ਹੁਸ਼ਿਆਰਪੁਰ (ਦਾ ਮਿਰਰ ਪੰਜਾਬ)-ਆਪਣੇ ਆਪ ਨੂੰ ਸਾਬਕਾ ਮੰਤਰੀ ਦਾ ਚਹੇਤਾ ਭਰਾ ਦੱਸਣ ਵਾਲੇ “ਮਿਸਟਰ ਲਾਲ” ਨੇ ਹੁਸ਼ਿਆਰਪੁਰ ਦੇ ਇਲਾਕਾ ਪਿੰਡ ਕੱਕੋ ਵਿਚ ਨਜਾਇਜ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਹੈ। ਇਹ ਕਲੋਨੀ 6 ਏਕੜ ਵਿੱਚ ਕੱਟੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮਾਲਕ ਨੇ ਨਕਸ਼ੇ ਤੇ ਪਲਾਟ ਵੇਚਣੇ ਵੀ ਸ਼ੁਰੂ ਕਰ ਦਿੱਤੇ ਹਨ। ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਿਲਕੁਲ ਇਸੇ ਨਾਲ ਲਗਦੀ ਇਸੇ ਮਾਲਕ ਦੀ ਨਜਾਇਜ਼ ਕਲੋਨੀ ਉੱਤੇ ਪੁੱਡਾ ਵੱਲੋਂ ਕਾਰਵਾਈ ਕੀਤੀ ਗਈ ਸੀ ਕਲੋਨੀ ਨੂੰ ਬੁਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਇਸ ਦੇ ਬਾਵਜੂਦ ਪੁੱਡਾ ਅਧਿਕਾਰੀਆਂ ਦੀਆਂ ਅੱਖਾਂ ਵਿਚ ਧੂੜ ਪਾ ਕੇ ਇਸ ਤੋਂ ਅੱਗੇ ਜੋੜ ਕੇ ਨਵੀਂ ਕਲੋਨੀ ਕਟਣੀ ਸ਼ੁਰੂ ਕਰ ਦਿੱਤੀ ਗਈ ਹੈ।

ਇਸੇ ਸੰਬੰਧ ਵਿੱਚ ਕਲੌਨੀ ਦੇ ਮਾਲਕ “ਮਿਸਟਰ ਲਾਲ” ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਹੁਣ ਤੱਕ ਜੋ ਵੀ ਕੰਮ ਕੀਤੇ ਹਨ ਬਿਲਕੁਲ ਇਕ ਨੰਬਰ ਦੇ ਗਏ ਹਨ ਇਸ ਕਲੌਨੀ ਦੀ ਵੀ ਫਾਈਲ ਪੁੱਡਾ ਕੋਲ ਜਮ੍ਹਾਂ ਕਰਵਾਈ ਗਈ ਹੈ। ਜਦੋਂ “ਮਿਸਟਰ ਲਾਲ” ਨੂੰ ਇਹ ਪੁੱਛਿਆ ਗਿਆ ਕਿ ਤੁਹਾਡੀ ਕਲੋਨੀ ਪਾਸ ਨਹੀਂ ਹੋਈ ਇਸ ਦੇ ਬਾਵਜੂਦ ਤੁਸੀਂ ਉਸਾਰੀ ਦਾ ਕੰਮ ਅਤੇ ਕਲੋਨੀ ਵਿੱਚ ਸੜਕਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕੀ ਤੁਸੀਂ ਪਾਸ ਹੋਣ ਤੋਂ ਬਗੈਰ ਹੀ ਕੰਮ ਕਰ ਸਕਦੇ ਹੋ ਤਾਂ ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ।
ਕਾਬਲੇਗੌਰ ਹੈ ਕਿ ਮਿਸਟਰ ਲਾਲ ਇਸ ਤੋਂ ਪਹਿਲਾਂ ਸਾਬਕਾ ਮੰਤਰੀ ਨਾਲ ਹਿੱਸਾ ਪਾ ਕੇ ਕਲੋਨੀਆਂ ਉਸਾਰਨ ਦਾ ਕੰਮ ਕਰਦਾ ਸੀ, ਮਿਸਟਰ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਸਾਬਕਾ ਮੰਤਰੀ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਸਿਰਫ ਆਪਣੇ ਤੌਰ ਤੇ ਹੀ ਕੰਮ ਕਰਦਾ ਹਾਂ। ਇਸ ਸੰਬੰਧ ਵਿੱਚ ਇੱਕ ਆਰਟੀਆਈ ਐਕਟੀਵਿਸਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ “ਮਿਸਟਰ ਲਾਲ” ਅਤੇ ਸਾਬਕਾ ਮੰਤਰੀ ਸਾਹਿਬ ਨੇ ਸ਼ਹਿਰ ਵਿਚ ਕਈ ਨਾਜਾਇਜ਼ ਕਲੋਨੀਆਂ ਦੀਆਂ ਉਸਾਰੀਆਂ ਕੀਤੀਆਂ ਹਨ ਜਿਨ੍ਹਾਂ ਦਾ ਮੈਂ ਜਲਦ ਹੀ ਖੁਲਾਸਾ ਕਰਾਂਗਾ।





