*ਬਸਪਾ ਨੇ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਐਸਐਸਪੀ ਜਲੰਧਰ ਦਿਹਾਤੀ ਦਫਤਰ ਸਾਹਮਣੇ ਕੀਤਾ ਪ੍ਰਦਰਸ਼ਨ*

देश पंजाब
Spread the love

ਜਲੰਧਰ (ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਬੁੱਧਵਾਰ ਨੂੰ ਐਸਐਸਪੀ ਜਲੰਧਰ ਦਿਹਾਤੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਪ ਸਰਕਾਰ ਦੇ ਰਾਜ ’ਚ ਆਮ ਲੋਕਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਦੇ ਮਾਮਲੇ ਚੁੱਕਦੇ ਹੋਏ ਕਰੀਬ ਤਿੰਨ ਘੰਟੇ ਤੱਕ ਧਰਨਾ ਦਿੱਤਾ ਗਿਆ।

ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਅਗਵਾਈ ’ਚ ਕੀਤੇ ਗਏ ਇਸ ਪ੍ਰਦਰਸ਼ਨ ’ਚ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਗਈ।
ਐਸਐਸਪੀ ਜਲੰਧਰ ਦਿਹਾਤੀ ਦੇ ਦਫਤਰ ਅੱਗੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸੂਬੇ ’ਚ ਜਦੋਂ ਤੋਂ ਆਪ ਸਰਕਾਰ ਬਣੀ ਹੈ, ਉਦੋਂ ਤੋਂ ਆਪ ਦੇ ਵਿਧਾਇਕਾਂ ਤੇ ਹੋਰ ਸੱਤਾਧਾਰੀ ਆਗੂਆਂ ਵੱਲੋਂ ਸਰਕਾਰੀ ਮਸ਼ੀਨਰੀ ਦੀ ਨਿੱਜੀ ਹਿੱਤਾਂ ’ਚ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ਖਿਲਾਫ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਹਲਕਾ ਕਰਤਾਰਪੁਰ ’ਚ ਆਪ ਵਿਧਾਇਕ ਵੱਲੋਂ ਸੰਵਿਧਾਨਕ ਵਿਵਸਥਾ ਭੰਗ ਕਰਕੇ ਰਾਜਨੀਤਕ ਵਿਰੋਧੀ ਧਿਰਾਂ ਖਿਲਾਫ ਪੁਲਿਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਸਪਾ-ਅਕਾਲੀ ਗੱਠਜੋੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ ਅਤੇ ਨਾ ਹੀ ਗੱਠਜੋੜ ਦੇ ਵਰਕਰਾਂ-ਸਮਰਥਕਾਂ ਨਾਲ ਧੱਕੇਸ਼ਾਹੀ ਹੋਣ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਿੰਡ ਮੰਨਣ ’ਚ ਆਪ ਵਿਧਾਇਕ ਵੱਲੋਂ ਆਪਣੇ ਪ੍ਰਭਾਵ ਰਾਹੀਂ ਪਿੰਡ ਦੇ ਪੰਜ ਆਮ ਲੋਕਾਂ ਖਿਲਾਫ ਇੱਕ ਝੂਠਾ ਪਰਚਾ ਦਰਜ ਕਰਾਇਆ ਗਿਆ ਹੈ, ਜਿਸਨੂੰ ਰੱਦ ਕਰਾਉਣ ਲਈ ਬਸਪਾ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਪਿੰਡਾਂ ’ਚ ਨਿੱਜੀ ਰੰਜਿਸ਼ਾਂ ਤਹਿਤ ਆਮ ਲੋਕਾਂ ਖਿਲਾਫ ਲਗਾਤਾਰ ਝੂਠੀਆਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸਦਾ ਬਸਪਾ ਡਟ ਕੇ ਵਿਰੋਧ ਕਰ ਰਹੀ ਹੈ। ਇਸੇ ਤਰ੍ਹਾਂ ਹੀ ਫਿਲੌਰ ਹਲਕੇ ਨਾਲ ਸਬੰਧਤ ਕਈ ਮਸਲਿਆਂ ’ਚ ਆਮ ਲੋਕਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪ ਸਰਕਾਰ ਨੇ ਆਪਣਾ ਮਾੜਾ ਵਤੀਰਾ ਨਾ ਬਦਲਿਆ, ਤਾਂ ਆਉਣ ਵਾਲੇ ਦਿਨਾਂ ’ਚ ਸਰਕਾਰ ਖਿਲਾਫ ਬਸਪਾ ਵੱਲੋਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਜਾਣਗੇ।


ਇਸ ਦੌਰਾਨ ਬਸਪਾ ਆਗੂ ਸੁਖਵਿੰਦਰ ਬਿੱਟੂ, ਵਿਜੇ ਯਾਦਵ, ਪਰਮਜੀਤ ਮੱਲ, ਸ਼ਾਦੀ ਲਾਲ ਬੱਲ, ਸ਼ਾਮ ਕਟਾਰੀਆ, ਪਰਮਜੀਤ ਮੰਨਣ, ਅਮਰਜੀਤ ਬਿਨਪਾਲਕੇ, ਕਮਲ ਬਾਦਸ਼ਾਹਪੁਰ, ਪਾਲੀ ਹੁਸੈਨਪੁਰ, ਚਮਨ ਘੋੜੇਵਾਹੀ, ਰਾਕੇਸ਼ ਤਾਜਪੁਰ, ਸੋਹਣ ਕੁਰਾਲਾ, ਆਨੰਦ ਰੱਲ, ਹਰਚੰਦ ਧੋਗੜੀ, ਸਨੀ ਕਾਲਾ ਬਾਹੀਆ ਨੇ ਵੀ ਧਰਨੇ ਨੂੰ ਸੰਬੋਧਿਤ ਕੀਤਾ। ਇਸ ਮੌਕੇ ਬਸਪਾ ਆਗੂਆਂ ਤੇ ਪੁਲਿਸ ਅਫਸਰਾਂ ਵਿਚਕਾਰ ਗੱਲਬਾਤ ਹੋਈ ਤੇ ਉਸ ’ਚ ਕਾਫੀ ਮਸਲਿਆਂ ਦਾ ਨਿਪਟਾਰਾ ਹੋਣ ’ਤੇ ਧਰਨੇ ਨੂੰ ਕਰੀਬ ਤਿੰਨ ਘੰਟੇ ਬਾਅਦ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਬਸਪਾ ਆਗੂ ਕੂੜਾ ਰਾਮ, ਬਾਬੂ ਮੁਨੀ ਲਾਲ, ਮੰਗਾ ਰਾਮ, ਮੰਗੀ ਬੁੱਲੋਵਾਲ, ਬਨਾਰਸੀ ਵਿਧੀਪੁਰ, ਲਹਿੰਬਰ ਨੂਰਪੁਰ, ਹਰਮੇਸ਼ ਖੁਰਲਾ, ਅਸ਼ੋਕ ਘੁੜਕਾ, ਜੱਸੀ, ਅਵਤਾਰ ਆਦਿ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *