ਦੀਪਕ ਠਾਕੁਰ
ਲਮੀਣ ਪੰਡੋਰੀ (ਤਲਵਾਡ਼ਾ), 17 ਜਨਵਰੀ-ਇੱਥੇ ਭਾਰਤ ਜੋਡ਼ੋ ਯਾਤਰਾ ਤਹਿਤ ਪਹੁੰਚੇ ਰਾਹੁਲ ਗਾਂਧੀ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਕਰੀਬ ਚਾਰ ਮਹੀਨੇ ਪਹਿਲਾਂ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋਡ਼ੋ ਯਾਤਰਾ, ਹੁਣ ਪੰਜਾਬ ’ਚੋਂ ਨਿਕਲ ਰਹੀ ਹੈ। ਭਲਕੇ ਅਸੀਂ ਹਿਮਾਚਲ ’ਚ ਹੋਵਾਂਗੇ। ਯਾਤਰਾ ਦਾ ਮਕਸਦ ਦੇਸ਼ ’ਚ ਨਫ਼ਰਤ ਦੇ ਨਾਮ ਹੇਠਾਂ ਫੈਲਾਈ ਜਾ ਰਹੀ ਹਿੰਸਾ ਖ਼ਿਲਾਫ਼ ਖਡ਼੍ਹੇ ਹੋਣਾ ਹੈ। ਰਾਹੁਲ ਨੇ ਕਿਹਾ ਕਿ ਬੇਰੁਜ਼ਗਾਰੀ, ਮਹਿੰਗਾਈ, ਦੇਸ਼ ’ਚ ਵਧਦੀ ਆਮਦਨ ਅਸਮਾਨਤਾ ਖ਼ਿਲਾਫ਼ ਅਸੀਂ ਜਿਹਡ਼ੀ ਯਾਤਰਾ ਆਰੰਭ ਕੀਤੀ ਹੈ, ਉਹ ਬਹੁਤ ਸਫ਼ਲ ਯਾਤਰਾ ਰਹੀ ਹੈ।

ਦੇਸ਼ ਦੇ 21 ਸਭ ਤੋਂ ਅਮੀਰ ਲੋਕਾਂ ਕੋਲ਼ ਓਨਾ ਧਨ ਹੈ, ਜਿੰਨਾਂ ਦੇਸ਼ ਦੇ 70 ਕਰੋਡ਼ ਲੋਕਾਂ ਕੋਲ਼। ਦੇਸ਼ ਦੇ ਸਭ ਤੋਂ ਅਮੀਰ ਇੱਕ ਫੀਸਦੀ ਲੋਕਾਂ ਕੋਲ਼ ਦੇਸ਼ ਦਾਾ 40 ਫੀਸਦੀ ਧਨ ਹੈ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਇਆਂ ਰਾਹੁਲ ਗਾਂਧੀ ਨੇ ਕਿਹਾ ਈਵੀਐਮ ਸਿਰਫ਼ ਇੱਕ ਤੱਤ ਹੈ। ਅੱਜ ਹਿੰਦੁਸਤਾਨ ਦੇ ਸਾਰੇ ਲੋਕਤਾਂਤਰਿੰਕ ਅਦਾਰਿਆਂ ’ਤੇ ਆਰਐਸਐਸ ਨੇ ਕੰਟਰੋਲ ਕਰ ਲਿਆ ਹੈ। ਦੇਸ਼ ਦਾ ਮੀਡੀਆ, ਅਫ਼ਸਰਸ਼ਾਹੀ, ਚੋਣ ਕਮਿਸ਼ਨ, ਨਿਆਂ ਵਿਵਸਥਾ ਆਦਿ ਸਭ ਦਬਾਅ ਹੇਠ ਕੰਮ ਕਰ ਰਹੇ ਹਨ। ਹੁਣ ਇੱਕ ਰਾਜਨੀਤਕ ਪਾਰਟੀ ਦੀ ਦੂਜੀ ਰਾਜਨੀਤਕ ਪਾਰਟੀ ਨਾਲ ਲਡ਼ਾਈ ਨਹੀਂ ਹੈ। ਬਲਕਿ ਹੁਣ ਦੇਸ਼ ਦੇ ਅਦਾਰਿਆਂ ਨੂੰ ਅਜ਼ਾਦ ਕਰਵਾਉਣ ਅਤੇ ਵਿਰੋਧੀ ਧਿਰ ਵਿਚਾਲੇ ਲਡ਼ਾਈ ਹੈ। ਹੁਣ ਭਾਰਤ ’ਚ ਆਮ ਲੋਕਤੰਤਰ ਪ੍ਰਕਿਰਿਆ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਕਦੇ ਗੋਦੀ ਮੀਡੀਆ ਦਾ ਜ਼ਿਕਰ ਨਹੀਂ ਕੀਤਾ। ਅੱਜ ਮੀਡੀਆ ’ਤੇ ਦਬਾਅ ਪਾਇਆ ਜਾ ਰਿਹਾ ਹੈ। ਰਿਪੋਰਟਰਾਂ ‘ਤੇ ਦਬਾਅ ਹੈ, ਉਨ੍ਹਾਂ ਨੂੰ ਉਹ ਕਰਨਾ ਪੈਂਦਾ ਹੈ, ਜੋ ਉਸਦੇ ਮਾਲਕ ਆਖਦੇ ਹਨ। ਮੈਂ ਰਿਪੋਰਟਰ ਨਹੀਂ ਸਗੋਂ ਮੀਡੀਆ ਦੇ ਢਾਂਚੇ ਦੀ ਆਲੋਚਨਾ ਕਰਦਾ ਹਾਂ। ਕਾਂਗਰਸ ਪਾਰਟੀ ਦੀ ਵਿਚਾਰਧਾਰਾ ਆਜ਼ਾਦ ਮੀਡੀਆ ਦੀ ਵਿਚਾਰਧਾਰਾ ਹੈ। ਅਸੀਂ ਚਾਹ ਕੇ ਵੀ ਅਜਿਹਾ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ਼ ਭਾਜਪਾ ਵਰਗਾ ਸਥਾਪਿਤ ਢਾਂਚਾ ਨਹੀਂ ਹੈ। ਸਵਾਲ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਵਰੁਧ ਗਾਂਧੀ ਭਾਜਪਾ ’ਚ ਹੈ ਅਤੇ ਮੇਰੀ ਵਿਚਾਰਧਾਰਾ ਉਸਦੀ ਵਿਚਾਰਧਾਰਾ ਨਾਲ ਨਹੀਂ ਮਿਲਦੀ। ਮੈਂ ਆਰ ਐਸ ਐਸ ਦੇ ਦਫ਼ਤਰ ’ਚ ਕਦੇ ਨਹੀਂ ਜਾ ਸਕਦਾ, ਮੇਰਾ ਤੁਹਾਨੂੰ ਪਹਿਲਾ ਗਲ਼ਾ ਕੱਟਣਾ ਪਵੇਗਾ, ਮੈਂ ਨਹੀਂ ਜਾ ਸਕਦਾ ਅਤੇ ਮੇਰੇ ਜੋ ਪਰਿਵਾਰ ਹੈ, ਉਸਦੀ ਆਪਣੀ ਇੱਕ ਵਿਚਾਰਧਾਰਾ ਹੈ। ਪਰਿਵਾਰ ਦੀ ਗੱਲ ਅਲੱਗ ਹੈ।
ਆਰਐਸਐਸ ਮੁਖੀ ਭਾਗਵਤ ਦੇ ਭਗਵਾ ਹੀ ਸਾਡੀ ਪਹਿਚਾਣ ਹੈ ’ਤੇ ਪ੍ਰੀਤਕਰਮ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਵੀ ਧਰਮ ਨੇ ਨਫ਼ਰਤ ਫੈਲਾਉਣ ਦੀ ਗੱਲ ਨਹੀਂ ਕਹੀ। ਹਿੰਦੂ ਧਰਮ ਮੁਹਬੱਤ ਦਾ ਧਰਮ ਹੈ, ਜੋਡ਼ਨ ਦਾ ਧਰਮ ਹੈ। ਇਹ ਜਿਹਡ਼ਾ ਵੀ ਰੰਗ ਅਪਨਾਉਣਾ ਚਾਹੁੰਦੇ ਹਨ, ਅਪਣਾ ਸਕਦੇ ਹਨ। ਪਰ ਹਿੰਦੂ ਧਰਮ ’ਚ ਲਿਖਿਆ ਹੈ, ਉਹ ਨਹੀਂ ਕਰਦੇ। 84 ਸਿੱਖ ਵਿਰੋਧੀ ਦੰਗਿਆਂ ਸਬੰਧੀ ਪੁੱਛੇ ਸਵਾਲ ’ਚ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਾਊਸ ਵਿੱਚ ਜੋ ਕਿਹਾ ਸੀ, ਮੈਂ ਉਸ ਤੇ ਸਹਿਮਤ ਹਾਂ ਅਤੇ ਖਡ਼੍ਹਾ ਹਾਂ।
ਪੰਜਾਬ ਸਬੰਧੀ ਸਵਾਲ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਨੂੰ ਬਾਹਰੋਂ ਨਹੀਂ ਚਲਾਇਆ ਜਾ ਸਕਦਾ ਹੈ। ਸਵਾਲ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ’ਤੇ ਲਗਾਤਾਰ ਮਲਟੀਪਲ ਐਂਗਲ ਤੋਂ ਹਮਲੇ ਹੋ ਰਹੇ ਹਨ। ਕਾਂਗਰਸ ਪਾਰਟੀ ਦਾ ਵਿਜ਼ਨ ਖੇਤੀਬਾਡ਼ੀ ਕੇਂਦਰਿਤ ਹੈ। ਅਸੀਂ ਚਾਹੁੰਦੇ ਹਾਂ ਕਿ ਖੇਤੀ ਸੈਕਟਰ ’ਚ ਤਕਨੀਕ ਆਏ, ਕੋਲਡ ਚੇਨ ਬਣੇ, ਐਗਰੀਕਲਚਰ ’ਚ ਨੌਕਰੀ ਪੈਦਾ ਹੋਵੇ। ਇਹ ਸਾਡੀ ਰਣਨੀਤੀ ਦਾ ਕੇਂਦਰੀ ਹਿੱਸਾ ਹੈ।





