*ਸੋਸ਼ਲ ਮੀਡੀਆ ਦੇ ਬਹੁਤ ਤੇਜੀ ਨਾਲ ਪਸਾਰੇ ਨੇ ਪਾਠਕਾਂ ਦੀ ਰੁਚੀ ਕਿਤਾਬਾਂ ਪੜ੍ਹਨ ਵਿੱਚ ਘਟਾਈ*

देश पंजाब
Spread the love

ਬਲਵਿੰਦਰ ਪਾਲ ਸਿੰਘ

ਡਾਕਟਰ ਸਿਮਰਜੀਤ ਕੌਰ ਬਰਾੜ ਸਿੰਮੀ ਮਨੋਵਿਗਿਆਨ ਐਜੂਕੇਸ਼ਨ ਵਿਚ ਪੀਐਚਡੀ ਹਨ । ਉਨ੍ਹਾਂ ਐਮ ਐਡ ਵੀ ਕੀਤੀ ਹੋਈ ਹੈ।ਦਸ਼ਮੇਸ਼ ਕਾਲਜ ਆਫ ਐਜੂਕੇਸ਼ਨ ਬਾਦਲ ਬਠਿੰਡਾ ਵਿਚ ਉਹ ਪ੍ਰੋਫੈਸਰ ਹਨ।ਉਨ੍ਹਾਂ ਦੀਆਂ ਰਚਨਾਵਾਂ ਕਵਿਤਾਵਾਂ ਕਹਾਣੀਆਂ ਮਨੋਵਿਗਿਆਨਕ ਦਿ੍ਸ਼ਟੀਕੋਣ ਤੋਂ ਰਚੀਆਂ ਹੁੰਦੀਆਂ ਹਨ।ਉਨ੍ਹਾਂ ਦੀ “ਕਸੂਰਵਾਰ ਕੌਣ” ਕਹਾਣੀ ਨੂੰ ਤੀਸਰਾ ਮਨਜੀਤ ਸਿੰਘ ਬਿਲਿੰਗ ਯਾਦਗਾਰੀ ਕਹਾਣੀ ਪੁਰਸਕਾਰ-2021 ਮਿਲਿਆ ਸੀ, ਕਹਾਣੀ “ਸਿੱਲੀਆਂ ਪਲਕਾਂ” ਨੂੰ ਦੂਜਾ ਕਲਾਕਾਰ ਸੰਗਮ ਕਹਾਣੀ ਪੁਰਸਕਾਰ-2021 ਮਿਲਿਆ ਸੀ।ਕਲਾਕਾਰ ਸਾਹਿਤਕ ਅਦਾਰਾ ਬਰਨਾਲਾ ਨੇ ਡਾਕਟਰ ਸਿਮਰਜੀਤ ਕੌਰ ਬਰਾੜ ਨੂੰ 2018 ਵਿੱਚ “ਭਾਈ ਘਨੱਈਆ ਜੀ ਨਿਸ਼ਕਾਮ ਸੇਵਾ ਐਵਾਰਡ” ਨਾਲ ਸਨਮਾਨਿਤ ਕੀਤਾ ਸੀ। 2022 ਵਿੱਚ ਲੇਖਕਾ ਨੂੰ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਆਯੋਜਿਤ ਕਹਾਣੀ ਪ੍ਰੋਗਰਾਮ ਵਿੱਚ “ਵਾਰਿਸ” ਕਹਾਣੀ ਲਈ “ਮਾਲਵਾ ਖੇਤਰ ਦੇ ਨਵੇਂ ਪੋਚ ਦੇ ਪੰਜਾਬੀ ਕਹਾਣੀਕਾਰ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ ਸੀ! 2018 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਸਾਲਾਨਾ ਪਬਲਿਸ਼ ਕੀਤੇ ਜਾਂਦੇ ਮੈਗਜ਼ੀਨ “ਜਵਾਂ ਤਰੰਗ” ਦੇ ਪੰਜਾਬੀ ਐਡੀਸ਼ਨ ਲਈ ਸੰਪਾਦਕ ਦੀ ਸਫਲ ਭੂਮਿਕਾ ਨਿਭਾਉਣ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ।2020 ਵਿੱਚ ਜਸਵੀਰ ਰਾਣਾ ਦੇ ਨਾਵਲ ‘ਇੱਥੋਂ ਰੇਗਿਸਤਾਨ ਦਿਸਦਾ ਹੈ’ ‘ਤੇ “ਜਸਵੀਰ ਰਾਣਾ ਦੀ ਨਾਵਲ ਵਿਧੀ ਤੇ ਦ੍ਰਿਸ਼ਟੀ” ਪੁਸਤਕ ਸੰਪਾਦਿਤ ਕੀਤੀ ਸੀ। ‘ਮਿੱਟੀ ਦੇ ਮੋਰ’, ‘ਸਮੁੰਦਰ ਦਾ ਆਦਮੀ’, ‘ਕਾਸ਼ਨੀ ਸ਼ਰਾਰਤ ਵਾਲੀ ਕੁੜੀ’, ‘ਖੁੱਲ੍ਹ ਜਾ ਸਿੰਮ ਸਿੰਮ’, ‘ਤੂੰ ਸੰਪੂਰਨ ਹੈਂ’, ‘ਮੇਰਾ ਯਕੀਨ ਕਰੀਂ’, ‘ਇੱਥੋਂ ਰੇਗਿਸਤਾਨ ਦਿਸਦਾ ਹੈ” ਆਦਿ ਕਿਤਾਬਾਂ ਦੀ ਸਮੀਖਿਆ (ਬੁੱਕ ਰਿਵਿਊ) ਦਾ ਕਾਰਜ ਵੀ ਕੀਤਾ ਸੀ।

