ਦੀਪਕ ਠਾਕੁਰ
ਤਲਵਾਡ਼ਾ, 5 ਜਨਵਰੀ -ਇੱਥੇ ਵਿਦੇਸ਼ ਭੇਜਣ ਦੇ ਨਾਂ ’ਤੇ ਟਰੈਵਲ ਏਜੰਟ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਹਨ। ਠੱਗੀ ਦਾ ਸ਼ਿਕਾਰ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਕਰੀਬ ਤਿੰਨ ਦਰਜਨ ਨੌਜਵਾਨ ਅੱਜ ਕਡ਼ਕਦੀ ਠੰਢ ’ਚ ਦੌਲਤਪੁਰ ਰੋਡ ਸਥਿਤ ਦੌਸਡ਼ਕਾ ਵਿਖੇ ਖੁੱਲ੍ਹੇ ਸ਼ਿਵਾ ਇੰਟਰਪਾਇਜ਼ਰ ਨਾਮਕ ਦਫ਼ਤਰ ਪਹੁੰਚੇ ਸਨ।

ਬੀਤੇ ਕੱਲ੍ਹ ਉਹ ਟਰੈਵਲ ਏਜੰਟ, ਜਿਨ੍ਹਾਂ ਆਧਾਰ ਕਾਰਡ ’ਤੇ ਮੁਕੇਰੀਆਂ ਦੇ ਪਿੰਡ ਗੋਕਲ (ਜਦਕਿ ਮੁਕੇਰੀਆਂ ’ਚ ਇਸ ਨਾਂ ਦਾ ਕੋਈ ਪਿੰਡ ਹੀ ਨਹੀਂ ਹੈ) ਦਾ ਪਤਾ ਦੱਸਿਆ ਹੈ, ਨੂੰ ਕੁਵੈਤ ਦੇ ਵੀਜ਼ੇ ਅਤੇ ਜਹਾਜ਼ ਦੀ ਟਿਕਟ ਲਈ 30 ਤੋਂ 50 ਹਜ਼ਾਰ ਰੁਪਏ ਨਗਦ ਦੇ ਕੇ ਗਏ ਸਨ। ਪੀਡ਼੍ਹਤ ਬਹਾਦੁਰ ਸਿੰਘ ਵਾਸੀ ਮੱਲੂਵਾਲ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼, ਗਗਨ ਰਾਣਾ ਥਾਣਾ ਤਲਵਾਡ਼ਾ, ਜਸਪਾਲ ਸਿੰਘ ਨੰਗਲ ਡੈਮ ਆਦਿ ਨੇ ਦੱਸਿਆ ਕਿ ਉਨ੍ਹਾਂ ਸੋਸ਼ਲ ਮੀਡੀਆ ’ਤੇ ‘ਸ਼ਿਵਾ ਇੰਟਰਪ੍ਰਾਇਜ਼ਰ’ ਦਾ ਇਸ਼ਤਿਹਾਰ ਦੇਖਿਆ ਸੀ, ਜਿਸਨੂੰ ਪਡ਼੍ਹ ਕੇ ਉਹ ਦੌਸਡ਼ਕਾ ਵਿਖੇ ਸਥਿਤ ਦਫ਼ਤਰ ਪਹੁੰਚੇ ਸਨ। ਟਰੈਵਲ ਏਜੰਟ ਪਵਨ ਕੁਮਾਰ ਤੇ ਹਰਦੀਪ ਸਿੰਘ ਨੇ ਉਨ੍ਹਾਂ ਨੂੰ ਪਹਿਲਾਂ ਫ਼ਰਜੀ ਆਫ਼ਰ ਲੈਟਰ ਦੇ ਕੇ ਕੁਵੈਤ ਭੇਜਣ ਦੇ ਨਾਂ ਹੇਠਾਂ ਪਾਸਪੋਰਟ ਲੈ ਲਏ, ਫ਼ਿਰ ਵਿਜ਼ਾ ਅਤੇ ਹਵਾਈ ਜਹਾਜ਼ ਦੀ ਟਿਕਟ ਦੇ ਨਾਂ ’ਤੇ 30 ਤੋਂ 50 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਪੈਸੇ ਲਏ। ਪੀਡ਼੍ਹਤਾਂ ਨੇ ਦੱਸਿਆ ਕਿ ਟਰੈਵਲ ਏਜੰਟ ਦੇ ਚੰਗੁਲ ’ਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕਰੀਬ 60 ਤੋਂ 70 ਵਿਅਕਤੀ ਫਸੇ ਹੋਏ ਹਨ। ਲੰਘੇ ਕੱਲ੍ਹ ਕਰੀਬ 30 ਵਿਅਕਤੀਆਂ ਨੇ ਪੈਸੇ ਜਮ੍ਹਾਂ ਕਰਵਾਏ ਹਨ। ਸ਼ਾਮ ਵਕਤ ਪਵਨ ਟਰੈਵਲ ਏਜੰਟ ਵਾਟਸਐਪ ’ਤੇ ਆਡਿਓ ਕਲਿੱਪ ਜ਼ਾਰੀ ਕਰਕੇ 5 ਤੇ 7 ਤਾਰੀਕ ਦੀਆਂ ਟਿਕਟਾਂ ਨੂੰ ਡਿਲੀਟ ਮਾਰਨ ਅਤੇ 10 ਤਾਰੀਕ ਦੀਆਂ ਟਿਕਟਾਂ ਮਿਲਣ ਦਾ ਜ਼ਿਕਰ ਕੀਤਾ ਹੈ। ਉਸ ਤੋਂ ਬਾਅਦ ਦੋਵੇਂ ਵਿਅਕਤੀਆਂ ਦੇ ਨੰਬਰ ਬੰਦ ਹਨ। ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਹੈ। ਜਾਂਚ ਕਰਨ ’ਤੇ ਟਿਕਟਾਂ ਫ਼ਰਜ਼ੀ ਪਾਈਆਂ ਗਈਆਂ। ਦਿੱਤੇ ਵਿਜ਼ੇ ਕਿਸੇ ਹੋਰ ਕੰਪਨੀ ਦੇ ਪਾਏ ਗਏ ਹਨ।
ਟਰੈਵਲ ਏਜੰਟਾਂ ਵੱਲੋਂ ਦਿੱਤੇ ਆਧਾਰ ਕਾਰਡ ’ਤੇ ਪਤੇ ਵੀ ਫ਼ਰਜ਼ੀ ਹਨ। ਪੀਡ਼੍ਹਤਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਦੋਸ਼ੀ ਟਰੈਵਲ ਏਂਜਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਖੂਨ ਪਸੀਨੇ ਦੀ ਕਮਾਈ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਵੱਲੋਂ ਕਰੀਬ ਦੋ ਤਿੰਨ ਮਹੀਨੇ ਪਹਿਲਾਂ ਦੌਲਤਪੁਰ ਰੋਡ ਦੌਸਡ਼ਕਾ ਤਲਵਾਡ਼ਾ ਅਤੇ ਗੁਰਦਾਸਪੁਰ ਰੋਡ ਮੁਕੇਰੀਆਂ ਵਿਖੇ ਦਫ਼ਤਰ ਖੋਲ੍ਹੇ ਗਏ ਸਨ। ਅੱਜ ਦਫ਼ਤਰ ਬੰਦ ਰਹੇ।





