ ਉਠਾਉਣਾ ਮੁਨਾਸਿਬ ਨਹੀਂ ਸਮਝਿਆ।