 

ਸਿਮਰਜੀਤ ਕੌਰ ਜਿਥੇ ਸ਼ਾਇਰਾ ਹੈ ,ਉਥੇ ਉੱਘੀ ਕਹਾਣੀਕਾਰ ਵੀ ਹੈ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਦਾ ਕੰਮ ਵੀ ਕਰਦੀ ਹੈ।ਡਾਕਟਰ ਸਿਮਰਜੀਤ ਕੌਰ ਅਜਿਹੀ ਕਹਾਣੀਕਾਰ ਹੈ ਜੋ ਮਿੱਥ ਕੇ ਕਹਾਣੀ ਨਹੀਂ ਲਿਖਦੀ। ਉਹ ਕਿਤੋਂ ਵੀ ਕਹਾਣੀ ਸ਼ੁਰੂ ਕਰਕੇ ਕਿਤੇ ਵੀ ਛੱਡ ਸਕਦੀ ਹੈ। ਉਸ ਦੀਆਂ ਕਹਾਣੀਆਂ ਆਮ ਤੌਰ ’ਤੇ ਖੁੱਲ੍ਹੇ ਅੰਤ ਵਾਲੀਆਂ ਹੁੰਦੀਆਂ ਹਨ। ਪਾਠਕ ਨੂੰ ਅੰਤ ਵਿੱਚ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ।ਉਸ ਵਲੋਂ ਪੰਜਾਬ ਦੀ ਹਸਤੀ ਨਾਲ ਜੁੜੀ ਠੇਠ ਭਾਸ਼ਾ ਦੀ ਪ੍ਰਮਾਣਿਕ ਵਰਤੋਂ ਅਤੇ ਸੰਵਾਦ ਜੁਗਤ ਰਾਹੀਂ ਪੈਦਾ ਹੋਈ ਨਾਟਕੀਅਤਾ ਉਸਦੀ ਕਹਾਣੀ ਨੂੰ ਰੌਚਕ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ।

 

ਵਿਦਵਾਨ ਲੇਖਕਾ ਨੇ ਆਪਣੀਆਂ ਕਹਾਣੀਆਂ ਵਿਚ ਸਮਕਾਲੀ ਮਨੋਵਿਗਿਆਨਕ ਤੇ ਸਮਾਜੀ ਹਾਲਾਤਾਂ ਅਤੇ ਉਨ੍ਹਾਂ ਦੇ ਚੰਗੇ-ਮਾੜੇ ਪ੍ਰਭਾਵਾਂ ਦਾ ਬਿਰਤਾਂਤ ਬੜੇ ਸਰਲ ਤੇ ਸਹਿਜਤਾ ਭਰੇ ਢੰਗ ਨਾਲ ਕੀਤਾ ਹੈ।ਅਜੋਕੇ ਮਨੁੱਖੀ ਜੀਵਨ ਵਿਚ ਪ੍ਰਬਲ ਮਾਨਸਿਕ, ਸਮਾਜਿਕ ਤੇ ਸਭਿਆਚਾਰਕ ਹਾਲਾਤਾਂ ਤੇ ਮਸਲਿਆਂ ਦੀ ਗੰਭੀਰਤਾ ਨੂੰ ਸੂਖੈਨਤਾ ਨਾਲ ਸਮਝਣ ਵਾਸਤੇ ਉਸ ਵਲੋਂ ਰਚੇ ਕਹਾਣੀ ਸੰਗ੍ਰਹਿ ਸ਼ਲਾਘਾ ਯੋਗ ਉੱਦਮ ਹੈ ,ਜੋ ਕਿ ਅਜੋਕੇ ਮਨੁੱਖ ਦੇ ਮਾਨਸਿਕ ਦਵੰਦਾਂ, ਸਮਾਜਿਕ ਤੇ ਸਭਿਆਚਾਰਕ ਸਰੋਕਾਰਾਂ ਦੀ ਪੇਸ਼ਕਾਰੀ ਕਰਦੇ ਹਨ। 

