ਜਲੰਧਰ (ਜਸਪਾਲ ਕੈਂਥ)-ਸਿਖ ਚਿੰਤਕਾਂ ਸਿਰਦਾਰ ਗੁਰਤੇਜ ਸਿੰਘ ਆਈਏਐਸ,ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ,, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ ,ਭਾਈ ਮਨਜੀਤ ਸਿੰਘ ਗਤਕਾ ਮਾਸਟਰ ਨੇ ਕਿਹਾ ਕਿ ਸਿੰਘ ਸਾਹਿਬਾਨ ਨੂੰ ਅਸਤੀਫੇ ਦੇਣ ਦੀ ਥਾ ਗੁਨਾਹਗਾਰ ਲੀਡਰਸ਼ਿਪ ਨੂੰ ਸਿਆਸੀ ਸਜ਼ਾ ਦੇਕੇ ਨੁਮਾਇੰਦਾ ਪੰਥਕ ਇਕਠ ਵਿਚ ਅਕਾਲੀ ਦਲ ਦੀ ਪੁਨਰ ਸਿਰਜਣਾ ਦੀ ਕਮੇਟੀ ਬਣਾ ਕੇ ਸ੍ਰੋਮਣੀ ਅਕਾਲੀ ਦਲ ਦੀ ਪੁਨਰ ਉਸਾਰੀ ਵਲ ਵਧਣਾ ਚਾਹੀਦਾ ਹੈ।ਸਿਖ ਪੰਥ ਸਿੰਘ ਸਾਹਿਬਾਨ ਤੋਂ ਇਹੀ ਉਮੀਦ ਰਖਦਾ ਹੈ। ਉਨ੍ਹਾਂ ਕਿਹਾ ਕਿ ਇਸੇ ਨੀਤੀ ਤਹਿਤ ਪੰਥਕ ਸੰਸਥਾਵਾਂ ਤੇ ਪੰਥਕ ਸ਼ਕਤੀ ਮਜਬੂਤ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਗੁਨਾਹਾਂ ਬਾਰੇ ਅਕਾਲ ਤਖਤ ਸਾਹਿਬ ਤੋਂ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ ਸਿਖ ਪੰਥ ਇਨ੍ਹਾਂ ਗੁਨਾਹਗਾਰਾਂ ਤੋਂ ਸੁਚੇਤ ਰਹਿ ਸਕੇ ਤੇ ਇਹ ਸਿਖ ਪੰਥ ਦਾ ਹੋਰ ਨੁਕਸਾਨ ਨਾ ਕਰ ਸਕਣ।
ਉਨ੍ਹਾਂ ਕਿਹਾ ਕਿ ਬਾਦਲਕਿਆਂ ਦਾ ਵਿਰਸਾ ਸਿੰਘ ਵਲਟੋਹਾ ਰਾਹੀਂ ਸਿੰਘ ਸਾਹਿਬਾਨ ਨਾਲ ਧਮਕੀ ਪੂਰਨ ਗੈਂਗਸਟਰਾਂ ਵਾਲਾ ਵਿਹਾਰ ਸਿੰਘ ਸਾਹਿਬਾਨ ਦੇ ਇਤਿਹਾਸਕ ਕਾਰਜ ਤੇ ਨਿਆਂ ਵਿਚ ਰੁਕਾਵਟ ਪਾਉਣ ਵਾਲਾ ਹੈ। ਖਾਲਸਾ ਪੰਥ ਤੇ ਇਸ ਦੀਆਂ ਸਮੁਚੀਆਂ ਜਥੇਬੰਦੀਆਂ ਨੂੰ ਇਸ ਇਤਿਹਾਸਕ ਕਾਰਜ ਵਿਚ ਜਥੇਦਾਰਾਂ ਦੇ ਹੱਕ ਵਿਚ ਖਲੌਣਾ ਚਾਹੀਦਾ ਹੈ।
ਇਕ ਪਾਸੇ ਬਾਦਲਕੇ ਸਿੰਘ ਸਾਹਿਬਾਨ ਨੂੰ ਸੁਪਰੀਮ ਆਖਦੇ ਰਹੇ ਹਨ ਦੂਜੇ ਪਾਸੇ ਉਨ੍ਹਾਂ ਨੂੰ ਜਲੀਲ ਕਰ ਰਹੇ ਹਨਤੇ ਸਮੇਂ ਸਮੇਂ ਆਪਣੇ ਨਿਜੀ ਹਿਤਾਂ ਲਈ ਵਰਤਦੇ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਬਾਰੇ ਬਾਦਲ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੋਈ ਨੋਟਿਸ ਨਹੀਂ ਲਿਆ ਤੇ ਵਲਟੋਹੇ ਨੂੰ ਆਪਣਾ ਛੋਟਾ ਭਰਾ ਦਸਕੇ ਇਸ ਨਵ ਸਿਆਸੀ ਗੈਂਗਸਟਰਵਾਦ ਨੂੰ ਉਤਸ਼ਾਹਿਤ ਕੀਤਾ ਹੈ ਜੋ ਸਿਖ ਪੰਥ ਨੂੰ ਸਿਧਾ ਚੈਲਿੰਜ ਹੈ।।