*ਹਿਮਾਚਲ ਨਾਲ ਲੱਗਦੇ ਪਿੰਡ ਸਧਾਣੀ ਦੀ ਹਡ਼੍ਹ ’ਚ ਰੁਡ਼੍ਹੀ ਸਡ਼ਕ, ਡੇਢ ਮਹੀਨੇ ਤੋਂ ਪੰਜਾਬ ਨਾਲੋਂ ਟੁੱਟਿਆ ਸਡ਼ਕੀ ਸੰਪਰਕ*

पंजाब
Spread the love

ਦੀਪਕ ਠਾਕੁਰ

ਤਲਵਾਡ਼ਾ, 24 ਅਗਸਤ-ਤਿੰਨ ਪਾਸਿਓਂ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਘਿਰਿਆ ਪਿੰਡ ਸਧਾਣੀ ਪੰਜਾਬ ਦਾ ਅਖ਼ਿਰਲਾ ਪਿੰਡ ਹੈ। ਸ਼ਹਿਰ ਤਲਵਾਡ਼ਾ ਤੋਂ 22 ਕਿਲੋਮੀਟਰ ਦੂਰ ਪੈਂਦੇ ਪਿੰਡ ਸਧਾਣੀ ਦੀ ਸਾਢੇ ਪੰਜ ਸੌ ਦੇ ਕਰੀਬ ਆਬਾਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸੀਮਾ ’ਚ ਵੱਗਦੇ ਸਵਾਂ ਦਰਿਆ ਦੇ ਕੰਢੇ ਜ਼ਿਲ੍ਹਾ ਕਾਂਗਡ਼ਾ ਦੀ ਹੱਦ ’ਤੇ ਸਥਿਤ ਹੈ ਪਿੰਡ ਸਧਾਣੀ, ਪਿੰਡ ਨੂੰ ਜਾਣ ਲਈ ਹਿਮਾਚਲ ਪ੍ਰਦੇਸ਼ ਦੇ ਕਸਬਾ ਮਰਵਾਡ਼ੀ ਤੋਂ ਸਵਾਂ ਦਰਿਆ ’ਚ ਪੰਜਾਬ ਵਾਲੇ ਪਾਸਿਓਂ ਇੱਕ ਕਿਲੋਮੀਟਰ ਲੰਬਾ ਇੱਕ ਮਾਤਰ ਸਡ਼ਕ ਮਾਰਗ ਪੈਂਦਾ ਹੈ। ਇਹ ਰਸਤਾ ਲੰਘੇ ਮਹੀਨੇ ਦੇ ਪਹਿਲੇ ਹਫ਼ਤੇ ਪਈ ਭਾਰੀ ਬਰਸਾਤ ਕਾਰਨ ਆਏ ਹਡ਼੍ਹ ’ਚ ਰੁਡ਼੍ਹ ਜਾਣ ਕਾਰਨ ਪਿੰਡ ਦਾ ਪੰਜਾਬ ਨਾਲ ਸੰਪਰਕ ਟੁੱਟ ਹੋਇਆ ਹੈ। ਪਿੰਡ ਦੇ ਲੋਕ ਬਲਾਕ ਤਲਵਾਡ਼ਾ ’ਚ ਕੰਮ ਕਰਵਾਉਣ ਲਈ ਹਿਮਾਚਲ ਪ੍ਰਦੇਸ਼ ਦੇ ਕਸਬਾ ਦੌਲਤਪੁਰ ਰਾਹੀਂ ਘੁੰਮ ਕੇ ਆ ਰਹੇ ਹਨ। ਪਿੰਡ ਦੇ ਸਾਬਕਾ ਸਰਪੰਚ ਰਛਪਾਲ ਰਾਣਾ, ਸੁਖਦੇਵ ਸਿੰਘ, ਜੈ ਦੇਵ, ਅੰਗਦ ਰਾਮ ਆਦਿ ਨੇ ਦਸਿਆ ਕਿ ਭਾਰੀ ਬਰਸਾਤ ਕਾਰਨ ਸਵਾਂ ਦਰਿਆ ’ਚ ਆਏ ਹਡ਼੍ਹ ਵਿੱਚ ਪਿੰਡ ਨੂੰ ਪੰਜਾਬ ਨਾਲ ਜੋਡ਼ਨ ਵਾਲਾ ਇੱਕ ਮਾਤਰ ਰਸਤਾ ਰੁਡ਼੍ਹ ਗਿਆ ਸੀ, ਪਰ ਅਜੇ ਤੱਕ ਪ੍ਰਸ਼ਾਸਨ ਪਿੰਡ ਦੇ ਰਸਤੇ ਨੂੰ ਬਣਾਉਣ ’ਚ ਨਾਕਾਮ ਰਿਹਾ ਹੈ, ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਚਾਇਤ ਮੈਂਬਰ ਕੈਂਚਨਾ ਦੇਵੀ, ਰਾਜਿੰਦਰ ਕੁਮਾਰ, ਰਮੇਸ਼ ਕੁਮਾਰ ਤੇ ਯੋਗੇਸ਼ ਸਿੰਘ ਨੇ ਦਸਿਆ ਕਿ ਪਿੰਡ ਵਾਸੀਆਂ ਨੂੰ ਕਿਲੋਮੀਟਰ ਦੂਰ ਸਥਿਤ ਕਸਬਾ ਮਰਵਾਡ਼ੀ ਪਹੁੰਚਣ ਲਈ ਹੁਣ ਹਿਮਾਚਲ ਪ੍ਰਦੇਸ਼ ’ਚੋਂ ਘੁੰਮ ਕੇ ਆਉਣ ਲਈ 400 ਰੁਪਏ ਖਰਚ ਕਰਨੇ ਪੈ ਰਹੇ ਹਨ। ਹਰ ਬਰਸਾਤ ’ਚ ਪਿੰਡ ਦਾ ਰਸਤਾ ਰੁਡ਼੍ਹ ਜਾਂਦਾ ਹੈ। ਪਿੰਡ ਵਾਸੀ ਲੰਮੇ ਅਰਸੇ ਤੋਂ ਦਰਿਆ ’ਚ ਪੁੱਲ ਬਣਾਉਣ ਦੀ ਮੰਗ ਕਰ ਰਹੇ ਹਨ, ਪਰ ਅਜੇ ਤੱਕ ਕਿਸੇ ਵੀ ਜਨ ਪ੍ਰਤੀਨਿੱਧ ਅਤੇ ਨਾ ਹੀ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੁੱਖ ਮੰਗ ਵੱਲੋ ਕੋਈ ਤਵੱਜੋ ਦਿੱਤੀ ਹੈ। ਮੌਜ਼ੂਦਾ ਮਹਿਲਾ ਸਰਪੰਚ ਮਹਿਮਾ ਦੇਵੀ ਨੇ ਦੱਸਿਆ ਕਿ ਪਿੰਡ ’ਚ ਇੱਕ ਮਿਡਲ ਸਕੂਲ ਹੈ, ਪਰ ਅਗਲੇਰੀ ਪਡ਼੍ਹਾਈ ਲਈ ਬੱਚੇ ਦਰਿਆ ਪਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗਡ਼੍ਹ ਸੀਕਰੀ ’ਚ ਪਡ਼੍ਹਦੇ ਹਨ, ਰਸਤਾ ਰੁਡ਼੍ਹਨ ਕਾਰਨ 40 ਦੇ ਕਰੀਬ ਬੱਚੇ ਗਰਮੀਆਂ ਦੀਆਂ ਛੁੱਟੀਆਂ ਉਪਰੰਤ ਅਜੇ ਤੱਕ ਸਕੂਲ ਨਹੀਂ ਜਾ ਸਕੇ। ਪਿੰਡ ’ਚ ਬਿਮਾਰ ਆਦਿ ਵਿਅਕਤੀ ਨੂੰ ਹਸਪਤਾਲ ਲੈ ਜਾਣਾ ਔਖਾ ਹੋ ਗਿਆ ਹੈ, ਪਿਛਲੇ ਦਿਨੀਂ ਸਵਾਂ ਦਰਿਆ ’ਚ ਆਏ ਅਚਾਨਕ ਹਡ਼੍ਹ ਕਾਰਨ ਰਾਹੁਲ ਰਾਣਾ ਨਾਮਕ ਪਿੰਡ ਦਾ ਨੌਜਵਾਨ ਸਕੂਟੀ ਸਮੇਤ ਰੁਡ਼੍ਹ ਗਿਆ ਸੀ, ਭਾਰੀ ਮੁਸ਼ਕੱਤ ਬਾਅਦ ਨੌਜਵਾਨ ਨੂੰ ਤਾਂ ਬਚਾ ਲਿਆ ਗਿਆ ਸੀ, ਪਰ ਉਸਦੀ ਸਕੂਟੀ ਤੇਜ਼ ਵਹਾਅ ’ਚ ਰੁਡ਼੍ਹ ਗਈ। ਮਹਿਲਾ ਸਰਪੰਚ ਨੇ ਸਿਆਸੀ ਲੋਕਾਂ ’ਤੇ ਰੋਸ ਜਤਾਉਂਦਿਆਂ ਕਿਹਾ ਕਿ ਸਰਹੱਦੀ ਪਿੰਡ ਦੇ ਵਸਨੀਕਾਂ ਨੂੰ ਵੋਟ ਵਾਸਤੇ ਹੀ ਰੱਖਿਆ ਹੈ, ਰਸਤੇ ਬਾਰੇ ਕੋਈ ਗੱਲ ਨਹੀਂ ਕਰਦਾ, ਵੋਟਾਂ ਉਪਰੰਤ ਸਭ ਭੁੱਲ ਭੁਲਾ ਜਾਂਦੇ ਹਨ। ਪਿੰਡ ਵਾਸੀ ਲੰਮੇ ਅਰਸੇ ਤੋਂ ਪੁੱਲ ਬਣਾਉਣ ਦੀ ਮੰਗ ਕਰ ਰਹੇ ਹਨ, ਵੋਟਾਂ ਵੇਲੇ ਸਭ ਵਾਅਦੇ ਕਰਦੇ ਹਨ, ਪਰ ਬਾਅਦ ਵਿਚ ਬਜ਼ਟ ਹੈ ਨਹੀਂ ਦਾ ਰਾਗ ਅਲਾਪਦੇ ਹਨ।