ਵਿਦਵਾਨ ਲੇਖਕਾ ਡਾਕਟਰ ਸਿਮਰਜੀਤ ਕੌਰ ਸਿੰਮੀ ਸਮਾਜ ਵਿੱਚ ਦੁਖਾਂਤਕ ਦਸ਼ਾ ਵਿਚ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਪ੍ਰਤੀ ਚਿੰਤਿਤ ਹੈ। ਉਹ ਸਮਾਜ ਦੀ ਅਜਿਹੀ ਸਥਿਤੀ ਲਈ ਜ਼ਿੰਮੇਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਨਜ਼ਰ ਆਉਂਦੀ ਹੈ।ਸਿਮਰਜੀਤ ਕੌਰ ਦੀਆਂ ਜਿਆਦਾਤਰ ਕਹਾਣੀਆਂ ਵਿੱਚ ਪੰਜਾਬੀ ਸਮਾਜ ਵਿੱਚ ਰਿਸ਼ਤਿਆਂ ਵਿਚ ਦਿਨੋਂ-ਦਿਨ ਵਧ ਰਹੀ ਅਪਰਾਧਿਕ ਪ੍ਰਵਿਰਤੀ ਵਸਤੂਗਤ ਰੂਪ ਵਿੱਚ ਪੇਸ਼ ਹੋਈ ਹੈ।ਅਪਰਾਧਿਕ ਪ੍ਰਵਿਰਤੀ ਦੇ ਜ਼ਿੰਦਗੀ ਵਿੱਚ ਬੇਲੋੜੇ ਦਖ਼ਲ ਕਾਰਨ ਪਵਿੱਤਰਤਾ, ਪਾਕੀਜ਼ਗੀ, ਪਿਆਰ, ਆਪਸੀ ਰਿਸ਼ਤਿਆਂ ਵਿੱਚ ਵਫਾਦਾਰੀ ਦੀ ਤਾਸੀਰ ਮੂਲੋਂ ਹੀ ਖਾਰਜ ਹੋ ਗਈ ਹੈ। ਮਾਨਵੀ ਰਿਸ਼ਤਿਆਂ ਵਿੱਚ ਹੋ ਰਹੇ ਅਪਰਾਧੀਕਰਣ ਦੀਆਂ ਸਾਰੀਆਂ ਪਰਤਾਂ ਉਸਦੀਆਂ ਕਹਾਣੀਆਂ ਵਿੱਚ ਕਥਾ-ਵਸਤੂ ਦੇ ਰੂਪ ਵਿੱਚ ਉੱਭਰਦੀਆਂ ਹਨ।ਅੱਜ ਦਾ ਮਨੁੱਖ ਖੁਦ ਹੀ ਆਪਣੀ ਕਿਰਦਾਰਕੁਸ਼ੀ ਕਰਕੇ ਮਾਇਆ, ਲੋਭ, ਲਾਲਚ, ਬੇਵਿਸ਼ਵਾਸੀ, ਬੇ-ਵਸਾਹੀ ਅਤੇ ਬੇਵਫਾਈ ਦੀ ਪਰਿਕਰਮਾ ਕਰਦਾ ਵਰਜਿਤ ਰਿਸ਼ਤਿਆਂ ਦਾ ਰਾਹੀਂ ਬਣ ਰਹੀ ਜ਼ਿੰਦਗੀ ਦੀ ਜੇਲ੍ਹ ਵਿੱਚ ਆਪਣੇ-ਆਪਣੇ ਹਿੱਸੇ ਦੀ ਉਮਰ ਕੈਦ ਹੰਢਾਉਂਦਾ ਹੋਇਆ ਪ੍ਰਤੀਤ ਹੁੰਦਾ ਹੈ।ਇਸ ਕੈਦ ਵਿੱਚੋਂ ਬਾਹਰ ਨਿਕਲਣ ਲਈ ਜਿਨ੍ਹਾਂ ਉਹ ਛਟਪਟਾਉਂਦਾ ਹੈ, ਓਨਾ ਹੀ ਇਸ ਵਿੱਚ ਡੂੰਘਾ ਫਸਦਾ ਜਾਂਦਾ ਹੈ। ਮਨ ਚਾਹੇ ਸੁਪਨਿਆਂ ਦੀ ਜ਼ਿੰਦਗੀ ਜਿਉਣ ਦੀ ਖਾਹਿਸ਼ ਲੈ ਕੇ ਕੇ ਚੱਲੇ ਇਨ੍ਹਾਂ ਮਨੁੱਖਾਂ ਨੂੰ ਮਿਲੀ ਜ਼ਿੰਦਗੀ ਦੀ ਉਮਰ ਕੈਦ ਉਨ੍ਹਾਂ ਦੀ ਹੋਣੀ ਬਣ ਜਾਂਦੀ ਹੈ।ਸਿਮਰਜੀਤ ਦੀਆਂ ਕਹਾਣੀਆਂ ਇਹ ਬਿਰਤਾਂਤ ਪੇਸ਼ ਕਰਦੀਆਂ ਹਨ ਕਿ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਮਨੁੱਖੀ ਰਿਸ਼ਤੇ ਵੀ ਡਿਸਪੋਜ਼ਲ ਹੋ ਗਏ? ਕਿਉਂ ਮਨੁੱਖ ਨੇ “ਯੂਜ ਐਂਡ ਥ੍ਰੋ” ਦੀ ਨੀਤੀ ਨੂੰ ਰਿਸ਼ਤਿਆਂ ਤੇ ਵੀ ਵਰਤਣਾ ਸ਼ੁਰੂ ਕਰ ਦਿੱਤਾ ਤੇ ਰਿਸ਼ਤਿਆਂ ਦੀ ਪਾਕੀਜ਼ਗੀ ਹੀ ਖ਼ਤਮ ਕਰ ਦਿੱਤੀ।

ਪੰਜਾਬੀ ਰਹਿਤਲ ਨਾਲ਼ ਜੁੜੇ ਇਹੀ ਸਰੋਕਾਰ ਸਿਮਰਜੀਤ ਕੌਰ ਦੀ ਕਥਾ ਚੇਤਨਾ ਦਾ ਮੂਲ ਆਧਾਰ ਬਣਦੇ ਹਨ। ਉਸਦੀਆਂ ਕਹਾਣੀਆਂ ਦੇ ਪਾਤਰ ਆਮ ਕਰਕੇ ਯਥਾਰਥ ਦੀ ਜ਼ਮੀਨ ਤੇ ਆਪਣੇ ਆਸ-ਪਾਸ ਵਿਚਰਦੇ ਹੁੰਦੇ ਹਨ। ਲੇਖਕਾ ਜ਼ਿੰਦਗੀ ਦੇ ਯਥਾਰਥ ਵਿੱਚ ਕਲਪਨਾ ਦੇ ਰੰਗ ਮਿਲਾ ਕੇ ਕੈਨਵਸ ਤੇ ਸਦੀਵੀ ਸੱਚ ਦੀ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਜੋ ਕਿ ਉਸਦੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਹੋ ਨਿਬੜਦਾ ਹੈ।

