ਜਲੰਧਰ (ਦਾ ਮਿਰਰ ਪੰਜਾਬ) ਬਹੁਜਨ ਸਮਾਜ ਪਾਰਟੀ ( ਬਸਪਾ ) ਨੇ ਰਾਜਸਥਾਨ ‘ ਚ ਸਕੂਲ ਵਿਦਿਆਰਥੀ ਇੰਦਰ ਮੇਘਵਾਲ ਦੀ ਹੱਤਿਆ ਅਤੇ ਦਲਿਤਾਂ ‘ ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲਿਆਂ ਨੂੰ ਲੈ ਕੇ ਅੱਜ ਵੀਰਵਾਰ ਨੂੰ ਡੀਸੀ ਦਫਤਰ ਜਲੰਧਰ ਸਾਹਮਣੇ ਪ੍ਰਦਰਸ਼ਨ ਕੀਤਾ । ਇਸ ਤੋਂ ਬਾਅਦ ਡੀਸੀ ਰਾਹੀਂ ਰਾਸ਼ਟਰਪਤੀ ਦੇ ਨਾਂ ਇੱਕ ਮੈਮੋਰੰਡਮ ਦਿੱਤਾ ਗਿਆ , ਜਿਸਦੇ ਰਾਹੀਂ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਕੇ ਉਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਗਈ ।

ਇਸ ਸਬੰਧ ‘ ਚ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਗੁਰਮੇਲ ਚੁੰਬਰ ਨੇ ਕਿਹਾ ਕਿ ਰਾਜਸਥਾਨ ਸੂਬੇ ‘ ਚ ਕਾਂਗਰਸ ਰਾਜ ‘ ਚ ਦਲਿਤਾਂ ‘ ਤੇ ਲਗਾਤਾਰ ਅੱਤਿਆਚਾਰ ਹੋ ਰਹੇ ਹਨ । ਦਲਿਤਾਂ ‘ ਤੇ ਅੱਤਿਆਚਾਰਾਂ ਦੇ ਮਾਮਲਿਆਂ ‘ ਚ ਇਹ ਸੂਬਾ ਦੇਸ਼ ਭਰ ‘ ਚੋਂ ਤੀਜੇ ਨੰਬਰ ‘ ਤੇ ਹੈ । ਬੀਤੇ ਦਿਨੀਂ ਇਸ ਸੂਬੇ ਦੇ ਜਾਲੌਰ ਜ਼ਿਲ੍ਹੇ ‘ ਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਤੀਜੀ ਕਲਾਸ ਦੇ ਇੱਕ ਵਿਦਿਆਰਥੀ ਇੰਦਰ ਮੇਘਵਾਲ ਵੱਲੋਂ ਘੜੇ ‘ ਚੋਂ ਪਾਣੀ ਪੀਣ ਕਰਕੇ ਉਸਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ , ਜਿਸ ਕਰਕੇ ਉਸਦੀ ਮੌਤ ਹੋ ਗਈ । ਰਾਜਸਥਾਨ ਦੀ ਕਾਂਗਰਸ ਸਰਕਾਰ ਦੇ ਰਾਜ ‘ ਚ ਮਾੜੇ ਪ੍ਰਬੰਧ ਕਰਕੇ ਇੰਦਰ ਮੇਘਵਾਲ ਦੀ ਜਾਨ ਚਲੀ ਗਈ । ਕਾਂਗਰਸ ਸਰਕਾਰ ਨੇ ਪਰਿਵਾਰ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ । ਉਲਟਾ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ‘ ਤੇ ਪੁਲਿਸ ਲਾਠੀਚਾਰਜ ਕੀਤਾ ਗਿਆ । ਇਹ ਸਰਕਾਰ ਅਨੁਸੂਚਿਤ ਜਾਤੀ , ਪੱਛੜੇ ਵਰਗਾਂ ਦੇ ਨਾਲ – ਨਾਲ ਆਮ ਲੋਕਾਂ ਨੂੰ ਇਨਸਾਫ ਦੇਣ ’ ਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ । ਇਸ ਮੌਕੇ ਸੂਬਾ ਸੈਕਟਰੀ ਇੰਜ ਜਸਵੰਤ ਰਾਏ , ਪੀਡੀ ਸ਼ਾਂਤ , ਸੂਬਾ ਕੈਸ਼ੀਅਰ ਪਰਮਜੀਤ ਮੱਲ , ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ , ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿਜੇ ਯਾਦਵ , ਬਸਪਾ ਆਗੂ ਬਲਵਿੰਦਰ ਰੌਲ , ਹਲਕਾ ਆਦਮਪੁਰ ਪ੍ਰਧਾਨ ਹਰਜਿੰਦਰ ਬਿੱਲਾ ਮਹਿਮਦਪੁਰ , ਹਲਕਾ ਕਰਤਾਰਪੁਰ ਪ੍ਰਧਾਨ ਸ਼ਾਦੀ ਲਾਲ ਬੋਲਾਂ , ਹਲਕਾ ਉੱਤਰੀ ਇੰਚਾਰਜ ਸਤਪਾਲ ਬੱਧਣ , ਹਲਕਾ ਕੇਂਦਰੀ ਪ੍ਰਧਾਨ ਰਣਜੀਤ ਕੁਮਾਰ , ਹਲਕਾ ਜਲੰਧਰ ਕੈਂਟ ਪ੍ਰਧਾਨ ਐਡਵੋਕੇਟ ਮਹਿੰਦਰ ਪਾਲ , ਚਮਨ ਲਾਲ ਘੋੜੇਵਾਹੀ , ਆਦਿ ਆਗੂ ਵੀ ਮੌਜੂਦ ਸਨ ।





