ਪੈਰਿਸ /ਨਿਊ ਦਿੱਲੀ 25 ਮਾਰਚ ( ਭੱਟੀ ਫਰਾਂਸ ) ਹਰੇਕ ਗੱਲ ਵਿੱਚ ਪਬਲਿਕ ਦੀ ਰਾਏ ਲੈਣ ਲਈ ਮਸ਼ਹੂਰ ਆਮ ਆਦਮੀ ਪਾਰਟੀ ਨੇ ਇਸ ਵਾਰ ਤਾਕਤ ਦੇ ਨਸ਼ੇ ਵਿੱਚ ,ਪਬਲਿਕ ਦੀ ਰਾਏ ਤਾਂ ਰਹੀ ਇੱਕ ਪਾਸੇ ,ਪੰਜਾਬ ਦੇਮੌਜੂਦਾ ਉੱਖ ਮੰਤਰੀ ਤੱਕ ਦੀ ਵੀ ਸਲਾਹ ਨਹੀਂ ਲਈ | ਵੈਸੇ ਦੇਖਿਆ ਜਾਵੇ ਤਾਂ ਇਹ ਉਨ੍ਹਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ , ਜਿਹ੍ਹੜੇ ਬਦਲਾਵ ਬਦਲਾਵ ਦਾ ਰੌਲਾ ਪਾ ਰਹੇ ਸਨ | ਇਹੋ ਜਿਹੀ ਤਾਨਾਸ਼ਾਹੀ ਤਾਂ ਰਵਾਇਤੀ ਪਾਰਟੀਆਂ ਵੀ ਨਹੀਂ ਸਨ ਕਰਦੀਆਂ | ਪੰਜਾਬ ਦੇ ਪਿਛਲੇ ਇਤਿਹਾਸ ਮੁਤਾਬਿਕ ਅੱਜ ਤੱਕ ਜਿਤਨੇ ਵੀ ਰਾਜ ਸਭਾ ਮੈਂਬਰ ਪੰਜਾਬ ਦੇ ਕੋਟੇ ਵਿੱਚੋਂ ਚੁਣੇ ਜਾਂ ਨਾਮਜਦ ਹੁੰਦੇ ਰਹੇ ਹਨ ,ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਕਲਚਰ ਅਤੇ ਮਸਲਿਆਂ ਦੀ ਡੂੰਘੀ ਸਮਝ ਰੱਖਣ ਵਾਲਿਆਂ ਦਾ ਰਿਹਾ ਹੈ |
ਵੈਸੇ ਇਹ ਤਾਂ ਸ਼ੁਰੂਆਤਾਂ ਨੇ ਮਿੱਤਰੋ ਅੱਗੇ ਅੱਗੇ ਦੇਖੋ ਹੁੰਦਾ ਕਿਆ ਕਿਆ ਹੈ | ਬਦਲਾਵ ਦੇ ਨਾਮ ਉੱਪਰ ਇਸ ਪਾਰਟੀ ਦੇ ਮੋਢੀਆਂ ਨੇ ਸਾਨੂੰ ਇੱਕ ਤਰਾਂ ਨਾਲ ਬਿਨਾਂ ਜ਼ੋਰ ਅਜਮਾਇਸ਼ ਦੇ ਬਾਹਰਲਿਆਂ ਦੇ ਗੁਲਾਮ ਬਣਾ ਦਿੱਤਾ ਹੈ | ਬਾਦਲ , ਕੈਪਟਨ ਅਤੇ ਚੰਨੀ ਵਰਗਿਆਂ ਦੇ ਅਸੀ ਆਪੋ ਆਪਣੇ ਹਿਸਾਬ ਨਾਲ ਬਹੁਤ ਸਾਰੇ ਚੁਟਕਲੇ , ਭੱਦੇ ਮਜਾਕ ਅਤੇ ਹੱਦੋਂ ਵੱਧ ਨੀਵੇਂ ਦਿਖਾਉਣ ਵਾਲੀਆਂ ਬੇਤੁਕੀਆਂ ਗੱਲਾਂ ਕਰ ਕਰ ਕੇ ,ਉਨ੍ਹਾਂ ਨੂੰ ਤਾਂ ਪਾਸੇ ਕਰ ਦਿੱਤਾ ਹੈ ,ਐਪਰ ਅਸੀਂ ਅਸਿੱਧੇ ਢੰਗ ਨਾਲ ਪੰਜਾਬ ਤੋਂ ਬਾਹਰਲੇ ਲੋਕਾਂ ਦੇ ਹੱਥ ਪੰਜਾਬ ਦੀ ਵਾਗਡੋਰ ਫੜਾ ਕੇ ਜਿਹੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ , ਇਸਦਾ ਖਮਿਆਜਾ ਜਦੋਂ ਸਾਨੂੰ ਕੁਝ ਸਾਲਾਂ ਬਾਅਦ ਭੁਗਤਣਾ ਪਿਆ ਤਾਂ ਫਿਰ ਅਸੀ ਮੰਨਾਗੇ ਕਿ ਜਿਹੜੀ ਗਲਤੀ ਭਾਰਤ ਅਜਾਦ ਹੋਣ ਵੇਲੇ ਇਕੱਲੇ ਸਰਦਾਰ ਬਲਸੇਵ ਸਿੰਘ ਨੇ ਕੀਤੀ ਸੀ , ਉਹੋ ਗਲਤੀ ਪੰਜਾਬ ਦੇ ਸੱਤਰ ਪ੍ਰਤੀਸ਼ੱਤ ਲੋਕਾਂ ਨੇ ਜਾਣੇ ਅਣਜਾਣੇ ਵਿੱਚ ਕਰ ਕੇ ਸਮੁੱਚੇ ਪੰਜਾਬੀਆਂ ਨੂੰ ਗੁਲਾਮ ਬਣਾਉਣ ਵਾਸਤੇ ਮਜਬੂਰ ਕਰ ਦਿਤਾ ਹੈ | ਫਿਰ ਉਸ ਵਕਤ ਸਾਡੇ ਕੋਲ ਸਿਵਾਏ ਸ਼ਹੀਦੀਆਂ ਪਾਉਣ ਜਾਂ ਮੋਰਚੇ ਲਾਉਣ ਤੋਂ ਬਿਨਾਂ ਕੁਝ ਨਹੀਂ ਬਚਣਾ |
ਵਿਧਾਨ ਸਭਾ ਰਾਹੀਂ ਪੰਜਾਬੀਆਂ ਦੇ ਫਾਇਦੇ ਵਾਲੇ ਕਾਨੂੰਨ ਬਣਵਾ ਕੇ ਅਜਾਦ ਰਾਜ ਕਹਾਉਣ ਵਾਲਾ ਜਮਹੂਰੀ ਹੱਕ ਤਾਂ ਸਾਡੇ ਹਥੋਂ ਨਿਕਲ ਚੁੱਕਾ ਹੈ , ਇਸ ਲਈ ਹੁਣ ਜੇਕਰ ਬਚਾ ਸਕਦੇ ਹੋ ਤਾਂ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਅਸਥਾਨ ਬਚਾ ਲਵੋ ,ਵਰਨਾ ਸਿੱਖੀ ਭੇਖ ਵਿੱਚ ਸਾਡੇ ਆਪਣੇ ਹੀ ਮੂਰਖਤਾ ਵਸ ਇਹ ਬਿਆਨ ਦੇਈ ਜਾ ਰਹੇ ਹਨ ਕਿ ਹੁਣ ਸ਼੍ਰੋਮਣੀ ਕਮੇਟੀ ਵਿੱਚ ਵੀ ਆਪ ਵਾਲਿਆਂ ਦਾ ਹੀ ਬੋਲ ਬਾਲਾ ਹੋਣਾ ਚਾਹੀਦਾ ਹੈ ,ਚਲੋ ਮੰਨ ਲਿਆ ਕਿ ਇਹੋ ਜਿਹੇ ਬਿਆਨ ਦੇਣ ਵਾਲੇ ਜਾਂ ਇਹੋ ਜਿਹੀ ਸੋਚ ਰੱਖਣ ਵਾਲੇ ਸਹੀ ਹਨ , ਤਾਂ ਫਿਰ ਜਿਹੜੀਆਂ ਥੋੜੀਆਂ ਬਹੁਤ ਦਸਤਾਂਰਾਂ ਤੁਹਾਨੂੰ ਪੰਜਾਬ ‘ਚ ਦਿਖਦੀਆਂ ਹਨ , ਇਨ੍ਹਾਂ ਤੋਂ ਵਾਂਝੇ ਹੋ ਜਾਵੋਗੇ | ਅਜੇ ਵੇਲਾ ਹੈ ਬੁਧੀਜੀਵੀਆਂ ਵਾਸਤੇ ਜੇਕਰ ਉਹ ਅੱਗੇ ਆ ਕੌਮ ਨੂੰ ਸੇਧ ਦੇਣ ਤਾਂ ਬਚਿਆ ਜਾ ਸਕਦਾ ਹੈ ,ਦੂਸਰਾ ਲਿਖਾਰੀ ਵੀ ਜੇਕਰ ਚਾਹੁਣ ਤਾਂ ਉਹ ਵੀ ਆਪਣੀ ਕਲਮ ਦੇ ਜ਼ੋਰ ਨਾਲ ਕੌਮ ‘ਚ ਜਾਗਰੂਕਤਾ ਲਿਆ ਸਕਦੇ ਹਨ , ਬੱਸ ਲੋੜ ਹੈ ਜਾਗਣ ਦੀ ਵਰਨਾ ਬੀਤਿਆ ਵੇਲਾ ਹੱਥ ਨਹੀਂ ਆਉਣਾ |