ਡਾਕਟਰ ਸਿਮਰਜੀਤ ਕੌਰ ਬਰਾੜ ਸਿੰਮੀ ਦਾ ਪਹਿਲਾ ਕਹਾਣੀ ਸੰਗ੍ਰਹਿ “ਸੰਘਰਸ਼” ਹੈ ਜੋ ਕਿ ਚੇਤਨਾ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ।ਇਸ ਵਿੱਚ ਵੱਖ-ਵੱਖ ਵਿਸ਼ਿਆਂ ਦੀ ਵੰਨ ਸੁਵੰਨਤਾ ਨੂੰ ਪੇਸ਼ ਕਰਦੀਆਂ 14 ਕਹਾਣੀਆਂ ਸ਼ਾਮਿਲ ਹਨ।ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਔਰਤ ਦੇ ਵੱਖ-ਵੱਖ ਰੂਪਾਂ ਵਿੱਚ ਗੁੰਝਲਦਾਰ ਪਰਿਸਥਿਤੀਆਂ ਵਿੱਚ ਸੰਘਰਸ਼ ਦੀ ਪੇਸ਼ਕਾਰੀ ਹੋਈ ਹੈ।ਇਹਨਾਂ ਕਹਾਣੀਆਂ ਦਾ ਮੁੱਖ ਸਰੋਕਾਰ ਔਰਤ ਦੀ ਦੁਖਾਂਤਕ ਸਮਾਜਿਕ ਸਥਿਤੀ ਦੀ ਬਿਆਨੀ ਹੈ।

ਦੂਜਾ ਕਹਾਣੀ ਸੰਗ੍ਰਹਿ ” ਉਮਰ ਕੈਦ” ਹੈ। ਇਸ ਪੁਸਤਕ ਵਿੱਚ 9 ਕਹਾਣੀਆਂ ਦਰਜ ਹਨ। ਇਹਨਾਂ ਕਹਾਣੀਆਂ ਵਿੱਚ ਆਧੁਨਿਕ ਸਮੇਂ ਦਾ ਹਾਣੀ ਬਨਣ ਦੀ ਹੋੜ ਵਿੱਚ ਮਨੁੱਖ ਪਦਾਰਥਕ ਸੁਖਾਂ ਵਿੱਚੋਂ ਖੁਸ਼ੀਆਂ ਦੀ ਤਲਾਸ਼ ਕਰਨ ਲੱਗ ਪਿਆ, ਰਿਸ਼ਤਿਆਂ ਨੂੰ ਵੀ ਜਮਾਂ ਤੇ ਮਨਫੀ ਕਰ ਕੇ ਵੇਖਣ ਲੱਗ ਪਿਆ, ਨਫਾ ਨੁਕਸਾਨ ਵੇਖਣ ਲੱਗ ਪਿਆ, ਜਿਸ ਕਾਰਨ ਰਿਸ਼ਤਿਆਂ ਵਿੱਚ ਆਪਸੀ ਪਿਆਰ, ਵਫਾਦਾਰੀ, ਸਚਾਈ, ਰਿਸ਼ਤਿਆਂ ਦਾ ਨਿੱਘ ਖ਼ਤਮ ਹੋ ਗਿਆ ਹੈ, ਤੇ ਹਰ ਬੰਦੇ ਦੇ ਅੰਦਰ ਇੱਕ ਖਲਾਅ ਭਰ ਗਿਆ ਹੈ।ਰਿਸ਼ਤਿਆਂ ਵਿੱਚ ਬੇਈਮਾਨੀ, ਚੁਸਤ ਚਲਾਕੀਆਂ ਦੀ ਪ੍ਰਵਿਰਤੀ ਨੇ ਮਾਨਵੀ ਰਿਸ਼ਤਿਆਂ ਵਿੱਚ ਅਪਰਾਧੀਕਰਣ ਨੂੰ ਜਨਮ ਦਿੱਤਾ। ਇਸੇ ਕਾਰਨ ਅਜੋਕੇ ਸਮੇਂ ਇਕੱਲਤਾ ਦਾ ਦਰਦ ਹੰਢਾਉਂਦਾ ਮਨੁੱਖ ਆਪਣੇ ਆਲੇ-ਦੁਆਲੇ ਰਿਸ਼ਤਿਆਂ ਦੀ ਭੀੜ ਵਿੱਚ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ।ਉਸ ਦੇ ਆਸ-ਪਾਸ ਕੋਈ ਉਸ ਦੇ ਅਹਿਸਾਸ ਸੁਣਨ ਵਾਲਾ ਨਹੀਂ ਹੈ, ਜਿਸ ਕਾਰਨ ਉਹ ਡਿਪ੍ਰੈਸ਼ਨ, ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਿਹਾ ਏ ਅਤੇ ਕਿਤੇ ਨਾ ਕਿਤੇ ਸ਼ਾਇਦ ਇਸੇ ਕਾਰਨ ਉਹ ਅਪਰਾਧੀ ਪ੍ਰਵਿਰਤੀ ਦਾ ਧਾਰਨੀ ਬਣ ਰਿਹਾ ਏ। 

