*ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਅਪ੍ਰਵਾਨ ਕਰਕੇ ਜਥੇਦਾਰਾਂ ਦੀ ਮਹਾਨਤਾ ਕਾਇਮ ਰੱਖੀ*
ਪੈਰਿਸ 17 ਅਕਤੂਬਰ (ਭੱਟੀ ਫਰਾਂਸ ) ਪਿਛਲੇ ਤਿੰਨਾਂ ਦਿਨਾਂ ਤੋਂ ਜਾਤ ਪਾਤ ਅਤੇ ਪਰਿਵਾਰਿਕ ਤਾਹਨੇ ਸੁਣ ਸੁਣ ਕੇ ਸਾਡੇ ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਕਿ, ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਵੀ ਹਨ, ਉਨ੍ਹਾਂ ਨੇ ਕਿਵੇਂ ਟਾਇਮ ਪਾਸ ਕੀਤਾ ਹੈ, ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੈ | ਥੱਕ ਹਾਰ ਕੇ ਉਨ੍ਹਾਂ ਨੇ ਅਸਤੀਫ਼ਾ ਦੇ ਕੇ ਅਪਣਾ ਰੋਸ ਪੰਥ ਨੂੰ ਦੱਸਿਆ, ਐਪਰ ਬਲਿਹਾਰੇ ਜਾਈਏ, ਪੰਥ ਦੀਆਂ ਉਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ ਜਿਹੜੀਆਂ ਪਲ ਪਲ ਨਿਕੀ ਮੋਟੀ ਅਤੇ ਅਰਥਹੀਨ ਘਟਨਾਵਾਂ ਤੇ ਬਿਆਨ ਦਾਗ ਕੇ ਲੋਕਾਂ ਨੂੰ ਇਹ ਦਰਸਾਉਂਦੇ ਹਨ ਕਿ ਸਿਰਫ ਸਾਨੂੰ ਹੀ ਪੰਥ ਦੀ ਚਿੰਤਾ ਹੈ | ਲੇਕਿਨ ਜੱਦ ਸਾਡਾ ਜਥੇਦਾਰ ਦੁਹਾਈ ਦੇ ਰਿਹਾ ਸੀ ਤਾਂ ਸਾਰਿਆਂ ਨੂੰ ਸੱਪ ਜਿਹਾ ਸੁੰਘ ਗਿਆ ਲੱਗਦਾ ਸੀ , ਇਹ ਵੱਖਰੇਵਾਂ ਕਿਉਂ??? |
ਸਿਵਾਏ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਹਾਅ ਦਾ ਨਾਹਰਾ ਮਾਰਿਆ ਅਤੇ ਅਕਾਲੀਆਂ ਦੇ ਡੈਲੀਗੇਸ਼ਨ ਦੇ ਰਾਹੀਂ, ਹਰਜਿੰਦਰ ਸਿੰਘ ਧਾਮੀ ਕੋਲ਼ੋਂ ਉਨ੍ਹਾਂ ਦਾ ਅਜ਼ਤੀਫ਼ਾ ਅਪ੍ਰਵਾਨ ਕਰਵਾ ਕੇ ਜਥੇਦਾਰ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਿਆਂ ਦੁਆਇਆ ਹੈ, ਜਿਸਦੇ ਉਹ ਹੱਕਦਾਰ ਵੀ ਸਨ | ਦੂਸਰਾ ਮੈਨੂੰ ਲਗਦੇ ਇਹ ਫਰਜੀ ਜੱਬੇਬੰਦੀਆਂ ਵਲਟੋਹੇ ਦੀ ਜਾਤ ਕਰਕੇ, ਵੀ ਹੋ ਸਕਦੈ ਨਾ ਬੋਲਦੀਆਂ ਹੋਣ, ਐਪਰ ਤਖਤਾਂ ਦੇ ਜਥੇਦਾਰਾਂ ਦੀ ਤਾਂ (ਸਿਵਾਏ ਜਥੇਦਾਰੀ ) ਦੇ ਕੋਈ ਜਾਤ ਨਹੀਂ ਹੁੰਦੀ | ਅਕਾਲੀ ਦਲ ਨੂੰ ਆਪਾਂ ਸਾਰੇ ਹੀ ਮਾੜਾ ਕਹਿੰਦੇ ਹਾ, ਐਪਰ ਉਨ੍ਹਾਂ ਨੇ ਵਲਟੋਹੇ ਨੂੰ ਬਾਹਰ ਦਾ ਰਸਤਾ ਦਿਖਾ ਕੇ ਜਥੇਦਾਰ ਸਾਹਿਬ ਦਾ ਅਸਤੀਫ਼ਾ ਅਪ੍ਰਵਾਨ ਕਰਵਾਇਆ ਹੈ | ਹੋ ਸਕਦੈ ਇਸ ਵਿੱਚ ਉਨ੍ਹਾਂ ਦਾ ਰਾਜਨੀਤਿਕ ਲਾਭ ਹੋਵੇ, ਜਾਂ ਉਨ੍ਹਾਂ ਨੇ ਵੀ ਆਪਣੀ ਸ਼ਾਖ ਬਚਾਉਣ ਵਾਸਤੇ ਉਪਰਾਲਾ ਕੀਤਾ ਹੋਵੇ, ਐਪਰ ਜਥੇਦਾਰ ਸਾਹਿਬ ਦਾ ਰੁਤਬਾ ਤਾਂ ਕਾਇਮ ਰੱਖਿਆ ਹੈ |
ਸਮਾਜ ਸੇਵੀ ਰਾਮ ਸਿੰਘ ਮੈਗੜਾ ਨੇ ਇਹ ਵੀ ਕਿਹਾ ਕਿ ਆਉ ਆਪਾਂ ਸਾਰੇ ਰਲ ਕੇ ਪ੍ਰਣ ਕਰੀਏ ਕਿ ਜਦੋਂ ਵੀ ਸਾਡੇ ਜਥੇਦਾਰਾਂ ਨੂੰ ਇਹੋ ਜਿਹੀ ਸਮੱਸਿਆ ਪੇਸ਼ ਆਵੇਗਾ ਤਾਂ ਅਸੀਂ ਸਾਰੇ ਜਣੇ ਆਪਸੀ ਵੱਖਰੇਵੇਂ ਤਿਆਗ ਕੇ ਇਹੋ ਜਿਹੀਆਂ ਸ਼ਖਸ਼ੀਅਤਾਂ ਦਾ ਹਮੇਸ਼ਾ ਸਾਥ ਦੇਈਏ, ਤਾਂ ਕਿ ਵਲਟੋਹੇ ਵਰਗਾ ਕੋਈ ਹੋਰ ਸਿਰ ਫਿਰਾ ਦੁਬਾਰਾ ਸਾਡੇ ਜਥੇਦਾਰਾਂ ਵੱਲ ਝਾਕਣ ਦੀ ਵੀ ਹਿੰਮਤ ਨਾ ਕਰ ਸਕੇ | ਦੂਸਰਾ ਵਿਰਸਾ ਸਿੰਘ ਵਲਟੋਹਾ ਉਹ ਸ਼ਖਸ਼ ਹੈ ਜਿਹੜਾ ਕਾਂਗਰਸ ਦੀ ਕੇਂਦਰ ਸਰਕਾਰ ਦੁਆਰਾ , ਜੱਦ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹਮਲਾ ਹੋਇਆ ਸੀ ਜਿਸ ਵਿੱਚ ਅਨੇਕਾਂ ਹੀ ਸਿੰਘ,ਸਿੰਘਣੀਆਂ,ਬੱਚਿਆਂ,ਨੂੰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ,ਉਸ ਸਮੇਂ ਸ਼ਹੀਦਾਂ ਦੀਆਂ ਲਾਸ਼ਾਂ ਉੱਪਰੋਂ ਦੀ, ਹੱਥ ਖੜੇ ਕਰਕੇ, ਬਾਹਰ ਨਿਕਲਿਆ ਸੀ, ਕੀ ਹੁਣ ਇਹੋ ਜਿਹੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉੱਪਰ ਜਾਤ ਪਾਤ ਅਤੇ ਉਹਨਾਂ ਦੀਆਂ ਧੀਆਂ ਨੂੰ ਹੱਥ ਪਾਉਣ ਦੀਆਂ ਧਮਕੀਆਂ ਦੇਣਗੇ, ਦੇ ਬਾਰੇ ਸਾਨੂੰ ਸੁਚੇਤ ਹੋਣਾਂ ਚਾਹੀਦਾ ਹੈ ਅਤੇ ਵਲਟੋਹੇ ਵਰਗਿਆਂ ਨੂੰ ਪੰਥ ਚੋਂ ਵੀ ਛੇਕ ਦੇਣਾ ਚਾਹੀਦਾ ਹੈ –ਸੰਗਤਾਂ ਦਾ ਦਾਸ ਰਾਮ ਸਿੰਘ ਮੈਗੜਾ |