*ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਕੈਂਸਰ ਪੀੜਤ ਜਤਿੰਦਰ ਸਿੰਘ ਦੀ ਮਦਦ ਕਰਕੇ ਮਾਨਵਤਾ ਦੀ ਮਿਸਾਲ ਕਾਇਮ ਕੀਤੀ*

Uncategorized
Spread the love

ਜਲੰਧਰ, 20 ਜਨਵਰੀ( ਜਸਪਾਲ ਕੈਂਥ)-ਸਿੱਖੀ ਦੇ ਮੁੱਢਲੇ ਸਿਧਾਂਤਾਂ ਵਿੱਚੋਂ ਇੱਕ ਹੈ ਸੇਵਾ ਅਤੇ ਮਾਨਵਤਾ ਦੀ ਮਦਦ। ਇਸੇ ਸੇਵਾ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਇੱਕ ਵਾਰ ਫਿਰ ਮਾਨਵਤਾ ਦੀ ਮਿਸਾਲ ਕਾਇਮ ਕੀਤੀ ਹੈ। ਸੋਸਾਇਟੀ ਨੇ ਗਲੇ ਦੇ ਕੈਂਸਰ ਨਾਲ ਜੂਝ ਰਹੇ 45 ਸਾਲਾਂ ਦੇ ਕਿਰਤੀ ਸਿੱਖ ਜਤਿੰਦਰ ਸਿੰਘ ਦੇ ਇਲਾਜ ਲਈ ਵਿੱਤੀ ਅਤੇ ਨੈਤਿਕ ਸਹਿਯੋਗ ਦਿੱਤਾ ਹੈ। ਜਤਿੰਦਰ ਸਿੰਘ ਜਲੰਧਰ ਦੇ ਦਿਉਲ ਨਗਰ ਖੇਤਰ ਦੇ ਵਾਸੀ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਚੌਥੀ ਅਤੇ ਆਖਰੀ ਸਟੇਜ ਦੇ ਗਲੇ ਦੇ ਕੈਂਸਰ ਨਾਲ ਲੜ ਰਹੇ ਹਨ। ਇਹ ਬੀਮਾਰੀ ਬਹੁਤ ਖ਼ਤਰਨਾਕ ਹੈ ਅਤੇ ਇਸਦਾ ਇਲਾਜ ਮਹਿੰਗਾ ਹੋਣ ਕਾਰਨ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ‘ਤੇ ਬਹੁਤ ਕਮਜ਼ੋਰ ਹੋ ਗਿਆ ਸੀ।

ਜਤਿੰਦਰ ਸਿੰਘ ਪਰਿਵਾਰ ਦੇ ਇੱਕਲੇ ਕਮਾਉਣ ਵਾਲੇ ਕਿਰਤੀ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਇੱਕ ਛੋਟਾ ਪੁੱਤਰ ਹੈ। ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਅਤੇ ਜਤਿੰਦਰ ਸਿੰਘ ਦੀ ਬੀਮਾਰੀ ਕਾਰਨ ਘਰ ਦੀ ਆਰਥਿਕ ਸਥਿਤੀ ਡਾਊਨ ਹੋ ਗਈ ਸੀ। ਇਲਾਜ ਲਈ ਲੱਖਾਂ ਰੁਪਏ ਦੀ ਲੋੜ ਸੀ ਪਰ ਪਰਿਵਾਰ ਕੋਲ ਇੰਨੀ ਵੱਡੀ ਰਕਮ ਨਹੀਂ ਸੀ। ਇਸ ਹਾਲਤ ਵਿੱਚ ਪਰਿਵਾਰ ਨੇ ਲਗਾਤਾਰ ਵੱਖ-ਵੱਖ ਸੰਸਥਾਵਾਂ ਅਤੇ ਭਲਾਈ ਸੰਗਠਨਾਂ ਕੋਲ ਮਦਦ ਦੀ ਅਪੀਲ ਕੀਤੀ ਸੀ। ਇਸੇ ਦੌਰਾਨ ਉਨ੍ਹਾਂ ਦਾ ਸੰਪਰਕ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨਾਲ ਹੋਇਆ।

ਸੋਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੂੰ ਜਦੋਂ ਪਰਿਵਾਰ ਨੇ ਆਪਣੀ ਵਿਥਿਆ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਮਦਦ ਦਾ ਭਰੋਸਾ ਦਿੱਤਾ। ਸੋਸਾਇਟੀ ਦੇ ਵਲੰਟੀਅਰਾਂ ਨੂੰ ਜਤਿੰਦਰ ਸਿੰਘ ਦੇ ਘਰ ਭੇਜਿਆ ਗਿਆ ਜਿੱਥੇ ਉਨ੍ਹਾਂ ਨੇ ਮਰੀਜ਼ ਦੀ ਹਾਲਤ, ਇਲਾਜ ਦੀ ਪ੍ਰਕਿਰਿਆ ਅਤੇ ਪਰਿਵਾਰ ਦੀਆਂ ਲੋੜਾਂ ਦਾ ਜਾਇਜ਼ਾ ਲਿਆ। ਵਿਸਥਾਰ ਵਿੱਚ ਜਾਂਚ ਤੋਂ ਬਾਅਦ ਸੋਸਾਇਟੀ ਮੁੱਖੀ ਜਥੇਦਾਰ ਖਾਲਸਾ ਆਪਣੇ ਸਾਥੀਆ ਨਾਲ ਪੀੜਿਤ ਪਰਿਵਾਰ ਦੇ ਗ੍ਰਹਿ ਵਿਖੇ ਗਏ ਅਤੇ ਤੁਰੰਤ ਵਿੱਤੀ ਮਦਦ ਮੁਹੱਈਆ ਕਰਵਾਈ। ਜਤਿੰਦਰ ਸਿੰਘ ਦਾ ਇਲਾਜ ਜਲੰਧਰ ਦੇ ਪਟੇਲ ਹਸਪਤਾਲ ਵਿੱਚ ਚੱਲ ਰਿਹਾ ਹੈ ਜਿੱਥੇ ਉਨ੍ਹਾਂ ਨੂੰ ਕੀਮੋਥੈਰੇਪੀ ਅਤੇ ਹੋਰ ਜ਼ਰੂਰੀ ਇਲਾਜ ਮਿਲ ਰਹੇ ਹਨ। ਸੋਸਾਇਟੀ ਨੇ ਨਾ ਸਿਰਫ਼ ਇਲਾਜ ਦਾ ਖਰਚਾ ਚੁੱਕਿਆ ਸਗੋਂ ਪਰਿਵਾਰ ਨੂੰ ਨੈਤਿਕ ਹੌਸਲਾ ਵੀ ਦਿੱਤਾ।