ਇਹਨਾਂ ਪੁਸਤਕਾਂ ਤੋਂ ਇਲਾਵਾ ‘ਕਸ਼ਮਕਸ਼’, ‘ਸੁਰਜੀਤ ਕਤਲ ਕਾਂਡ ਅਤੇ ਹੋਰ ਕਹਾਣੀਆਂ’, ‘ਜ਼ਿੰਦਗੀ ਦਾ ਰੁਦਨ’, ‘ਸੁੱਤੀ ਗਲੀ ਦਾ ਸ਼ੋਰ’, ‘ਚੁੱਪ ਦੀ ਆਵਾਜ਼’, ‘ਢਾਈ ਦਹਾਕੇ’, ‘ਮੇਰੀ ਧਰਤੀ ਮੇਰਾ ਅੰਬਰ’, “ਸ਼ਬਦ ਸ਼ਬਦ ਪਰਵਾਜ਼” ਆਦਿ ਸੰਪਾਦਿਤ ਕਹਾਣੀ ਸੰਗ੍ਰਹਿ ਵਿੱਚ ਵੀ ਉਸਦੀਆਂ ਕਹਾਣੀਆਂ ਛਪੀਆਂ ਹਨ।

 

ਉਨ੍ਹਾਂ ਦੇ ਦਸਣ ਮੁਤਾਬਕ ਉਨ੍ਹਾਂ ਦੀ ਮਾਤਾ ਨੇ ਸਾਹਿਤ ,ਧਰਮ ਵਿਦਾ ਨਾਲ ਜੋੜਿਆ ਜੋ ਕਿ ਆਪ ਅਧਿਆਪਕ ਸਨ। ਉਹ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸਨ। ਉਨ੍ਹਾਂ ਦੀ ਆਪ ਸਾਹਿਤ ਪੜ੍ਹਨ ,ਲਿਖਣ ਵਿੱਚ ਬਹੁਤ ਰੁਚੀ ਰਖਦੇ ਸਨ ਅਤੇ ਵੱਖ ਵੱਖ ਵਿਸ਼ਿਆਂ ਤੇ ਉਨ੍ਹਾਂ ਦੇ ਲੇਖ ਅਖਬਾਰਾਂ, ਪੰਜਾਬੀ ਮੈਗਜ਼ੀਨਾਂ ਅਤੇ ਸੰਪਾਦਿਤ ਪੁਸਤਕਾਂ ਵਿੱਚ ਛੱਪਦੇ ਰਹਿੰਦੇ ਸਨ।ਲੇਖਿਕਾ ਅਨੁਸਾਰ ਉਸਨੇ ਸੱਤ ਸਾਲ ਦੀ ਉਮਰ ਵਿੱਚ ਬਹੁਤ ਸਾਰੀਆਂ ਬਾਣੀਆਂ ਕੰਠ ਕਰ ਲਈਆਂ ਸਨ। ਉਸਨੇ ਗੁਰੂ ਗਰੰਥ ਸਾਹਿਬ ਦੇ ਫਲਸਫੇ ਆਪਣੇ ਜੀਵਨ ਦਾ ਮਾਰਗ ਬਣਾਇਆ ਹੋਇਆ ਹੈ। ਸਿਮਰਜੀਤ ਦੇ ਪਿਤਾ ਜੀ ਵੀ ਸਕੂਲ ਵਿੱਚ ਅਧਿਆਪਕ ਸਨ, ਉਹ ਵੀ ਸੀਨੀਅਰ ਸੈਕੰਡਰੀ ਸਕੂਲ, ਫ਼ਕਰਸਰ ਤੋਂ ਪ੍ਰਿੰਸੀਪਲ ਰਿਟਾਇਰ ਹੋਏ। ਮਾਪਿਆਂ ਦੇ ਸਿੱਖਿਆ ਦੇ ਖੇਤਰ ਵਿੱਚ ਹੋਣ ਕਰ ਕੇ ਘਰ ਵਿੱਚ ਪੜ੍ਹਨ ਦਾ ਮਾਹੌਲ ਸੀ। ਸਿਮਰਨਜੀਤ ਦਾ ਕਹਿਣਾ ਹੈ ਕਿ ਸਾਡੇ ਘਰ ਵਿੱਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਵੀ ਸੀ, ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਬਹੁਤ ਕਿਤਾਬਾਂ ਸਨ। ਲੇਖਕਾ ਦੇ ਦਸਣ ਮੁਤਾਬਕ ਉਸਨੇ ਛੋਟੀ ਉਮਰੇ ਹੀ ਨਾਨਕ ਸਿੰਘ, ਜਸਵੰਤ ਕੰਵਲ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਸੁਰਜੀਤ ਪਾਤਰ,ਪਾਸ਼,ਸ਼ਿਵ ਕੁਮਾਰ ਬਟਾਲਵੀ ਆਦਿ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਲਈਆਂ ਸਨ।   

ਡਾਕਟਰ ਸਿਮਰਜੀਤ ਕੌਰ ਅਨੁਸਾਰ ਲੇਖਕਾ ਅਨੁਸਾਰ ਸਾਹਿਤ ਅਤੇ ਜੀਵਨ ਦਾ ਬਹੁਤ ਗਹਿਰਾ ਸੰਬੰਧ ਹੈ। ਸਮਾਜ ਵਿੱਚ ਆਰਥਿਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਘਟਨਾਵਾਂ ਜਦ ਮਨੁੱਖੀ ਭਾਵਨਾਵਾਂ ਨਾਲ ਟਕਰਾਉਂਦੀਆਂ ਹਨ ਤਾਂ ਇਸ ਦੀ ਪ੍ਰਤੀਕ੍ਰਿਆ ਵਜੋਂ ਸਾਹਿਤ ਦੀ ਸਿਰਜਨਾ ਹੁੰਦੀ ਹੈ। ਲੇਖਕਾ ਦਸਦੀ ਹੈ ਕਿ ਲੇਖਕ ਸਮਾਜ ਦੇ ਯਥਾਰਥ ਵਿੱਚ ਕਾਲਪਨਿਕ ਅੰਸ਼ ਮਿਲਾ ਕੇ ਸਦੀਵੀ ਸੱਚ ਦੀ ਪੇਸ਼ਕਾਰੀ ਕਰਦਾ ਹੈ।ਜਿਸ ਤਰ੍ਹਾਂ ਜਦ ਕਿਸਾਨੀ ਅੰਦੋਲਨ ਚੱਲਿਆ ਤਾਂ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਘਟਨਾਵਾਂ ਤੇ ਕਿੰਨਾ ਗੁਣਾਤਮਕ ਸਾਹਿਤ ਲਿਖਿਆ ਗਿਆ, ਜੋ ਆਉਣ ਵਾਲੀਆਂ ਸਦੀਆਂ ਤੱਕ ਉਸ ਸਮੇਂ ਦੇ ਹਾਲਾਤਾਂ ਦੀ ਬਿਆਨੀ ਕਰਦਾ ਰਹੇਗਾ। 