ਲੋਕ ਨਿਰਮਾਣ ਵਿਭਾਗ ਦੇ ਐਕਸਿਅਨ ਕਮਲ ਨੈਨ ਨੇ ਕਿਹਾ ਕਿ ਸਵਾਂ ਦਰਿਆ ’ਚ ਕਾਜਵੇ ਕਾਮਯਾਬ ਨਹੀਂ ਹੈ, ਵਿਭਾਗ ਵੱਲੋਂ ਪੁੱਲ ਦੀ ਤਜਵੀਜ਼ ਬਣਾ ਕੇ ਭੇਜੀ ਗਈ ਹੈ, ਸਰਕਾਰ ਵੱਲੋਂ ਮਨਜ਼ੂਰੀ ਮਿਲਣ ਅਤੇ ਲੋਡ਼ੀਂਦਾ ਫੰਡ ਮੁਹੱਇਆ ਹੋਣ ’ਤੇ ਜ਼ਲਦ ਕੰਮ ਸ਼ੁਰੂ ਕੀਤਾ ਜਾਵੇਗਾ।

ਹਲ਼ਕਾ ਵਿਧਾਇਕ ਐਡ ਕਰਮਵੀਰ ਘੁੰਮਣ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਸਵਾਂ ਦਰਿਆ ’ਚ ਹਡ਼੍ਹ ਆ ਰਹੇ ਹਨ, ਬਰਸਾਤ ਖਤਮ ਹੋਣ ਉਪਰੰਤ ਜ਼ਲਦ ਹੀ ਰਸਤੇ ਨੂੰ ਬਣਾਇਆ ਜਾਵੇਗਾ।

Leave a Reply

Your email address will not be published. Required fields are marked *