ਇਸ ਮੌਕੇ ‘ਤੇ ਸੋਸਾਇਟੀ ਦੇ ਮੁੱਖ ਸੇਵਾਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ “ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਦੂਜਿਆਂ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਜਦੋਂ ਵੀ ਕੋਈ ਲੋੜਵੰਦ ਵਿਅਕਤੀ ਸਾਡੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਸਹਿਯੋਗ ਮਿਲੇ। ਜਤਿੰਦਰ ਸਿੰਘ ਵਰਗੇ ਕਿਰਤੀ ਵਿਅਕਤੀ ਜੋ ਆਪਣੇ ਪਰਿਵਾਰ ਲਈ ਦਿਨ-ਰਾਤ ਮਿਹਨਤ ਕਰਦੇ ਹਨ ਪਰ ਬੀਮਾਰੀ ਕਾਰਨ ਬੇਸਹਾਰਾ ਹੋ ਜਾਂਦੇ ਹਨ, ਉਨ੍ਹਾਂ ਨੂੰ ਮਦਦ ਕਰਨਾ ਸਾਡਾ ਮਨਵੱਧ ਕਰਮ ਹੈ। ਇਹ ਸੇਵਾ ਸਿਰਫ਼ ਪੈਸੇ ਨਾਲ ਨਹੀਂ ਸਗੋਂ ਦਿਲੋਂ ਕੀਤੀ ਜਾਂਦੀ ਹੈ।”

ਸੋਸਾਇਟੀ ਦੇ ਸੀਨੀਅਰ ਮੈਂਬਰਾਂ ਵਿੱਚ ਸ. ਹਰਦੇਵ ਸਿੰਘ ਗਰਚਾ, ਸ. ਹਰਭਜਨ ਸਿੰਘ ਬੱਲ, ਆਰਟਿਸਟ ਸਾਹਿਬ ਸਿੰਘ, ਸ. ਗੁਰਪ੍ਰੀਤ ਸਿੰਘ ਰਾਜੂ (ਡਿਲਕਸ ਸੈਂਟਰੀ) ਅਤੇ ਹੋਰ ਵੀ ਇਸ ਸੇਵਾ ਕਾਰਜ ਵਿੱਚ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਜਤਿੰਦਰ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਲੋੜੀਂਦੀ ਮਦਦ ਪਹੁੰਚਾਈ।

ਜਤਿੰਦਰ ਸਿੰਘ ਦਾ ਪਰਿਵਾਰ ਹੁਣ ਥੋੜ੍ਹਾ ਹੌਸਲਾ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ “ਅਸੀਂ ਬਹੁਤ ਨਿਰਾਸ਼ ਹੋ ਗਏ ਸੀ ਪਰ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਸਾਡੇ ਲਈ ਨਵੀਂ ਕਿਰਨ ਲਿਆਂਦੀ ਹੈ। ਅਸੀਂ ਇਸ ਸੇਵਾ ਲਈ ਸਦਾ ਧੰਨਵਾਦੀ ਰਹਾਂਗੇ।”

ਸੋਸਾਇਟੀ ਨੇ ਅਪੀਲ ਕੀਤੀ ਹੈ ਕਿ ਜੇ ਕੋਈ ਵੀ ਵਿਅਕਤੀ ਜਾਂ ਸੰਸਥਾ ਜਤਿੰਦਰ ਸਿੰਘ ਦੇ ਇਲਾਜ ਵਿੱਚ ਹੋਰ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨਾਲ ਸੰਪਰਕ ਕਰ ਸਕਦਾ ਹੈ। ਇਹ ਸੋਸਾਇਟੀ ਪਹਿਲਾਂ ਵੀ ਹੜ੍ਹ ਪੀੜਤਾਂ, ਲੋੜਵੰਦ ਪਰਿਵਾਰਾਂ ਅਤੇ ਬੀਮਾਰ ਵਿਅਕਤੀਆਂ ਦੀ ਮਦਦ ਕਰਦੀ ਰਹੀ ਹੈ ਅਤੇ ਇਸ ਨੇ ਪੰਜਾਬ ਵਿੱਚ ਕਈ ਵਾਰ ਮਾਨਵਤਾ ਦੀ ਸੇਵਾ ਕੀਤੀ ਹੈ।

Leave a Reply

Your email address will not be published. Required fields are marked *