ਦੀਪਕ ਠਾਕੁਰ
ਤਲਵਾਡ਼ਾ, 2 ਸਤੰਬਰ- ਇੱਥੇ ਨੀਮ ਪਹਾਡ਼ੀ ਪਿੰਡਾਂ ’ਚ ਬਾਅਦ ਦੁਪਹਿਰ ਪਏ ਭਾਰੀ ਮੀਂਹ ਪਿਆ। ਖੱਡਾਂ ’ਚ ਹਡ਼੍ਹ ਆਉਣ ਕਾਰਨ ਤਲਵਾਡ਼ਾ-ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ।ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਤਲਵਾਡ਼ਾ ਅਧੀਨ ਆਉਂਦੇ ਪਿੰਡ ਬਰਿੰਗਲੀ, ਸੁਖਚੈਨਪੁਰ, ਭੋਲ ਕਲੌਤਾ, ਪਲਾਹਡ਼, ਧਰਮਪੁਰ, ਅਮਰੋਹ, ਰਾਮਗਡ਼੍ਹ ਸੀਕਰੀ, ਭਵਨੌਰ ਆਦਿ ਨੀਮ ਪਹਾਡ਼ੀ ਪਿੰਡਾਂ ’ਚ ਬਾਅਦ ਦੁਪਹਿਰ ਲਗਾਤਾਰ ਮੋਹਲੇਧਾਰ ਮੀਂਹ ਪਿਆ। ਜਿਸ ਕਾਰਨ ਬਰਿੰਗਲੀ, ਪਲਾਹਡ਼, ਭੋਲ ਕਲੌਤਾ, ਧਰਮਪੁਰ ਆਦਿ ਖੱਡਾਂ ’ਚ ਹਡ਼੍ਹ ਆ ਗਏ। ਤਲਵਾਡ਼ਾ-ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਕੁੱਝ ਸਮਾਂ ਆਵਾਜਾਈ ’ਚ ਵਿਘਨ ਪਿਆ। ਸਕੂਲਾਂ, ਕਾਲਜਾਂ, ਦਫ਼ਤਰੀ ਆਦਿ ਦੀ ਛੁੱਟੀ ਦਾ ਸਮਾਂ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।





