ਜਲੰਧਰ (ਦਾ ਮਿਰਰ ਪੰਜਾਬ)-ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ( ਰਜਿ.ਫਰਾਂਸ ) ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਅਤੇ ਉਸਦੇ ਮੰਤਰੀ ਸਤਿੰਦਰ ਜੈਨ ਦੋਹਾਂ ਨੇ ਹੀ ਆਪੋ ਆਪਣੇ ਦਿੱਲੀ ਸਰਕਾਰ ਦੇ ਸਰਕਾਰੀ ਲੈਟਰ ਪੈਡ ਤੇ ਲਿਖਤੀ ਸਮਝੌਤਾ ਕੀਤਾ ਸੀ ਕਿ ਉਹ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ ਦੇ ਨਾਲ ਨਾਲ ਬਾਕੀ ਮੰਗਾ ਵੀ ਮੰਨੇਗਾ, ਜਿਵੇੰ ਕਿ ਫਾਸਟ ਟ੍ਰੈਗ ਕੋਰਟ ਬਣਾਉਣੀ, ਦਿੱਲੀ ਦੰਗਿਆ ਦੇ ਸਮੂੰਹ ਦੋਸ਼ੀਆਂ ਨੂੰ ਸਜਾਵਾਂ, ਬੰਦੀ ਸਿੰਘਾਂ ਦੀ ਰਿਹਾਈ ਆਦਿ ਮੰਗਾਂ ਸਨ, ਜਿਸਦਾ ਸਬੂਤ ਇਹ ਪੱਤਰ ਅਤੇ ਫੋਟੋ ਹੈ | ਇਨ੍ਹਾਂ ਦੋਹਾਂ ਪੱਤਰਾਂ ਨੂੰ ਇਕਬਾਲ ਸਿੰਘ ਭੱਟੀ ਨੂੰ ਸੌਂਪਣ ਉਪਰੰਤ ਦਿੱਲੀ ਸਰਕਾਰ ਦੇ ਦੋ ਐਮ ਐਲ ਏਜ ਜਰਨੈਲ ਸਿੰਘ ਤਿਲਕ ਨਗਰ, ਜਗਦੀਪ ਸਿੰਘ ਹਰੀ ਨਗਰ ਨੇ ਮੌਕੇ ਤੇ ਪਹੁੰਚ ਕੇ ਸਰਦਾਰ ਪੀਰ ਮੁਹੰਮਦ, ਜਸਵੰਤ ਸਿੰਘ ਅਤੇ ਸਤਿਕਾਰ ਕਮੇਟੀ ਦੇ ਮੁਖੀ ਬਾਬਾ ਦੀ ਹਾਜ਼ਰੀ ਵਿੱਚ ਇਕਬਾਲ ਸਿੰਘ ਵੱਲੋਂ ਦਿੱਲੀ ਦੇ ਜੰਤਰ ਮੰਤਰ ਉੱਪਰ ਰੱਖੀ ਗਈ ਭੁੱਖ ਹੜਤਾਲ 57 ਦਿਨਾਂ ਉਪਰੰਤ ਜੂਸ ਪਿਆ ਕੇ ਅਤੇ ਲਿਖਤੀ ਵਾਅਦੇ ਕਰਕੇ ਤੁੜਵਾਈ ਸੀ, ਜਿਸਦੀ ਸਾਰੀ ਡਿਟੇਲ ਪ੍ਰੈਸ ਨੋਟ ਨਾਲ ਨੱਥੀ ਗਏ ਇਸ ਲਿਖਤੀ ਪੱਤਰ ਵਿੱਚ ਮੌਜੂਦ ਹੈ | ਅੱਜ ਦੀ ਪ੍ਰੈਸ ਕਾਨਫਰੰਸ ਦਾਂ ਮਕਸਦ ਸਿਰਫ ਤੇ ਸਿਰਫ ਇਹੋ ਹੀ ਹੈ ਕਿ ਕੇਜਰੀਵਾਲ ਸਾਹਿਬ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਦੋਹਰੇ ਮਾਪਦੰਡ ਅਪਣਾ ਰਹੇ ਹਨ | 57 ਦਿਨਾਂ ਭੁੱਖ ਹੜਤਾਲ ਦਾ ਪੂਰਾ ਵੇਰਵਾ ਆਪ ਸਭ ਪੱਤਰਕਾਰ, ਗੁਗਲ ਦੁਆਰਾ ਵੀ Hunger Strike