ਉਲਟਾ ਹਰਜਿੰਦਰ ਸਿੰਘ ਧਾਮੀ ਸਿੰਘ ਸਾਹਿਬਾਨ ਨੂੰ ਨਸੀਹਤਾਂ ਦੇ ਰਿਹਾ ਹੈ ਕਿ ਹਲੇਮੀ ਵਿਚ ਰਿਹਾ ਜਾਵੇ,ਜਾਬਤੇ ਨਾਲ ਬਿਆਨ ਦਿਤੇ ਜਾਣ। ਸਿਖ ਚਿੰਤਕਾਂ ਨੇ ਕਿਹਾ ਕਿ ਇਹ ਸਾਰਾ ਟੋਲਾ ਬਾਦਲ ਪਰਿਵਾਰ ਦੀ ਪੁਸ਼ਤਪਨਾਹੀ ਕਰ ਰਿਹਾ ਤੇ ਅਪਰੋਖ ਰੂਪ ਵਿਚ ਸਿੰਘ ਸਾਹਿਬਾਨ ਨੂੰ ਧਮਕਾ ਰਿਹਾ ਕਿ ਸੁਖਬੀਰ ਬਾਦਲ ਦਾ ਛੇਤੀ ਫੈਸਲਾ ਕਰੋ ,ਸਿਆਸੀ ਸਜਾ ਲਗਾਉਣ ਦੀ ਥਾਂ ਸੇਵਾ ਲਗਾਕੇ ਮਾਮਲਾ ਖਾਰਜ ਕਰੋ। ਸਿਖ ਚਿੰਤਕਾਂ ਨੇ ਕਿਹਾ ਕਿ ਸੁਖਬੀਰ ਦੇ ਗੁਨਾਹ ਸਿਆਸੀ ਹਨ।ਇਸ ਦੀ ਸਜ਼ਾ ਸਿਆਸੀ ਹੋਣੀ ਚਾਹੀਦੀ ਹੈ।ਅਕਾਲੀ ਦਲ ਦੀ ਨਸਲਕੁਸ਼ੀ ਬਾਦਲਕਿਆਂ ਨੇ ਕੀਤੀ ਹੈ। ਹੁਣ ਇਸ ਦੀ ਕੋਈ ਹੋਂਦ ਨਹੀਂ।ਅਕਾਲੀ ਦਲ ਦੀ ਤਬਾਹੀ ਤੇ ਬਰਬਾਦੀ ਬਾਰੇ ਇਹ ਦੂਸਰਿਆਂ ਉਪਰ ਦੋਸ਼ ਲਗਾਕੇ ਆਪਣੇ ਪਾਪਾਂ ਤੇ ਗੁਨਾਹਾਂ ਤੋਂ ਨਹੀਂ ਬਚ ਸਕਦੇ।ਇਸ ਦਾ ਹੱਲ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਪੁਨਰ ਉਸਾਰੀ ਹੈ।ਬਾਦਲਕਿਆਂ ਨੂੰ ਇਸ ਵਿਚ ਰੁਕਾਵਟ ਨਹੀਂ ਬਣਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਦਾ ਵਲਟੋਹੇ ਨੂੰ ਦਸ ਸਾਲ ਲਈ ਪਾਰਟੀ ਵਿਚੋਂ ਖਾਰਜ ਨਾ ਕਰਨਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਹੈ।ਬਾਦਲਕਿਆਂ ਦਾ ਇਤਿਹਾਸ ਇਹੀ ਰਿਹਾ ਹੈ ਕਿ ਉਹ ਸਿੰਘ ਸਾਹਿਬਾਨ ਨੂੰ ਧਮਕੀ ਤੇ ਦਬਾਅ ਨਾਲ ਚਲਾਉਂਦੇ ਰਹੇ ਹਨ।ਹੁਣ ਵੀ ਉਹੀ ਕੂੜ ਨੀਤੀਆਂ ਚਲਾ ਰਹੇ ਹਨ ।ਉਨ੍ਹਾਂ ਖਾਲਸਾ ਪੰਥ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਇਕਲੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕਾਇਆ ਨਹੀਂ ਗਿਆ ,ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਥਰੈਟ ਦਿਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਕਾਲੀ ਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ‘ਤੇ ਸਵਾਲ ਉਠਾਏ ਹਨ। 