*ਲਾਲ ਕਿਲੇ ਤੇ ਖਾਲਸੇ ਦਾ ਝੰਡਾ ਲਹਿਰਾਉਣ ਵਾਲੇ ਮਹਾਨ ਜਰਨੈਲ ਸ.ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਦੇ ਮੌਕੇ ਕੁਝ ਖਾਸ—ਭੱਟੀ ਫਰਾਂਸ*

Uncategorized
Spread the love

ਪੈਰਿਸ 5 ਮਈ (ਪੱਤਰ ਪ੍ਰੇਰਕ) ਅੱਜ ਅਸੀਂ ਵਰਨਣ ਕਰ ਰਹੇ ਹਾਂ ਭਾਈ ਲਾਲੋ ਦੇ ਵਾਰਿਸਾਂ ਦੇ ਉਸ ਜਰਨੈਲ ਦਾ, ਜਿਸਨੇ ਆਪਣੀ ਬਹਾਦਰੀ, ਸੂਝ-ਬੂਝ ਵਾਲੀ ਦਲੇਰੀ ਸਾਹਿਤ ਰਾਮਗੜ੍ਹੀਆ ਬਰਾਦਰੀ ਦਾ ਸਮਾਜ ’ਚ ਨਿਵੇਕਲਾ ਸਥਾਨ ਬਣਾਇਆ ਸੀ ਮੌਜੂਦਾ ਸਮੇਂ ਉਸਦੀ ਤੀਜੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ| ਵੈਸੇ ਤਾਂ ਹਰੇਕ ਕੌਮ ਦੇ ਰਹਿਬਰ ਹੀ ਆਪਣੀ ਕੌਮ ਨੂੰ ਜੀਵਨ ਜਾਂਚ ਦਾ ਮਾਰਗ ਦਿਖਾਉਂਦੇ ਹਨ, ਕੌਮ ਦੇ ਆਗੂ ਤੇ ਜਰਨੈਲ, ਉਸ ਜੀਵਨ ਜਾਂਚ ਨੂੰ ਪਕੇਰਾ ਕਰਕੇ, ਕੌਮ ਨੂੰ ਉਸਤੇ ਤੁਰਨ ਦਾ ਢੰਗ ਤਰੀਕਾ ਸਿਖਾਉਂਦੇ ਹਨ ਅਤੇ ਜਿਹੜੀ ਕੌਮ ਆਪਣੇ ਮਹਾਨ ਰਹਿਬਰ ਦੇ ਦਰਸਾਏ ਮਾਰਗ ਤੇ ਅਤੇ ਆਪਣੇ ਕੌਮੀ ਨਾਇਕਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਦੀ ਹੈ, ਉਹ ਕੌਮ ਹਮੇਸ਼ਾ ਚੜ੍ਹਦੀ ਕਲਾ ’ਚ ਰਹਿੰਦੀ ਹੈ ਅਤੇ ਸਫ਼ਲਤਾ ਉਸਦੇ ਕਦਮ ਚੁੰਮਦੀ ਹੈ| ਅੱਜ ਜਦੋਂ ਅਸੀਂ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਮਨਾ ਰਹੇ ਹਾਂ ਤਾਂ ਉਸ ਜਰਨੈਲ ਵੱਲੋਂ ਪਾਈਆਂ ਪੈੜਾਂ ਬਾਰੇ ਵੀ ਵਿਚਾਰਨਾ ਚਾਹੀਦਾ ਹੈ ਅਤੇ ਕੀ ਅਸੀਂ ਉਨ੍ਹਾਂ ਪੈੜਾਂ ਦੇ ਅੱਜ ਰਾਂਹੀ ਹਾਂ ਵੀ ਜਾਂ ਨਹੀਂ, ਇਹ ਵਿਸਲੇਸ਼ਣ ਵੀ ਜ਼ਰੂਰ ਕਰਨਾ ਚਾਹੀਦਾ ਹੈ| ਅੱਜ ਜਦੋਂ ਅਸੀਂ ਕੌਮ ’ਚ ਧੜੇਬੰਦੀਆਂ ਤੇ ਭਰਾ-ਮਾਰੂ ਜੰਗ ਦਾ ਸ਼ਿਕਾਰ ਹੋਈ ਕੌਮ ਦੇ ਨਿਘਾਰ ਵੱਲ ਝਾਤੀ ਮਾਰਦੇ ਹਾਂ ਤਾਂ ਸਾਨੂੰ ਰਾਮਗੜ੍ਹੀਆ ਸਰਦਾਰ ਦੇ ਉਸ ਕਾਰਨਾਮੇ ਨੂੰ ਵੀ ਜ਼ਰੂਰ ਯਾਦ ਕਰਨਾ ਚਾਹੀਦਾ ਹੈ, ਜਦੋਂ ਸਿੱਖਾਂ ਦੀਆਂ 12 ਮਿਸ਼ਲਾਂ ਆਪੋ ’ਚ ਖਹਿੰਦੀਆਂ ਸਨ, ਲੜ- ਮਰਦੀਆਂ ਸਨ ਤੇ ਜੱਸਾ ਸਿੰਘ ਰਾਮਗੜ੍ਹੀਆ, ਮੁਗਲ ਹਾਕਮ ਅਦੀਨਾ ਬੇਗ ਦਾ ਸਾਥੀ ਜਾ ਬਣਿਆ ਸੀ, ਪ੍ਰੰਤੂ ਜਦੋਂ ਅਦੀਨਾ ਬੇਗ ਹੱਥੋਂ ਆਪਣੇ ਭਰਾਵਾਂ ਦਾ ਹੁੰਦਾ ਕਤਲੇਆਮ ਅਤੇ ਮੁਗਲਾਂ ਦੀ ਸਿੱਖਾਂ ਪ੍ਰਤੀ ਜ਼ਹਿਰ ਵੇਖੀ ਤਾਂ ਉਹ ਝੱਟ ਆਪਣੀ ਕੌਮ ਨਾਲ ਆ ਖੜ੍ਹਿਆ ਸੀ| ਔਖੀ ਘੜੀ ’ਚ ਆਪਣੀਆਂ ਨਿੱਜੀ ਰੰਜਿਸ਼ਾਂ, ਗਿਲੇ- ਸ਼ਿਕਵੇ ਛੱਡ ਕੇ, ਇਕਜੁੱਟ ਹੋ ਜਾਣ ਦੀ ਉਦਾਹਰਣ, ਰਾਮਗੜ੍ਹੀਆ, ਸਰਦਾਰ ਨੇ ਕੌਮ ਨੂੰ ਦਿੱਤੀ, ਪ੍ਰੰਤੂ ਦੁੱਖ ਹੈ ਕਿ ਅੱਜ ਦੇ ਆਗੂ, ਆਪਣੇ ਪੂਰਵਜ਼ਾਂ ਤੋਂ ਕੋਈ ਸਿੱਖਿਆ ਨਹੀਂ ਲੈਣੀ ਚਾਹੁੰਦੇ| ਭਾਵੇਂ ਸਿੱਖੀ ’ਚ ਜਾਤ-ਪਾਤ ਲਈ ਕੋਈ ਥਾਂ ਨਹੀਂ, ਸਿਰਫ਼ ਕੰਮ- ਕਾਰਾਂ ਦੀ ਮੁਹਾਰਤ ਲਈ ਧੰਦਿਆਂ ਦੀ ਵੰਡ ਨੂੰ ਪ੍ਰਵਾਨਗੀ ਚੌਥੇ ਪਾਤਸ਼ਾਹ ਨੇ ਉਸ ਸਮੇਂ ਦਿੱਤੀ ਸੀ, ਜਦੋਂ ਉਨ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਸਮੇਂ ਵੱਖ- ਵੱਖ ਕਿੱਤਿਆਂ ਨਾਲ ਸਬੰਧਿਤ ਮਾਹਿਰ ਲੋਕਾਂ ਨੂੰ ਉਸ ਨਵੇਂ ਸ਼ਹਿਰ ’ਚ ਲਿਆ ਕੇ ਵਸਾਇਆ ਸੀ| ਰਾਮਗੜ੍ਹੀਆ ਭਾਈਚਾਰਾ ਜਿੱਥੇ ਕਿਰਤੀ ਹੈ, ਉਥੇ ਬਹਾਦਰੀ, ਦਲੇਰੀ ’ਚ ਅੱਗੇ ਰਿਹਾ| ਦਿੱਲੀ ਨੂੰ ਫ਼ਤਿਹ ਕਰਕੇ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖਾਂ ਦੀ ਬਹਾਦਰੀ ਦੇ ਡੰਕੇ ਵਜਾਏ| ਪੰਜਾਬ ਤੋਂ ਬਾਹਰ ਸਿੱਖ ਰਾਜ ਦੀ ਬੁਨਿਆਦ ਨੂੰ ਵਧਾਉਣ ਤੇ ਪਕੇਰਾ ਕਰਨ ਦੀ ਸੋਚ, ਉਸਤੇ ਹਮੇਸ਼ਾ ਭਾਰੂ ਰਹੀ| ਕੌਮ ਦੀ ਚੜ੍ਹਦੀ ਕਲਾ ਲਈ ਨਿੱਜੀ ਸੁਆਰਥ ਦੇ ਤਿਆਗ ਦੀ ਮਿਸ਼ਾਲ, ਉਨ੍ਹਾਂ ਇਕ ਵਾਰ ਨਹੀਂ ਅਨੇਕਾਂ ਵਾਰ ਸਥਾਪਿਤ ਕੀਤੀ| ਵਿਰੋਧੀ ਮਿਸਲ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਜਖ਼ਮੀ ਹੋਣ ਤੇ, ਉਸਦੀ ਸੇਵਾ ਸੰਭਾਲ ਕਰਨੀ, ਸਿੱਖੀ ਦੇ ਮਹਾਨ ਸਿਧਾਂਤਾਂ ਦੀ ਸੁੱਚੀ ਪਾਲਣਾ ਸੀ| ਭਾਈ ਲਾਲੋ ਜਿਸਨੇ ਆਪਣੀ ਸ਼ਰਧਾ ਕਾਰਣ ਗੁਰੂ ਨਾਨਕ ਸਾਹਿਬ ਦੀ ਗਲਵਕੜੀ ਦਾ ਨਿੱਘ ਮਾਣਿਆ ਸੀ, ਕਿਰਤ ਦੀ ਮਹਾਨਤਾ ਨੂੰ ਸਿਖ਼ਰਾਂ ਤੇ ਪਹੁੰਚਾਇਆ ਸੀ ਅਤੇ ਜੱਸਾ ਸਿੰਘ ਰਾਮਗੜ੍ਹੀਆ, ਜਿਸਦੇ ਬਾਪ ਨੇ ਦਸਮੇਸ਼ ਪਿਤਾ ਦੇ ਕਰ- ਕਮਲਾਂ ਤੋਂ ਅੰਮ੍ਰਿਤਪਾਨ ਕੀਤਾ ਸੀ ਅਤੇ ਉਸ ‘ਨਾਗਣੀ’ ਦਾ ਘਾੜਾ ਸੀ, ਜਿਸਨੇ ਭਾਈ ਬਚਿੱਤਰ ਸਿੰਘ ਰਾਂਹੀ ਮਸਤ ਹਾਥੀ ਦਾ ਮੂੰਹ ਮੋੜ ਦਿੱਤਾ ਸੀ, ਆਪਣੇ ਬਾਪ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ, ਕੇਸਰੀ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲ੍ਹੇ ਤੇ ਝੂਲਣ ਲਾਇਆ ਸੀ, ਉਨ੍ਹਾਂ ਮਹਾਨ ਸਖ਼ਸੀਅਤਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆ, ਸਿੱਖੀ ਸਿਧਾਂਤਾਂ ਦੇ ਜਾਗਰੂਕ ਪਹਿਰੇਦਾਰ ਬਣਨਾ ਚਾਹੀਦਾ ਹੈ| ਅੱਜ ਕੌਮ ’ਚ ਭਾਵੇਂ ਜਾਤ- ਪਾਤ ਦੀਆਂ ਵੰਡੀਆਂ ਗੂੜ੍ਹੀਆਂ ਹੋ ਗਈਆਂ ਹਨ ਅਤੇ ਕੋਈ ਸਿੱਖ, ਗੁਰੂ ਦਾ ਸਿੱਖ ਨਹੀਂ ਰਿਹਾ, ਉਹ ਜੱਟ, ਭਾਪਾ, ਰਾਮਗੜ੍ਹੀਆ, ਰਵਿਦਾਸੀਆ, ਮਜ਼੍ਹਬੀ ਸਿੱਖ ਬਣ ਗਿਆ ਹੈ, ਪ੍ਰੰਤੂ ਭਾਈ ਲਾਲੋ ਨੂੰ ਆਪਣੇ ਸੀਨੇ ਨਾਲ ਲਾ ਕੇ ਅਤੇ ਜੱਸਾ ਸਿੰਘ ਨੂੰ ਸਰਦਾਰ ਬਣਾ ਕੇ ਸਿੱਖੀ ’ਚ ਇਨਸਾਨ ਦੇ ਗੁਣਾਂ, ਸਖ਼ਸੀਅਤ ਅਤੇ ਉਸਦੀ ਭਾਵਨਾ ਦਾ ਮੁੱਲ ਪਾ ਕੇ ਹੀ, ਇਨ੍ਹਾਂ ਵੰਡੀਆਂ ਦਾ ਖ਼ਾਤਮਾ ਕੀਤਾ ਗਿਆ ਸੀ| ਰਾਮਗੜ੍ਹੀਆ ਭਾਈਚਾਰੇ ਨੂੰ ਅੱਜ ਇਹ ਵੀ ਯਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਦਾ ਨਾਮ ਸਰਦਾਰ ਜੱਸਾ ਸਿੰਘ ਵੱਲੋਂ ਰਾਮਰੌਣੀ ਦੇ ਕਿਲ੍ਹੇ ਨੂੰ ਢਾਹ ਕੇ, ਉਸਦੀ ਥਾਂ ਉਸਾਰੇ ਗਏ ‘ਰਾਮਗੜ੍ਹ ਕਿਲੇ’ ਦੇ ਨਾਮ ਤੇ ਰਾਮਗੜ੍ਹੀਆ ਪ੍ਰਚੁਲਿਤ ਹੋਇਆ ਸੀ, ਇਸ ਵਿੱਚ ਜੱਸਾ ਸਿੰਘ ਰਾਮਗੜ੍ਹੀਆਂ ਦੀ ਗੁਰੂ ਰਾਮਦਾਸ ਸਬੰਧੀ ਸ਼ਰਧਾ ਵੀ ਸ਼ਾਮਲ ਸੀ| ਇਸ ਲਈ ਇਸ ਭਾਈਚਾਰੇ ਦੇ ਜੁੰਮੇ ਕਿਲ੍ਹੇ ਵਾਗੂੰ ਕੌਮ ਤੇ ਕੌਮੀ ਸਿਧਾਂਤਾਂ ਦੀ ਰਾਖ਼ੀ ਦਾ ਜੁੰਮਾ ਹੈ| ਜੇ ਕਿਲ੍ਹੇ ’ਚ ਹੀ ਮੋਰੀਆਂ ਤੇ ਛੇਕ ਹੋ ਗਏ ਤਾਂ ਦੁਸ਼ਮਣ ਨੂੰ ਸੰਨ੍ਹ ਲਾਉਣ ’ਚ ਕੋਈ ਔਖ ਨਹੀਂ ਹੋਵੇਗੀ| ਅੱਜ ਦੇ ਦਿਨ ਉਸ ਮਹਾਨ ਜਰਨੈਲ ਨੂੰ ਯਾਦ ਕਰਦਿਆਂ, ਗੁਰੂ ਨਾਨਕ ਦੇ ਨਿਰਮਲੇ ਪੰਥ ਅਤੇ ਦਸਮੇਸ਼ ਪਿਤਾ ਦੇ ਨਿਆਰੇ ਖਾਲਸੇ, ਜਿਸ ਦੇ ਅਸੀਂ ਅੰਗ ਹਾਂ, ਉਸ ਪੰਥ ਦੇ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਦੀ ਰਾਖੀ ਦਾ ਪ੍ਰਣ ਜ਼ਰੂਰ ਲੈਣਾ ਚਾਹੀਦਾ ਹੈ |

ਜਸਪਾਲ ਸਿੰਘ ਹੇਰਾ ਦੇ ਸਹਿਯੋਗ ਸਾਹਿਤ 

Leave a Reply

Your email address will not be published. Required fields are marked *