ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ- ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ) ਦੇ ਪੰਜਾਂ ਸਕੂਲਾਂ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ‘ਕਾਰਗਿਲ ਵਿਜੇ ਦਿਵਸ’ ਮਨਾਇਆ। ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸੱਤਵੀਂ ਜਮਾਤ ਦੇ ਬੱਚਿਆਂ ਨੇ ਸਲੋਗਨ ਲਿਖ ਕੇ ਦੇਸ਼ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਅੱਠਵੀਂ ਜਮਾਤ ਦੇ ਬੱਚਿਆਂ ਨੇ ‘ਰਾਸ਼ਟਰੀ ਏਕਤਾ’ ਵਿਸ਼ੇ ‘ਤੇ ਪੋਸਟਰ ਮੇਕਿੰਗ ਗਤੀਵਿਧੀ ਵਿੱਚ ਵੱਖ-ਵੱਖ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੇ ਹੋਏ ਦਿਲੋਂ ਸ਼ਰਧਾਂਜਲੀ ਭੇਟ ਕੀਤੀ। ਨੌਵੀਂ ਜਮਾਤ ਦੇ ਬੱਚਿਆਂ ਲਈ ‘ਅਜ਼ਾਦੀ ਘੁਲਾਟੀਏ ਵੱਜੋਂ ਕਾਨੂੰਨ’ ਗਤੀਵਿਧੀ ਵੀ ਕਰਵਾਈ ਗਈ। ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੇਸ਼-ਭਗਤੀ ਦੀਆਂ ਕਵਿਤਾਵਾਂ ਸੁਣਾ ਕੇ ਸੈਨਿਕਾਂ ਦੀ ਜੀਵਨੀ ਪੇਸ਼ ਕੀਤੀ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ‘ਕਾਰਗਿਲ ਵਿਜੇ ਦਿਵਸ’ ਦੇ ਪਿੱਛੇ ਦਾ ਇਤਿਹਾਸ ਸਮਝਾਇਆ ਅਤੇ ਉਨ੍ਹਾਂ ਅਮਰ ਸੈਨਿਕਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਲਈ ਕਿਹਾ, ਜਿਨ੍ਹਾਂ ਨੇ ਮਾਤ ਭੂਮੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ।





