ਜਲੰਧਰ (ਜਸਪਾਲ ਕੈਂਥ):ਸ਼ਹਿਰ ਵਿੱਚ ਨਜਾਇਜ਼ ਕਲੋਨੀਆਂ ਅਤੇ ਬਿਨਾਂ ਮਨਜ਼ੂਰੀ ਉਸਾਰੀਆਂ ਕਰਨ ਲਈ ਮਸ਼ਹੂਰ, ਆਪਣੇ ਆਪ ਨੂੰ ਗਊ ਸੇਵਾ ਨਾਲ ਜੋੜ ਕੇ ਪੇਸ਼ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਨਿਊ ਹਰਬੰਸ ਨਗਰ ਖੇਤਰ ਵਿੱਚ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਚਾਰ ਨਜਾਇਜ਼ ਦੁਕਾਨਾਂ ਦੀ ਉਸਾਰੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ, ਸੰਬੰਧਤ ਸਥਾਨ ਨੂੰ ਪਹਿਲਾਂ ਚਾਨਣੀ ਲਗਾ ਕੇ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ, ਜਿਸ ਤੋਂ ਬਾਅਦ ਬਿਨਾਂ ਕਿਸੇ ਮਨਜ਼ੂਰਸ਼ੁਦਾ ਨਕਸ਼ੇ ਦੇ ਦੁਕਾਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ। ਪਤਾ ਲੱਗਾ ਹੈ ਕਿ ਇਹ ਚਾਰੋਂ ਦੁਕਾਨਾਂ ਪੂਰੀ ਤਰ੍ਹਾਂ ਨਜਾਇਜ਼ ਹਨ ਅਤੇ ਇਨ੍ਹਾਂ ਲਈ ਨਗਰ ਨਿਗਮ ਤੋਂ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ।
ਸੂਤਰਾਂ ਮੁਤਾਬਕ, ਇੱਕ ਪੱਤਰਕਾਰ ਵੱਲੋਂ ਇਨ੍ਹਾਂ ਦੁਕਾਨਾਂ ਦਾ ਠੇਕਾ ਵੀ ਲਿਆ ਗਿਆ ਹੈ, ਜਿਸ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਅਤੇ ਪੱਤਰਕਾਰ ਭਾਈਚਾਰੇ ਨਾਲ ਉਹ ਖੁਦ ਨਿਪਟ ਲਵੇਗਾ ਅਤੇ ਉਸਾਰੀ ਦਾ ਕੰਮ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰੱਖਿਆ ਜਾਵੇ।
ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੁਕਾਨਾਂ ਲਈ ਨਾ ਤਾਂ ਕੋਈ ਨਕਸ਼ਾ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ ਕਿਸੇ ਕਿਸਮ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜੋ ਭਵਿੱਖ ਵਿੱਚ ਵੱਡੇ ਹਾਦਸਿਆਂ ਅਤੇ ਜਨਤਕ ਸੁਰੱਖਿਆ ਲਈ ਖ਼ਤਰਾ ਬਣ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੰਬੰਧਤ ਵਿਅਕਤੀ ਪਹਿਲਾਂ ਵੀ ਕਈ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਨਗਰ ਨਿਗਮ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਤੁਰੰਤ ਤੌਰ ’ਤੇ ਨਜਾਇਜ਼ ਦੁਕਾਨਾਂ ਨੂੰ ਢਾਹਿਆ ਜਾਵੇ ਅਤੇ ਸੰਬੰਧਤ ਕਲੋਨਾਈਜ਼ਰ ਖ਼ਿਲਾਫ਼ ਪਾਪਰਾ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ।





