*ਇਸ ਮੌਕੇ ਭਾਰਤੀ ਅੰਬੈਸੀ ਦੇ ਕੌਂਸਲਰ ਪ੍ਰਵੀਨ ਕੁਮਾਰ ਅਤੇ ਭਾਜਪਾ ਫਰਾਂਸ ਦੇ ਪ੍ਰਧਾਨ ਅਵਿਨਾਸ਼ ਮਿਸ਼ਰਾ ( ਮੁੱਖ ਸ਼ਰਧਾਲੂ ) ਦੇ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੋਏ —–ਜੋਗਿੰਦਰ ਕੁਮਾਰ*
ਪੈਰਿਸ 30 ਨਵੰਬਰ ( ਪੱਤਰ ਪ੍ਰੇਰਕ ) ਫਰਾਂਸ ਸਥਿਤ ਗੁਰਦੁਆਰਾ ਸਾਹਿਬ, ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ ਦੀ ਪ੍ਰਬੰਧਕ ਕਮੇਟੀ ਨੇ, ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਕੇਂਦਰ ਵਿੱਚ ਮੌਜੂਦਾ ਮੋਦੀ ਸਰਕਾਰ ਨੇ ਜਿਹੜਾ ਕਾਰਜ ਪਿਛਲੇ ਕੁੱਝ ਸਾਲਾਂ ਦੌਰਾਨ, ਸਿੱਖ ਕੌਮ ਦੇ ਗੁਰੂਆਂ ਦੇ ਗੁਰਪੁਰਬ ਅਤੇ ਸਾਹਿਬਜਾਦਿਆਂ ਦੇ ਸ਼ਹੀਦੀ ਗੁਰਪੁਰਬ ਮਨਾਉਣ ਬਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਸ਼ੁਰੂ ਕੀਤਾ ਸੀ , ਉਸੇ ਮੁਹਿੰਮ ਤਹਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 554ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ (ਲਾ-ਕੋਰਨਵ ਫਰਾਂਸ ) ਵਿਖ਼ੇ ਛੱਬੀ ਨਵੰਬਰ ਨੂੰ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ | ਜਿਸਦੇ ਸਬੰਧ ਵਿੱਚ ਸ਼੍ਰੀ ਅਖੰਡਿਪਾਠਿ ਸਾਹਿਬ ਚੌਵੀ ਨਵੰਬਰ ਨੂੰ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੇ ਸੰਪੂਰਨ ਭੋਗ ਛੱਬੀ ਨਵੰਬਰ ਨੂੰ ਸਵੇਰੇ ਗਿਆਰਾਂ ਵਜੇ ਪੈਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਅਤੇ ਹੁਕਮਨਾਮਾ ਲਿਆ ਗਿਆ | ਗੁਰੂ ਘਰ ਦੇ ਹਜੂਰੀ ਰਾਗੀ ਗਿਆਨੀ ਸੁਰਜੀਤ ਸਿੰਘ ਨੇ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਵਿਆਖਿਆ ਸਾਹਿਤ ਕੀਤਾ ਅਤੇ ਹਾਜਿਰ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਵੀ ਦਿੱਤੀ |
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਮਹੱਤਤਾ ਨੂੰ ਦੇਖਦੇ ਹੋਏ ਫਰਾਂਸ ਦੀਆਂ ਬਹੁਤ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ ਭਾਰਤੀ ਅੰਬੇਸੀ ਵੱਲੋਂ ਮਨਿਸਟਰ ਆਫ ਕੌਂਸਲਰ ਪ੍ਰਨੀਤ ਕੁਮਾਰ ਅਤੇ ਬਰਗੇਡੀਅਰ ਮਿਸਟਰ ਰੋਬਿਨ ਉਚੇਚੇ ਤੌਰ ਤੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਪਹੁੰਚੇ ਹੋਏ ਸਨ, ਜਦ ਕਿ ਇਨ੍ਹਾਂ ਤੋਂ ਇਲਾਵਾ ਫਰਾਂਸ ਵਿੱਚ ਰਜਿਸਟਰਡ ਸਾਰੀਆਂ ਹੀ ਭਾਰਤੀ ਸੰਸਥਾਵਾਂ ਦੇ ਮੁਖੀ ਸ਼੍ਰੀ ਜੋਗਿੰਦਰ ਕੁਮਾਰ, ਸ਼ਿਵ ਕੁਮਾਰ, ਭੀਮ ਸੈਨ ਸਾਹਿਤ ਲਾ-ਕੋਰਨਵ ਦੀ ਮਿਊਨਿਸਪਲ ਕਮੇਟੀ ਦੇ ਸਲਾਹਕਾਰ ( ਭਾਰਤੀ ਮੂਲ ) ਮਿਸਟਰ ਫਰੂਕ ਅਮੀਰੋਦੀਨ ਵੀ ਹਾਜਿਰ ਸਨ | ਇਨ੍ਹਾਂ ਸਾਰੀਆਂ ਹੀ ਮਹਾਨ ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਏ ਦੇ ਕੇ ਸਨਮਾਨਿਆ ਗਿਆ | ਮੋਦੀ ਸਰਕਾਰ ਦੀ ਤਰਫ਼ੋਂ ਮਿਸਟਰ ਪ੍ਰਨੀਤ ਕੁਮਾਰ, ਜੋਗਿੰਦਰ ਕੁਮਾਰ ਅਤੇ ਅਵਿਨਾਸ਼ ਮਿਸ਼ਰਾ ਨੇ ਸੰਗਤਾਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਗੁਰੂ ਘਰ ਮੱਥਾ ਟੇਕਣ ਉਪਰੰਤ ਰੂਹਾਨੀ ਖੁਸ਼ੀ ਪ੍ਰਾਪਤ ਹੋਈ ਹੈ | ਦੂਸਰਾ ਅਸੀਂ ਕਰਮਾਂ ਵਾਲੇ ਹਾਂ ਕਿ ਸਾਨੂੰ ਪ੍ਰਕਾਸ਼ ਪੁਰਬ ਦੇ ਧਾਰਮਿਕ ਸਮਾਗਮਾਂ ਵਿੱਚ ਭਾਗ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ | ਗੁਰੂ ਕੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਤਿੰਨੋਂ ਦਿਨ ਅਟੁੱਟ ਵਰਤਾਏ ਗਏ |
ਇਸ ਤੋਂ ਬਿਨਾਂ ਇਕਬਾਲ ਸਿੰਘ ਭੱਟੀ ਨੇ ਵੀ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਉਂਦੇ ਹੋਏ ਕਿਹਾ ਕਿ ਮੈਂ ਕਾਮਨਾ ਕਰਦਾਂ ਹਾਂ ਕਿ ਕੇਂਦਰ ਵਿੱਚ ਹਮੇਸ਼ਾਂ ਇਹੋ ਜਿਹੀਆਂ ਸਰਕਾਰਾਂ ਹੋਂਦ ਵਿੱਚ ਆਉਣੀਆਂ ਚਾਹੀਦੀਆਂ ਹਨ, ਜਿਹੜੀਆਂ ਆਪਣੇ ਧਰਮ ਦੇ ਨਾਲ ਨਾਲ, ਸਿੱਖ ਕੌਮ ਦੇ ਧਾਰਮਿਕ ਪ੍ਰੋਗਰਾਮਾਂ ਨੂੰ ਵੀ ਹਰੇਕ ਸਾਲ ਮਨਾਉਂਦੀਆਂ ਰਹਿਣ | ਵੈਸੇ ਸਾਨੂੰ ਪੂਰਨ ਉਮੀਦ ਹੈ ਕਿ ਸ਼੍ਰੀ ਨਰਿੰਦਰ ਮੋਦੀ ਜੀ ਹੀ ਤੀਸਰੀ ਵਾਰ ਆਪਣੀ ਸਰਕਾਰ ਬਣਾਉਣਗੇ, ਇਸ ਲਈ ਮੈਂ ਪ੍ਰਮਾਤਮਾਂ ਅੱਗੇ ਅਰਦਾਸ ਕਰਦਾਂ ਹਾਂ ਕਿ ਮੋਦੀ ਸਾਹਿਬ ਜਿੱਥੇ ਸਾਡੇ ਗੁਰੂਆਂ ਅਤੇ ਸਾਹਿਬਜਾਦਿਆਂ ਦਾ ਸਤਿਕਾਰ ਕਰਦੇ ਹਨ, ਉੱਥੇ ਹੀ ਉਹ ਸਿੱਖ ਕੌਮ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਕਰਨ ਵੱਲ ਵੀ ਧਿਆਨ ਦੇਣਗੇ, ਤਾਂ ਕਿ ਅਸੀਂ ਆਉਣ ਵਾਲੀਆਂ ਚੋਣਾਂ ਵਿੱਚ ਮੋਦੀ ਸਾਹਿਬ ਨੂੰ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਦਾ ਮੰਨ ਬਣਾ ਸਕਣ
|





