ਜਲੰਧਰ( ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪੰਜਾਬ ਤੇ ਚੰਡੀਗੜ੍ਹ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਦੌਰਾਨ ਲਗਾਤਾਰ ਦਲਿਤ, ਪੱਛੜੇ ਵਰਗਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਦਲਿਤਾਂ ਨੂੰ ਦਬਾਉਣ ਲਈ ਹੀ ਪੁਲਿਸ ਵੱਲੋਂ ਨਜਾਇਜ਼ ਤੌਰ ’ਤੇ ਕੋਟ ਰਾਮ ਦਾਸ ਆਬਾਦੀ ਦੇ ਦਲਿਤ ਪਰਿਵਾਰਾਂ ਖਿਲਾਫ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਹਾਈਵੇ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਡਾ. ਕਰੀਮਪੁਰੀ ਕੋਟ ਰਾਮਦਾਸ ਆਬਾਦੀ ਮੀਟਿੰਗ ਲੈਣ ਪਹੁੰਚੇ ਸਨ। ਇਸ ਸਬੰਧ ਵਿੱਚ ਉਹ ਪੀੜਤ ਪਰਿਵਾਰਾਂ ਨੂੰ ਵੀ ਮਿਲੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਟ ਰਾਮਦਾਸ ਵਿਖੇ ਕੁਝ ਲੋਕਾਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਸੀ, ਜਿਸ ’ਤੇ ਕਮਿਸ਼ਨਰੇਟ ਪੁਲਿਸ ਵੱਲੋਂ ਤੁਰੰਤ ਕਾਰਵਾਈ ਨਾ ਕਰਨ ’ਤੇ ਉਨ੍ਹਾਂ ਨੂੰ ਇਨਸਾਫ ਲੈਣ ਲਈ ਮਜਬੂਰਨ ਸੜਕ ’ਤੇ ਪ੍ਰਦਰਸ਼ਨ ਕਰਨਾ ਪਿਆ, ਪਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਪੁਲਿਸ ਨੇ ਦੋਸ਼ੀਆਂ ’ਤੇ ਪਰਚਾ ਦਰਜ ਨਹੀਂ ਕੀਤਾ। ਇਸ ਤੋਂ ਬਾਅਦ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਪੈਰੋਕਾਰਾਂ ਨੂੰ ਥਾਣਾ ਰਾਮਾ ਮੰਡੀ ਵਿਖੇ 5 ਮਾਰਚ ਦੀ ਰਾਤ ਨੂੰ ਲਗਾਤਾਰ ਧਰਨੇ ’ਤੇ ਬੈਠਣਾ ਪਿਆ ਤੇ ਪੁਲਿਸ ਨੇ ਅਖੀਰ ਸਵੇਰੇ 3 ਵਜੇ ਜਾ ਕੇ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਪਰਚਾ ਤਾਂ ਦਰਜ ਕਰ ਦਿੱਤਾ, ਪਰ ਇਸਦੇ ਨਾਲ ਹੀ ਦੋਸ਼ੀਆਂ ਨੂੰ ਬਚਾਉਣ ਲਈ, ਸੰਘਰਸ਼ ਕਰ ਰਹੇ ਦਲਿਤ ਸਮਾਜ ਦੇ ਲੋਕਾਂ ’ਤੇ ਵੀ ਨਜਾਇਜ਼ ਹਾਈਵੇ ਐਕਟ ਦਾ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਸਪਾ ਆਪ ਸਰਕਾਰ ਤੇ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਦਲਿਤਾਂ ਖਿਲਾਫ ਇਸ ਤਰ੍ਹਾਂ ਦੀ ਧੱਕੇਸ਼ਾਹੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਤੇ ਇਨ੍ਹਾਂ ਪਰਿਵਾਰਾਂ ਨਾਲ ਡਟ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ ਤੁਰੰਤ ਰੱਦ ਕੀਤਾ ਜਾਵੇ ਤੇ ਪਰਚਾ ਦਰਜ ਕਰਨ ਵਾਲੇ ਅਧਿਕਾਰੀਆਂ ਨੂੰ ਤੁਰੰਤ ਸਸਪੈਂਡ ਕਰਕੇ ਪੁਲਿਸ ਲਾਈਨ ਭੇਜਿਆ ਜਾਵੇ। ਇਸ ਤੋਂ ਇਲਾਵਾ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸਾਰੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦੇ ਜਨਮਦਿਵਸ ਦੇ ਸਬੰਧ ’ਚ 15 ਮਾਰਚ ਨੂੰ ਬੂਟਾ ਮੰਡੀ, ਜਲੰਧਰ ਵਿਖੇ ਕੀਤੀ ਜਾ ਰਹੀ ਰੈਲੀ ’ਚ ਵੀ ਪਹੁੰਚਣ ਲਈ ਕਿਹਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੈਕਟਰੀ ਇੰਜ. ਜਸਵੰਤ ਰਾਏ, ਜਲੰਧਰ ਸ਼ਹਿਰੀ ਪ੍ਰਧਾਨ ਵਿਜੇ ਯਾਦਵ, ਬਲਵਿੰਦਰ ਰੱਲ੍ਹ, ਰਣਜੀਤ ਕੁਮਾਰ, ਪ੍ਰੇਮ ਕੁਮਾਰ ਆਦਿ ਵੀ ਮੌਜ਼ੂਦ ਸਨ।