ਡਾਕਟਰ ਸਿਮਰਜੀਤ ਕੌਰ ਚਿੰਤਤ ਹਨ ਕਿ ਸੋਸ਼ਲ ਮੀਡੀਆ ਦੇ ਬਹੁਤ ਤੇਜੀ ਨਾਲ ਪਸਾਰੇ ਨੇ ਪਾਠਕਾਂ ਦੀ ਰੁਚੀ ਕਿਤਾਬਾਂ ਪੜ੍ਹਨ ਵਿੱਚ ਘਟਾ ਦਿੱਤੀ ਹੈ। ਅੱਜ ਬਹੁਗਿਣਤੀ ਆਪਣਾ ਬਹੁਤ ਕੀਮਤੀ ਸਮਾਂ ਯੂਟਿਊਬ, ਫੇਸਬੁੱਕ, ਇੰਸਟਾਗਰਾਮ ਆਦਿ ਸੋਸ਼ਲ ਮੀਡੀਆ ਤੇ ਬਿਤਾਉਂਦੀ ਹੈ।ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੁੰਦਾ ਕਿ ਉਨ੍ਹਾਂ ਨੇ ਆਪਣਾ ਕਿੰਨਾ ਸਮਾਂ ਇੱਥੇ ਬਰਬਾਦ ਕਰ ਦਿੱਤਾ। ਸਾਡੀ ਯੁਵਾ ਪੀੜ੍ਹੀ ਨੂੰ ਸੁਚੇਤ ਹੋ ਕੇ ਤਕਨਾਲੌਜੀ ਦੀ ਸੁਯੋਗ ਵਰਤੋਂ ਕਰਨ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਅਜੋਕਾ ਯੁੱਗ ਕੰਪਿਊਟਰ ਤੇ ਤਕਨਾਲੌਜੀ ਦਾ ਯੁੱਗ ਹੈ।ਇਸ ਨੇ ਬੱਚਿਆਂ ਦੇ ਹੱਥਾਂ ਵਿੱਚੋਂ ਕਿਤਾਬਾਂ ਖੋਹ ਕੇ ਮੋਬਾਈਲ ਦੀ ਸਕਰੀਨ ਫੜਾ ਦਿੱਤੀ, ਪਰ ਇੱਕ ਹੱਥ ਵਿੱਚ ਜੇ ਮੋਬਾਈਲ ਹੈ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੂਜੇ ਹੱਥ ਵਿੱਚ ਅਸੀਂ ਕਿਤਾਬਾਂ ਵੀ ਫੜਾ ਸਕੀਏ, ਕਿਉਂਕਿ ਜੇ ਮੋਬਾਈਲ ਗਿਆਨ ਦਾ ਸੋਮਾ ਹੈ, ਸਾਨੂੰ ਸਮੇਂ ਦਾ ਹਾਣੀ ਬਣਾਉਂਦਾ ਹੈ ਤਾਂ ਕਿਤਾਬਾਂ ਵੀ ਗਿਆਨ ਦਾ ਦੁਰਲੱਭ ਭੰਡਾਰ ਹਨ।ਸਾਨੂੰ ਵਿਦਿਆਰਥੀਆਂ ਦਾ ਕਿਤਾਬਾਂ ਦੇ ਨਾਲ ਵੀ ਰਿਸ਼ਤਾ ਜੋੜਣਾ ਪਵੇਗਾ। ਇਸ ਲਈ ਅਧਿਆਪਕ ਤੇ ਮਾਪੇ ਦੋਵੇਂ ਧਿਰਾਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ।

 

 

Leave a Reply

Your email address will not be published. Required fields are marked *