ਦੀਪਕ ਠਾਕੁਰ
ਤਲਵਾਡ਼ਾ,13 ਅਕਤੂਬਰ-ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਵਫ਼ਦ ਨੇ ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕੀਤੀ। ਸਰਕਟ ਹਾਊਸ ਚੰਡੀਗਡ਼੍ਹ ਵਿਖੇ ਹੋਈ ਮੀਟਿੰਗ ’ਚ ਵਫ਼ਦ ਦੀ ਅਗਵਾਈ ਸੂਬਾ ਕਨਵੀਨਰ ਸਤੀਸ਼ ਰਾਣਾ ਤੇ ਕੋ ਕਨਵੀਨਰ ਰਾਮ ਜੀ ਦਾਸ ਚੌਹਾਨ ਨੇ ਕੀਤੀ। ਵਫ਼ਦ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਦਿਆਂ ਜਲ ਸਰੋਤ ਕਰਮਚਾਰੀਆਂ ਨੂੰ ਪਹਿਲੀ ਜਨਵਰੀ 2004 ਤੋਂ ਪਹਿਲਾਂ ਮਿਲਦੀ ਪੈਨਸ਼ਨ ਲਾਭ ਦੇਣ, ਸੇਵਾ ਮੁਕਤੀ ਤੋਂ ਬਾਅਦ ਮੁਫ਼ਤ ਸਿਹਤ ਸਹੂਲਤਾਂ ਦੇਣ, ਗੈ੍ਰਚੁਟੀ ਦੀ ਹੱਦ ’ਚ 10 ਲੱਖ ਤੋਂ 20 ਲੱਖ ਰੁਪਏ ਦਾ ਹੋਇਆ ਵਾਧਾ ਲਾਗੂ ਕਰਨ, ਪੇਂਡੂ,ਬੱਝਵਾਂ ਸਫ਼ਰੀ,ਅੰਗਹੀਣ, ਵਰਦੀ, ਬਾਰਡਰ ਏਰੀਆ ਆਦਿ ਬੰਦ ਕੀਤੇ ਭੱਤੇ ਸੋਧਕੇ ਲਾਗੂ ਕਰਨ, ਅਦਾਰੇ ਦੇ ਮੁੱਖ ਦਫ਼ਤਰ ਦੀ ਆਪਣੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ, ਅਦਾਰੇ ਅੰਦਰ ਖਾਲੀ ਪਈਆਂ ਅਸਾਮੀਆਂ ’ਤੇ ਰੈਗੂਲਰ ਭਰਤੀ ਕਰਨ, ਐਮ ਸੇਵਾ ’ਤੇ ਹਾਜ਼ਰੀ ਲਗਾਉਣ ਸਬੰਧੀ ਫੀਲਡ ਸਟਾਫ਼ ਨੂੰ ਆ ਰਹੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਆਦਿ ਦੀ ਮੰਗ ਕੀਤੀ। ਮੁਲਾਜ਼ਮ ਮੰਗਾਂ ’ਤੇ ਅਗਲੇਰੀ ਕਾਰਵਾਈ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲਿੱਖ ਦਿੱਤਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਫ਼ਦ ’ਚ ਗੁਰਪ੍ਰੀਤ ਸਿੰਘ, ਪ੍ਰਿਥੀ, ਪਰਮਜੀਤ ਸਿੰਘ, ਅਮਨਦੀਪ ਸਿੰਘ ਆਦਿ ਸ਼ਾਮਲ ਸਨ।





