*ਨਸ਼ੇ ਨਾਲ ਹੋ ਰਹੀਆਂ ਮੌਤਾਂ, ਕਰਤਾਰਪੁਰ ਹਲਕੇ ’ਚ ਆਪ ਸਰਕਾਰ ਤੇ ਪੁਲਿਸ ਪੂਰੀ ਤਰ੍ਹਾਂ ਫੇਲ੍ਹ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਸਰਕਾਰ ਦੌਰਾਨ ਦੂਸਰੇ ਇਲਾਕਿਆਂ ਵਾਂਗ ਹਲਕਾ ਕਰਤਾਰਪੁਰ ’ਚ ਵੀ ਨਸ਼ਾ ਵੱਡੇ ਪੱਧਰ ’ਤੇ ਵਿਕ ਰਿਹਾ ਹੈ। ਇਸ ਨਾਲ ਸਮਾਜਿਕ ਢਾਂਚਾ ਤਾਂ ਬਰਬਾਦ ਹੋ ਹੀ ਰਿਹਾ ਹੈ, ਨਾਲ ਹੀ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਸੂਬੇ ਦੀ ਆਪ ਸਰਕਾਰ ਤੇ ਜਲੰਧਰ ਦਿਹਾਤੀ ਪੁਲਿਸ ਨਸ਼ੇ ਨੂੰ ਰੋਕ ਪਾਉਣ ’ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਨਸ਼ਾ ਲਗਾਤਾਰ ਵਿਕਦਾ ਰਿਹਾ ਹੈ ਤੇ ਮੌਜ਼ੂਦਾ ਆਪ ਸਰਕਾਰ ’ਚ ਇਹ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਵਿਕ ਰਿਹਾ ਹੈ। ਇਸ ਨਸ਼ੇ ਕਾਰਨ ਹਲਕਾ ਕਰਤਾਰਪੁਰ ’ਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਇਸ ਗੰਭੀਰ ਮਾਮਲੇ ਸਬੰਧੀ ਜਲੰਧਰ ਦਿਹਾਤੀ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਿਆ ਜਾਂਦਾ ਰਿਹਾ ਹੈ, ਪਰ ਇਸਦੇ ਬਾਵਜੂਦ ਨਸ਼ੇ ’ਤੇ ਕੋਈ ਸ਼ਿਕੰਜਾ ਕੱਸਿਆ ਨਹੀਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਲੋਕਾਂ ਦੇ ਘਰ ਉਜਾੜਨ ਤੇ ਜ਼ਿੰਦਗੀਆਂ ਖਤਮ ਕਰਨ ਲੱਗਾ ਹੋਇਆ ਹੈ। ਇਹੋ ਜਿਹੇ ਮਾਹੌਲ ’ਚ ਵੀ ਆਪ ਸਰਕਾਰ ਤੇ ਪੁਲਿਸ ਵੱਲੋਂ ਲੋਕਾਂ ਨੂੰ ਇਸ ਕੋਹੜ ਤੋਂ ਛੁਟਕਾਰਾ ਦਿਵਾਉਣ ਵੱਲ ਗੰਭੀਰਤਾ ਨਜ਼ਰ ਨਹੀਂ ਆ ਰਹੀ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਵਸ ’ਤੇ ਬੂਟਾ ਮੰਡੀ (ਜਲੰਧਰ) ਵਿਖੇ ਪਾਰਟੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੌਰਾਨ ਨਸ਼ੇ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਵੇਗਾ। ਇਸਦੇ ਨਾਲ ਹੀ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਲਾਮਬੰਦ ਕਰਕੇ ਇਸ ਮੁੱਦੇ ’ਤੇ ਜਨ ਅੰਦੋਲਨ ਕੀਤਾ ਜਾਵੇਗਾ।

Leave a Reply

Your email address will not be published. Required fields are marked *