1994 ਅਤੇ 1999 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰਾਂ ਪ੍ਰੋਫੈਸਰ ਮਨਜੀਤ ਸਿੰਘ ਤੇ ਭਾਈ ਰਣਜੀਤ ਸਿੰਘ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ‘ਤੇ ਸਵਾਲ ਉਠਾਏ ਸਨ ਅਤੇ ਦੋਵਾਂ ਮੌਕਿਆਂ ‘ਤੇ ਬਾਦਲਕਿਆਂ ਦੀ ਭੂਮਿਕਾ ਸਿਖ ਪੰਥ ਵਿਰੋਧੀ ਸੀ। ਉਂਜ, ਇਤਿਹਾਸ ਤੋਂ ਅਕਾਲੀ ਲੀਡਰਸ਼ਿਪ ਨੇ ਸਬਕ ਨਹੀਂ ਸਿਖਿਆ। ਇਸ ਵਾਰ ਦੋਸ਼ ਜ਼ਿਆਦਾ ਗੰਭੀਰ ਹਨ। ਸੁਖਬੀਰ ਸਿੰਘ ਬਾਦਲ ਦੇ ਖੇਮੇ ਵਿੱਚੋਂ ਕਿਸੇ ਨੇ ਵੀ ਹੁਣ ਤੱਕ ਵਲਟੋਹਾ ਦੇ ਦੋਸ਼ਾਂ ਦਾ ਖੰਡਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।ਇਸ ਦਾ ਸਾਫ ਅਰਥ ਹੈ ਕਿ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਭਰੋਸੇਯੋਗਤਾ ਨੂੰ ਖਤਮ ਕਰਨ ਵਿਚ ਬਾਦਲਕੇ ਫਿਰ ਸਿਖ ਵਿਰੋਧੀ ਇਤਿਹਾਸ ਦੁਹਰਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਥੇਦਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ‘ਤਨਖਾਹੀਆ’ ਕਰਾਰ ਦਿੱਤੇ ਜਾਣ ਤੋਂ ਬਾਅਦ ‘ਤਨਖਾਹ’ (ਧਾਰਮਿਕ ਸਜ਼ਾ) ਬਾਰੇ ਫੈਸਲਾ ਸੁਣਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ -।ਉਨ੍ਹਾਂ ਕਿਹਾ ਕਿ ਜੱਥੇਦਾਰਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸੁਖਬੀਰ ਦੇ ਖਿਲਾਫ ਉਨ੍ਹਾਂ ਦਾ ਫੈਸਲਾ ਸਿੱਖ ਪੰਥ ਨੂੰ ਪ੍ਰਵਾਨ ਹੋਵੇ। ਇਸ ਨਵੇਂ ਵਿਵਾਦ ਨੇ ਉਨ੍ਹਾਂ ਦੀ ਚੁਣੌਤੀ ਨੂੰ ਗੁੰਝਲਦਾਰ ਬਣਾ ਦਿੱਤਾ ਹੈ ,ਜਿਥੇ ਹੁਣ ਸਿੰਘ ਸਾਹਿਬਾਨ ਦੀ ਪਰਖ ਹੋਣੀ ਹੈ। ਉਹ ਹੁਣ ਦ੍ਰਿੜਤਾ ਨਾਲ ਇਤਿਹਾਸਕ ਰੋਲ ਨਿਭਾਉਣ।