ਦੀਪਕ ਠਾਕੁਰ
ਤਲਵਾਡ਼ਾ,10 ਅਪ੍ਰੈਲ-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਢੀ ਖ਼ੇਤਰ ’ਚ ਨਾਜਾਇਜ਼ ਮਾਈਨਿੰਗ ’ਤੇ ਨਕੇਲ ਕੱਸਣ ਦੇ ਵਾਅਦੇ ਅਤੇ ਦਾਅਵੇ ਖੋਖਲੇ ਸਿੱਧ ਹੋਏ ਹਨ। ਮੁੱਖ ਮੰਤਰੀ, ਪੰਜਾਬ ਭਗਵੰਤ ਮਾਨ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਜ਼ਾਰੀ ਕੀਤਾ ਨੰਬਰ ਬੇਮਾਅਨਾ ਹੈ। ਇਹ ਕਹਿਣਾ ਬਲਾਕ ਤਲਵਾਡ਼ਾ ਅਧੀਨ ਆਉਂਦੇ ਮਾਈਨਿੰਗ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦਾ ਹੈ। ਖ਼ੇਤਰ ’ਚ ਖਣਨ ਮਾਫੀਆ ਵੱਲੋਂ ਮਾਈਨਿੰਗ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਮਾਈਨਿੰਗ ਸਮੱਗਰੀ ਦੀ ਢੁਆਈ ’ਚ ਲੱਗੇ ਭਾਰੀ ਵਾਹਨਾਂ ਦੀ ਬਹੁਤਾਤ ਨੇ ਲੋਕਾਂ ਤੋਂ ਲੰਘਣਾ ਔਖਾ ਕਰ ਦਿੱਤਾ ਹੈ, ਆਏ ਦਿਨ ਹਾਦਸੇ ਵਾਪਰ ਰਹੇ ਹਨ, ਕਰੱਸ਼ਰ ਮਾਲਕਾਂ ਵੱਲੋਂ ਰੇਤਾ ਬਜੱਰੀ ਆਦਿ ਦੀ ਧੁਆਈ ਲਈ ਲਗਾਏ ਡੂੰਘੇ ਟਿਊਬਵੈਲੱਾਂ ਨੇ ਖ਼ੇਤਰ ’ਚ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਕਰ ਦਿੱਤਾ ਹੈ। ਧਰਤੀ ਹੇਠਲੇ ਪਾਣੀ ਦਾ ਪਧਰ ਤੇਜ਼ੀ ਨਾਲ ਡਿੱਗ ਰਿਹਾ ਹੈ। ‘ਆਪ’ ਦੇ ਸਮਰਥਕ ਰਹੇ ਪਿੰਡ ਪਲਾਹਡ਼ ਦੇ ਵਸਨੀਕ ਨੇ ਦੱਸਿਆ ਕਿ ਬਦਲਾਅ ਲਈ ਉਨ੍ਹਾਂ ਕੰਢੀ ਖ਼ੇਤਰ ’ਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਤਰ੍ਹਾਂ ਦੀ ਸਹਾਇਤਾ ਕੀਤੀ। ਪਰ ਇਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਾਰੇ ਰਿਕਾਰਡ ਹੀ ਤੋਡ਼ ਦਿੱਤੇ ਹਨ। ਸਰਕਾਰ ਦੇ ਰਿਕਾਡਰ ਮੁਤਾਬਕ ਕੰਢੀ ਖ਼ੇਤਰ ’ਚ ਕੋਈ ਵੀ ਖੱਡ ਨਿਲਾਮ ਨਹੀਂ ਹੈ, ਜਦਕਿ ਅੱਧੀ ਦਰਜਨ ਸਟੋਨ ਕਰੱਸ਼ਰ ਕਾਰਜ਼ਸ਼ੀਲ ਹਨ। ਜੰਗਲਾਤ ਐਕਟ ਦਫਾ4 ਅਤੇ5 ਦੀ ਗੁੰਝਲਤਾਈ ਹੋਣ ਦੇ ਬਾਵਜੂਦ ਮਾਈਨਿੰਗ ਮਾਫੀਆ ਵੱਲੋਂ ਸ਼ਰੇਆਮ ਸਵਾਂ ਦਰਿਆ ਤੋਂ ਲੈ ਕੇ ਪਹਾਡ਼ਾਂ ਤੱਕ ਕਥਿਤ ਖਣਨ ਕੀਤਾ ਜਾ ਰਿਹਾ ਹੈ। ਨਾਜਾਇਜ਼ ਮਾਈਨਿੰਗ ਕਾਰੋਬਾਰ ਨੇ ਕੰਢੀ ਇਲਾਕੇ ਦੇ ਵਾਤਾਵਰਣ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਪੀਡ਼੍ਹਤ ਲੋਕਾਂ ਨੇ ਦੱਸਿਆ ਕਿ ਇਲਾਕੇ ਕਰੱਸ਼ਰ ਮਾਲਕਾਂ ਅਤੇ ਖਣਨ ਮਾਫੀਆ ਦੀ ਦਹਿਸ਼ਤ ਹੈ, ਨਜਾਇਜ਼ ਖਣਨ ਵਿਰੁੱਧ ਬੋਲਣ ਵਾਲਿਆਂ ਨੂੰ ਝੂਠੇ ਮਾਮਲਿਆਂ ’ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਉਧਰ ਬੀਤੇ ਕੱਲ੍ਹ ਪਿੰਡ ਭੰਬੋਤਾਡ਼ ਵਿਖੇ ਇੱਕ ਤੇਜ਼ ਰਫ਼ਤਾਰ ਟਿਪੱਰ ਨੇ ਪੈਦਲ ਜਾਂਦੇ ਦੋ ਵਿਅਕਤੀਆਂ ਨੂੰ ਦਰਡ਼ ਦਿੱਤਾ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਦੂਜਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਰੋਹ ’ਚ ਆਏ ਲੋਕਾਂ ਨੇ ਤਲਵਾਡ਼ਾ ਦੌਲਤਪੁਰ ਸਡ਼ਕ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ ਸੀ, ਨੂੰ ਦੇਰ ਰਾਤ ਕਰੀਬ 11:30 ਵਜੇ ਡੀਐਸਪੀ ਦਸੂਹਾ ਦੇ ਭਰੋਸੇ ਮਗਰੋਂ ਲੋਕਾਂ ਨੇ ਖੋਲ੍ਹਿਆ ਸੀ।
ਮਾਈਨਿੰਗ ਵਿਭਾਗ ਦੇ ਐਸਡੀਓ ਰਾਜ ਕੁਮਾਰ ਨੇ ਦੱਸਿਆ ਕਿ ਬਲਾਕ ਤਲਵਾਡ਼ਾ ’ਚ ਸ਼੍ਰੀ ਬਾਲਾ ਜੀ ਸੁਖਚੈਨਪੁਰ, ਸੌਰਵ ਤੇ ਮਾਸਟਰ ਸਟੋਨ ਕਰੱਸ਼ਰ ਅਲੇਰਾ, ਬਰਾਡ਼ ਅਤੇ ਦੋਆਬਾ ਸਟੋਨ ਕਰੱਸ਼ਰ ਬਰਿੰਗਲੀ, ਮਾਲਵਾ ਸਟੋਨ ਕਰੱਸ਼ਰ ਢੁਲਾਲ ਚੱਲ ਰਹੇ ਹਨ। ਸਰਹੱਦੀ ਖ਼ੇਤਰ ਹੋਣ ਕਾਰਨ ਇਹ ਕਰੱਸ਼ਰ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਤੋਂ ਕੱਚੇ ਮਾਲ ਦੀ ਪੂਰਤੀ ਕਰ ਰਹੇ ਹਨ। ਜਦਕਿ ਸੁਖਚੈਨਪੁਰ ਵਿਖੇ ਪਹਾਡ਼ੀਆਂ ਦੀ ਕੀਤੀ ਜਾ ਰਹੀ ਪੁਟਾਈ ਸਬੰਧੀ ਉਨ੍ਹਾਂ ਜਾਂਚ ਕਰਨ ਦੀ ਗੱਲ ਕਹੀ।