of Bhai Iqbal Singh ਲਿਖ ਕੇ ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਦੱਸਿਆ ਹੋਇਆ ਹੈ ਇਨ੍ਹਾਂ 57 ਦਿਨਾਂ ਦਰਮਿਆਨ ਭੱਟੀ ਦਾ ਸਾਢੇ ਇੱਕੀ ਕਿੱਲੋ ਭਾਰ ਘਟਿਆ ਸੀ ਅਤੇ ਸਿਹਤ ਵੀ ਬਹੁਤ ਜਿਆਦਾ ਖਰਾਬ ਹੋ ਗਈ ਸੀ | ਭੱਟੀ ਨੂੰ ਕੇਜਰੀਵਾਲ ਸਰਕਾਰ ਦੇ ਐਮ ਐਲ ਏਜ ਦੁਆਰਾ ਇਹ ਦੋਵੇਂ ਪੱਤਰ ਭੁੱਖ ਭੁੱਖ ਹੜਤਾਲ ਦੇ 53ਵੇਂ ਦਿਨ ਧਰਨੇ ਵਾਲੀ ਜਗਾਹ ਜੰਤਰ ਮੰਤਰ ਉੱਪਰ ਪ੍ਰਾਪਤ ਹੋਏ ਸਨ , ਜਿਸਦੀ ਬਕਾਇਦਾ ਸੂਚਨਾ ਪ੍ਰਾਪਤ ਹੋਏ ਪੱਤਰ ਦੀ ਕਾਪੀ ਯੂਰਪ ਦੀਆਂ ਦੋ ਅਖਬਾਰਾਂ ਵਿੱਚ ਛਾਪ ਕੇ ਰਾਏ ਪੁੱਛੀ ਗਈ ਸੀ ਕਿ ਕੀ ਹੁਣ ਭੁੱਖ ਹੜਤਾਲ ਤੋੜ ਦੇਣੀ ਚਾਹੀਦੀ ਹੈ ਕਿ ਨਹੀਂ, ਸੋਂ ਸਾਂਝੀ ਰਾਏ ਬਣਾ ਕੇ 57 ਦਿਨਾਂ ਬਾਅਦ ਭੁੱਖ ਹੜਤਾਲ ਖ਼ਤਮ ਕੀਤੀ ਗਈ ਸੀ | ਲੇਕਿਨ ਨੌਅ ਸਾਲ ਬੀਤ ਜਾਣ ਉਪਰੰਤ ਵੀ ਕੇਜਰੀਵਾਲ ਸਾਹਿਬ ਦੇ ਵਾਅਦੇ ਵਫ਼ਾ ਨਹੀਂ ਹੋਏ, ਜੋ ਕਿ ਅਤਿਅੰਤ ਦੁਖਦਾਈ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਦਾਰ ਇਕਬਾਲ ਸਿੰਘ ਭੱਟੀ ( ਫਰਾਂਸ) ਉੱਘੇ ਸਮਾਜ ਸੇਵਕ ਹੀ ਹਨ, ਜਿਨ੍ਹਾਂ ਨੂੰ ਹੁਣ ਤੱਕ ਸੱਤ ਗੋਲਡ ਅਤੇ ਗਿਆਰਾਂ ਪ੍ਰਸੰਸਾ ਪੱਤਰ ਵੀ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੋਵਿਡ ਦਰਮਿਆਨ ਲੋਕਾਂ ਦੀ ਸੇਵਾ ਕਰਨ ਬਦਲੇ ਭਾਰਤ ਸਰਕਾਰ ਵੱਲੋਂ ਮਿਲਿਆ ਅਵਾਰਡ ਖਾਸ ਮਹੱਤਤਾ ਰੱਖਦਾ ਹੈ | ਭੱਟੀ ਸਾਹਿਬ 2003 ਤੋਂ ਲੈ ਕੇ ਹੁਣ ਤੱਕ ਫਰਾਂਸ ਤੋਂ ਭਾਰਤ 249 ਮਿਰਤਕ ਦੇਹਾਂ ਭੇਜਣ ਦੇ ਨਾਲ ਨਾਲ 122 ਮਿਰਤਕ ਦੇਹਾਂ ਦਾਂ ਸਸਕਾਰ ਫਰਾਂਸ ਵਿੱਚ ਕਰਨ ਉਪਰੰਤ ਉਨ੍ਹਾਂ ਦੀਆਂ ਅਸਥੀਆਂ ਸਬੰਧਿਤ ਪਰਿਵਾਰਾਂ ਤੱਕ ਵੀ ਭਾਰਤ ਪਹੁੰਚਾ ਚੁੱਕੇ ਹਨ |