*ਇਸ ਸਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਵਿਭਾਗ ਨੂੰ ਔਰਰ-ਡਾਨ ਸੰਸਥਾ ਵੱਲੋਂ ਭੇਜੇ ਗਏ ਮੈਮੋਰੰਡਮ ਦੀ ਕਾਪੀ ਇਸ ਖ਼ਬਰ ਦੇ ਨਾਲ ਨੱਥੀ ਕੀਤੀ ਜਾ ਰਹੀ ਹੈ*
ਪੈਰਿਸ 2 ਨਵੰਬਰ (ਜਸਪਾਲ ਕੈਂਥ) ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ, ਜਿਹੜੀ ਕਿ ( ਫਰਾਂਸ ਤੋਂ ਭਾਰਤ ) ਮਿਰਤਕ ਦੇਹਾਂ ਭੇਜਣ ਜਾਂ ਫਰਾਂਸ ਵਿੱਚ, ਸਬੰਧਿਤ ਪ੍ਰੀਵਾਰਾਂ ਦੀ ਸਹਿਮਤੀ ਨਾਲ ਫਰਾਂਸ ਵਿੱਚ ਹੀ ਸਸਕਾਰ ਕਰਨ ਦਾ ਕਾਰਜ ਕਰਦੀ ਹੈ, ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਭਾਰਤ ਸਰਕਾਰ ਨੂੰ ਇੱਕ ਮੈਮੋ੍ਰੰਡਮ ਈ-ਮੇਲ ਰਾਹੀਂ ਭੇਜ ਦਿੱਤਾ ਹੈ, ਜਦਕਿ ਇਸਦੀ ਇੱਕ ਕਾਪੀ ਪੈਰਿਸ ਸਥਿਤ ਭਾਰਤੀ ਅੰਬੈਸੀ ਨੂੰ ਵੀ ਦੇ ਦਿੱਤੀ ਗਈ ਹੈ | ਵੈਸੇ ਤਾਂ ਬਹੁਤ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਵੀ ਭਾਰਤ ਸਰਕਾਰ ਤੱਕ, ਧਰਨਿਆਂ, ਰੋਸ ਮੁਜਾਹਰਿਆਂ ਅਤੇ ਆਹਮਣੇ ਸਾਹਮਣੇ ਦੀਆਂ ਗੋਲ ਮੇਜ ਮੀਟਿੰਗਾਂ ਰਾਹੀਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਸਤੇ ਰੋਸ ਪ੍ਰਗਟਾ ਚੁੱਕੀਆਂ ਹਨ, ਐਪਰ ਭਾਰਤ ਸਰਕਾਰ ਦੇ ਕੰਨਾਂ ਤੇ ਅੱਜ ਤੱਕ ਜੂੰਅ ਤੱਕ ਨਹੀਂ ਸਰਕੀ | ਐਪਰ ਦੂਜੇ ਪਾਸੇ ਕਾਤਿਲ ਅਤੇ ਬਲਾਤਕਾਰ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਿਹਾ ਬਾਬਾ ਰਾਮ ਰਹੀਮ ਕਈ ਵਾਰ ਪੈਰੋਲ ਤੇ ਰਿਹਾ ਹੋ ਚੁੱਕਾ ਹੈ | ਹੁਣ ਸੁਆਲ ਉੱਠਦਾ ਹੈ, ਕਿ,ਕੀ? ਸਿੱਖਾਂ ਵਾਸਤੇ ਕਾਨੂੰਨ ਵੱਖਰੇ ਹਨ, ਜਾਂ ਫਿਰ ਸਿੱਖ ਘੱਟ ਗਿਣਤੀ ‘ਚ ਹੋਣ ਕਾਰਨ, ਬੰਦੀ ਸਿੰਘ, ਰਿਹਾ ਨਹੀਂ ਹੋ ਸਕਦੇ | ਸਾਡੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਭਾਰਤ ਦੇ ਕਾਨੂੰਨ ਅਨੁਸਾਰ ਜਿਤਨੀ ਜਲਦੀ ਹੋ ਸਕੇ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾਂ ਚਾਹੀਦਾ ਹੈ, ਕਿਉਂਕਿ ਇਨ੍ਹਾਂ ਰਾਜਸੀ ਅਤੇ ਧਰਮੀ ਬੰਦੀ ਸਿੰਘਾਂ ਨੇ ਪਹਿਲਾਂ ਹੀ ਜਰੂਰਤ ਤੋਂ ਜਿਆਦਾ ਸਜ਼ਾ ਕੱਟ ਲਈ ਹੋਈ ਹੈ |